ਸ਼ੱਕੀ ਹਾਲਤ ਵਿੱਚ ਗਾਇਬ ਹੋਏ ਸਵਾਮੀ ਕ੍ਰਿਸ਼ਨਾਨੰਦ 10 ਮਹੀਨੇ ਪਿੱਛੋਂ ਮੁੜ ਆਏ

swami krishnanad
ਗੜ੍ਹਸ਼ੰਕਰ, 13 ਅਪ੍ਰੈਲ (ਪੋਸਟ ਬਿਊਰੋ)- ਗਊ ਰੱਖਿਆ ਕਮੇਟੀ ਦੇ ਕੌਮੀ ਪ੍ਰਧਾਨ ਅਤੇ ਵਰਿੰਦਾਵਨ ਵਾਲੀ ਕੁਟੀਆ ਬੀਨੇਵਾਲ ਦਾ ਗੱਦੀ ਨਸ਼ੀਨ ਸਵਾਮੀ ਕ੍ਰਿਸ਼ਨਾ ਨੰਦ ਸ਼ੱਕੀ ਹਾਲਤ ਵਿੱਚ ਲਾਪਤਾ ਹੋਣ ਤੋਂ ਦਸ ਮਹੀਨੇ ਬਾਅਦ ਕੱਲ੍ਹ ਦੇਰ ਰਾਤ ਬੀਨੇਵਾਲ ਪਹੁੰਚ ਗਿਆ। ਉਸ ਦੀ ਆਮਦ ਉੱਤੇ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ।
ਵਰਨਣ ਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇੱਕ ਆਈ ਜੀ ਦੀ ਅਗਵਾਈ ਵਿੱਚ ਬਣਾਈ ਤਿੰਨ ਐੱਸ ਐੱਸ ਪੀਜ਼, ਦੋ ਡੀ ਐੱਸ ਪੀਜ਼ ਦੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਸਾਢੇ ਦਸ ਮਹੀਨੇ ਵਿੱਚ ਵੀ ਸਵਾਮੀ ਕ੍ਰਿਸ਼ਨਾਨੰਦ ਨੂੰ ਲੱਭਣ ਵਿੱਚ ਨਾਕਾਮ ਰਹੀ। ਹੁਣ ਸਵਾਮੀ ਕੁਟੀਆ ਵਿੱਚ ਹਨ ਤੇ ਪਹਿਲਾਂ ਵਾਂਗ ਗਊਸ਼ਾਲਾਵਾਂ ਚਲਾਉਣਗੇ। ਸਵਾਮੀ ਦੇ ਲਾਪਤਾ ਹੋਣ ਦੇ ਬਾਅਦ ਤਲਾਸ਼ ਵਿੱਚ ਲੱਗੇ ਪੁਲਸ ਪ੍ਰਸ਼ਾਸਨ ਅਤੇ ਭਗਤ ਪ੍ਰੇਸ਼ਾਨ ਸਨ। ਇਸ ਦੇ ਬਾਅਦ ਸਵਾਮੀ ਦਾ ਇੱਕ ਪੱਤਰ ਕੁਟੀਆ ਪਹੁੰਚਿਆ ਸੀ ਅਤੇ ਅਣਪਛਾਤੀ ਜਗ੍ਹਾ ਤੋਂ ਐੱਸ ਐੱਸ ਪੀ ਦੇ ਨਾਂਅ ਲਿਖੇ ਇਸ ਪੱਤਰ ਵਿੱਚ ਪੁਲਸ, ਪ੍ਰਸ਼ਾਸਨ ਤੇ ਲੋਕਾਂ ਨੂੰ ਉਨ੍ਹਾਂ ਦੇ ਅਚਾਨਕ ਚਲੇ ਜਾਣ ‘ਤੇ ਹੋਈ ਪ੍ਰੇਸ਼ਾਨੀ ਦਾ ਅਫਸੋਸ ਪ੍ਰਗਟ ਕਰਨ ਪਿੱਛੋਂ ਕੁਝ ਦਿਨਾਂ ਬਾਅਦ ਸਵਾਮੀ ਨੂੰ ਉਨ੍ਹਾਂ ਦੇ ਇੱਕ ਭਗਤ ਨੇ ਉਤਰਾਖੰਡ ਦੇ ਚਿਤਰਕੂਟ ਵਿੱਚ ਦੇਖ ਕੇ ਕੁਟੀਆ ਵਿੱਚ ਸੂਚਨਾ ਦਿੱਤੀ ਸੀ। ਕਾਫੀ ਸ਼ਰਧਾਲੂ ਉਨ੍ਹਾਂ ਨੂੰ ਮਿਲਣ ਉਥੇ ਗਏ। ਸਵਾਮੀ ਨੇ ਉਨ੍ਹਾਂ ਨੂੰ ਕਿਹਾ ਕਿ ਮੈਂ ਇਕੱਲੇ ਰਹਿ ਕੇ ਭਗਤੀ ਕਰਨ ਦਾ ਇੱਕ ਸਾਲ ਦਾ ਸੰਕਲਪ ਲਿਆ ਹੈ, ਫਿਰ ਬੀਨੇਵਾਲ ਕੁਟੀਆ ਵਿੱਚ ਆਵਾਂਗਾ। ਫਿਰ ਸੂਚਨਾ ਸੀ ਕਿ ਸਵਾਮੀ 14 ਅਪ੍ਰੈਲ ਨੂੰ ਕੁਟੀਆ ਪਹੁੰਚ ਰਹੇ ਹਨ, ਪਰ ਉਹ 11 ਅਪ੍ਰੈਲ ਦੀ ਰਾਤ ਅਚਾਨਕ ਕੁਟੀਆ ਪਹੁੰਚ ਗਏ।