ਸਕਿਓਰਟੀ ਕੰਪਨੀ ਦੇ ਕਾਰਿੰਦਿਆਂ ਨੇ ਏ ਟੀ ਐਮਜ਼ ਤੋਂ 50 ਲੱਖ ਉਡਾ ਲਏ

security company
ਲੁਧਿਆਣਾ, 4 ਅਗਸਤ (ਪੋਸਟ ਬਿਊਰੋ)- ਇਸ ਮਹਾਨਗਰ ਦੇ ਕਈ ਏ ਟੀ ਐਮਜ਼ ਵਿੱਚ ਇਕ ਸਕਿਓਰਿਟੀ ਕੰਪਨੀ ਦੇ ਕਾਰਿੰਦਿਆਂ ਨੇ 50 ਲੱਖ ਦੀ ਨਕਦੀ ‘ਤੇ ਹੱਥ ਸਾਫ ਕਰ ਦਿੱਤਾ। ਏਨੀ ਵੱਡੀ ਰਾਸ਼ੀ ਦੀ ਪੁਸ਼ਟੀ ਕਿਸੇ ਅਧਿਕਾਰੀ ਨੇ ਭਾਵੇਂ ਨਹੀਂ ਕੀਤੀ, ਪਰ ਵੱਡੀ ਰਕਮ ਹੋਣ ਕਾਰਨ ਜਾਂਚ ਲਈ ਏ ਸੀ ਪੀ ਗੁਰਪ੍ਰੀਤ ਸਿੰਘ ਨੂੰ ਕਿਹਾ ਗਿਆ ਹੈ। ਕੈਸ਼ ਸਕਿਓਰਿਟੀ ਕੰਪਨੀ ਨੇ ਵੀ ਇਸ ਦੀ ਸ਼ਿਕਾਇਤ ਅਧਿਕਾਰੀਆਂ ਨੂੰ ਦਿੱਤੀ ਹੈ।
ਭਾਮੀਆਂ ਰੋਡ ਦੇ ਇਕ ਬੈਂਕ ‘ਚ ਸ਼ਾਮ ਨੂੰ ਸਕਿਓਰਿਟੀ ਕੰਪਨੀ ਤੋਂ ਕਾਰਿੰਦੇ ਪ੍ਰਾਈਵੇਟ ਕਾਰ ਵਿੱਚ ਏ ਟੀ ਐਮ ਵਿੱਚ ਪੈਸੇ ਪਾਉਣ ਆਏ ਸਨ, ਜਿਨ੍ਹਾਂ ਨੇ ਸਕਿਓਰਿਟੀ ਗਾਰਡ ਨੂੰ ਕਿਹਾ ਕਿ ਉਨ੍ਹਾਂ ਨੇ ਮਸ਼ੀਨ ‘ਚ ਪੈਸੇ ਭਰਨੇ ਹਨ, ਇਸ ਲਈ ਸ਼ਾਟਰ ਸੁੱਟ ਦੇਣ ਅਤੇ ਗਾਰਡ ਨੇ ਸ਼ਟਰ ਸੁੱਟ ਦਿੱਤਾ। ਕੁਝ ਦੇਰ ਬਾਅਦ ਉਕਤ ਕਾਰਿੰਦੇ ਉਥੋਂ ਚਲੇ ਗਏ। ਜਾਣਕਾਰੀ ਮਿਲੀ ਹੈ ਕਿ ਇਸੇ ਦੌਰਾਨ ਏ ਟੀ ਐਮ ਮਸ਼ੀਨ ਉੱਤੇ ਇਕ ਵਿਅਕਤੀ ਪੈਸੇ ਕਢਵਾਉਣ ਆਇਆ ਸੀ, ਉਹ ਅੰਦਰ ਗਿਆ ਅਤੇ ਤੁਰੰਤ ਬਾਹਰ ਆ ਗਿਆ। ਉਸ ਨੇ ਸਕਿਓਰਿਟੀ ਗਾਰਡ ਨੂੰ ਕਿਹਾ ਕਿ ਮਸ਼ੀਨ ਵਿੱਚ ਪੈਸੇ ਨਹੀਂ ਹਨ, ਪਰ ਗਾਰਡ ਨੇ ਕਿਹਾ ਕਿ ਹੁਣੇ ਤਾਂ ਮਸ਼ੀਨ ‘ਚ ਪੈਸੇ ਪਾਏ ਹਨ। ਉਸ ਨੇ ਤੁਰੰਤ ਬੈਂਕ ਅਧਿਕਾਰੀਆਂ ਨੂੰ ਸੂਚਿਤ ਕੀਤਾ। ਬੈਂਕ ਦੀ ਇਸ ਸ਼ਿਕਾਇਤ ਥਾਣਾ ਜਮਾਲਪੁਰ ਪੁਲਸ ਨੂੰ ਕੀਤੀ। ਪੁਲਸ ਨੇ ਜਾਂਚ ਕਰ ਕੇ ਸਕਿਓਰਿਟੀ ਕੰਪਨੀ ਨਾਲ ਗੱਲ ਕੀਤੀ, ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਹੀ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ। ਭਾਮੀਆਂ ਰੋਡ ਬੈਂਕ ਤੋਂ 17 ਲੱਖ ਰੁਪਏ ਉਡਾਏ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਬੈਂਕ ਏ ਟੀ ਐਮਜ਼ ਤੋਂ ਕੁੱਲ 50 ਲੱਖ ਦੀ ਨਕਦੀ ਉਡਾਈ ਗਈ ਹੈ।