ਸਕੂਲ ਕੋਲ ਸਫਾਈ ਨਹੀਂ, 13 ਸਾਲਾ ਬੱਚੀ ਹਾਈ ਕੋਰਟ ਜਾ ਪਹੁੰਚੀ


ਨਵੀਂ ਦਿੱਲੀ, 14 ਨਵੰਬਰ (ਪੋਸਟ ਬਿਊਰੋ)- ਇੱਕ 13 ਸਾਲਾ ਬੱਚੀ ਨੇ ਦਿੱਲੀ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਬੇਨਤੀ ਕੀਤੀ ਹੈ ਕਿ ਦੱਖਣੀ ਦਿੱਲੀ ਵਿੱਚ ਉਸਦੇ ਸਰਕਾਰੀ ਸਕੂਲ ਦੇ ਕੋਲ ਸਾਫ ਸਫਾਈ ਨਾ ਹੋਣ ਅਤੇ ਤਾਲਾਬ ਵਿੱਚ ਸੀਵਰ ਦਾ ਪਾਣੀ ਜਮ੍ਹਾ ਹੋਣ ਤੋਂ ਰੋਕਣ ਤੇ ਉਥੋਂ ਕਚਰਾ ਹਟਾਉਣ ਲਈ ਨਗਰ ਨਿਗਮ ਨੂੰ ਹੁਕਮ ਦਿੱਤਾ ਜਾਵੇ।
ਵਿਦਿਆਰਥੀਆਂ, ਸਕੂਲ ਦੇ ਕਰਮਚਾਰੀਆਂ ਤੇ ਆਇਆ ਨਗਰ ਦੇ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਪੇਸ਼ ਕਰਦੇ ਹੋਏ ਲੜਕੀ ਨੇ ਆਪਣੀ ਪਟੀਸ਼ਨ ਵਿੱਚ ਕਾਰਜਕਾਰੀ ਚੀਫ ਜਸਟਿਸ ਗੀਤਾ ਮਿੱਤਲ ਦੀ ਅਗਵਾਈ ਵਾਲੀ ਬੈਂਚ ਨੂੰ ਹੁਕਮ ਦੇਣ ਦੀ ਬੇਨਤੀ ਕੀਤੀ ਹੈ। ਬੱਚੀ ਅਤੇ ਆਸ ਪਾਸ ਦੇ ਹੋਰ ਲੋਕਾਂ ਦੀ ਸਿਹਤ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਕਾਰਜਕਾਰੀ ਚੀਫ ਜਸਟਿਸ ਗੀਤਾ ਮਿੱਤਲ ਤੇ ਜਸਟਿਸ ਸੀ ਹਰੀਸ਼ੰਕਰ ਦੀ ਬੈਂਚ ਨੇ ਇਸ ਖੇਤਰ ਦਾ ਤੁਰੰਤ ਨਿਰੀਖਣ ਕਰਾਉਣ ਦਾ ਹੁਕਮ ਦੇ ਦਿੱਤਾ। ਬੈਂਚ ਨੇ ਦਿੱਲੀ ਸਰਕਾਰ, ਦੱਖਣੀ ਦਿੱਲੀ ਨਗਰ ਨਿਗਮ ਅਤੇ ਦਿੱਲੀ ਜਲ ਬੋਰਡ ਨੂੰ ਸਥਿਤੀ ਰਿਪੋਰਟ ਦੇਣ ਦਾ ਵੀ ਹੁਕਮ ਦਿੱਤਾ ਹੈ। ਬੈਂਚ ਨੇ ਸੰਬੰਧਤ ਅਧਿਕਾਰੀਆਂ ਤੇ ਪਟੀਸ਼ਨਕਰਤਾ ਦੇ ਵਕੀਲ ਨੂੰ ਸਰਵੋਦੇ ਸਕੂਲ, ਆਇਆ ਨਗਰ ਦੇ ਪ੍ਰਿੰਸੀਪਲ ਨੂੰ ਮਿਲਣ ਅਤੇ ਸਕੂਲ ਦੇ ਕੋਲ ਤਾਲਾਬ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਇਸ ਮਾਮਲੇ ਵਿੱਚ ਹੁਣ ਅਗਲੇ ਸਾਲ ਸੱਤ ਫਰਵਰੀ ਨੂੰ ਸੁਣਵਾਈ ਕਰੇਗੀ।