ਸਕੂਲਾਂ ਵਿੱਚ ਨਹੀਂ ਹੋਵੇਗਾ ਲਾਗੂ ਸੈਕਸ ਸਿਲੇਬਸ ਪੜਾਇਆ ਜਾਵੇਗਾ ਪੁਰਾਣਾ ਸਿਲੇਬਸ


ਟੋਰਾਂਟੋ, 11 ਜੁਲਾਈ (ਪੋਸਟ ਬਿਊਰੋ) : ਪਿਛਲੀ ਲਿਬਰਲ ਸਰਕਾਰ ਵੱਲੋਂ ਸੈਕਸ ਐਜੂਕੇਸ਼ਨ ਲਈ ਲਿਆਂਦੇ ਗਏ ਨਵੇਂ ਪਾਠਕ੍ਰਮ ਨੂੰ ਰੱਦ ਕਰਦਿਆਂ ਹੋਇਆਂ ਨਵੀਂ ਪ੍ਰੋਵਿੰਸ਼ੀਅਲ ਸਰਕਾਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਓਨਟਾਰੀਓ ਦੇ ਸਕੂਲਾਂ ਵਿੱਚ ਉਹੀ ਸੈਕਸ ਐਜੂਕੇਸ਼ਨ ਦਿੱਤੀ ਜਾਵੇਗੀ ਜਿਹੜੀ 1990ਵਿਆਂ ਵਿੱਚ ਦਿੱਤੀ ਜਾਂਦੀ ਸੀ। ਇਸ ਤੋਂ ਭਾਵ ਕਿ ਇਸ ਸਬੰਧ ਵਿੱਚ ਪੁਰਾਣਾ ਸਿਲੇਬਸ ਹੀ ਲਾਗੂ ਕੀਤਾ ਜਾਵੇਗਾ।
ਗਰਮੀਆਂ ਦੀਆਂ ਛੁੱਟੀਆਂ ਹੋਇਆਂ ਨੂੰ ਅਜੇ ਇੱਕ ਹਫਤਾ ਹੋਇਆ ਹੈ ਤੇ ਅਜਿਹੇ ਵਿੱਚ ਸਿੱਖਿਆ ਮੰਤਰੀ ਲੀਜ਼ਾ ਥਾਂਪਸਨ ਨੇ ਆਖਿਆ ਕਿ ਉਨ੍ਹਾਂ ਦੇ ਮੰਤਰਾਲੇ ਦਾ ਅਮਲਾ ਸਕੂਲ ਬੋਰਡਜ਼ ਨੂੰ ਆਪਣੇ ਇਸ ਫੈਸਲੇ ਬਾਰੇ ਦੱਸਣ ਲਈ ਕੰਮ ਕਰ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਉਹੀ ਪਾਠਕ੍ਰਮ ਪੜ੍ਹਾਇਆ ਜਾਵੇ ਜਿਹੜਾ 2015 ਤੋਂ ਪਹਿਲਾਂ ਮੌਜੂਦ ਸੀ।
ਇੱਥੇ ਦੱਸਣਾ ਬਣਦਾ ਹੈ ਕਿ ਸੈਕਸ ਐਜੂਕੇਸ਼ਨ ਸਬੰਧੀ ਨਵੇਂ ਪਾਠਕ੍ਰਮ ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ। ਜਦੋਂ ਤਿੰਨ ਸਾਲ ਪਹਿਲਾਂ ਲਿਬਰਲ ਸਰਕਾਰ ਨੇ ਇਹ ਨਵਾਂ ਪਾਠਕ੍ਰਮ ਪੇਸ਼ ਕੀਤਾ ਸੀ ਤਾਂ ਖਾਸ ਤੌਰ ਉੱਤੇ ਸੋਸ਼ਲ ਕੰਜ਼ਰਵੇਟਿਵਜ਼ ਨੂੰ ਇਸ ਉੱਤੇ ਕਾਫੀ ਇਤਰਾਜ਼ ਹੋਇਆ ਸੀ। 1998 ਤੋਂ ਬਾਅਦ ਪਹਿਲੀ ਵਾਰੀ ਉਦੋਂ ਹੀ ਇਸ ਪਾਠਕ੍ਰਮ ਨੂੰ ਅਪਡੇਟ ਕੀਤਾ ਗਿਆ ਸੀ। ਇਸ ਵਿੱਚ ਬੁਲਿੰਗ ਤੇ ਸੈਕਸਟਿੰਗ ਦੇ ਸਬੰਧ ਵਿੱਚ ਵੀ ਚੇਤਾਵਨੀਆਂ ਸਨ, ਜੋ ਕਿ ਉਸ ਦੇ ਪਿਛਲੇ ਸੰਸਕਰਣ ਵਿੱਚ ਨਹੀਂ ਸਨ। ਪਰ ਇਸ ਦੇ ਕਈ ਹਿੱਸਿਆਂ ਨੂੰ ਲੈ ਕੇ ਲੋਕਾਂ ਵੱਲੋਂ ਰੋਸ ਵੀ ਪ੍ਰਗਟਾਇਆ ਗਿਆ ਸੀ।ਇੱਕ ਗਰੁੱਪ ਨੇ ਉਸ ਪਾਠਕ੍ਰਮ ਦੇ ਹੱਕ ਵਿੱਚ ਬੁੱਧਵਾਰ ਨੂੰ ਵਿਧਾਨਸਭਾ ਦੇ ਬਾਹਰ ਤਿੰਨ ਮੀਟਰ ਲੰਮਾਂ ਸਾਈਨ ਵੀ ਲਾਇਆ।
ਓਨਟਾਰੀਓ ਦੀਆਂ ਦੋ ਸੱਭ ਤੋਂ ਵੱਡੀਆਂ ਟੀਚਰਜ਼ ਯੂਨੀਅਨਜ਼ ਨੇ ਆਖਿਆ ਕਿ ਉਹ ਇਸ ਫੈਸਲੇ ਦਾ ਵਿਰੋਧ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਠਕ੍ਰਮ ਨੂੰ ਅਪਡੇਟ ਕਰਨ ਤੋਂ ਪਹਿਲਾਂ ਮਾਪਿਆਂ ਤੇ ਐਜੂਕੇਟਰਜ਼ ਨਾਲ ਚੰਗੀ ਤਰ੍ਹਾਂ ਵਿਚਾਰ ਵਟਾਂਦਰਾ ਕੀਤਾ ਗਿਆ ਸੀ।