ਸ਼ਿਵ ਸੈਨਾ ਤੇ ਜਨਤਾ ਦਲ (ਯੂ) ਨੇ ਸਾਥ ਛੱਡ ਦਿੱਤਾ ਤਾਂ ਭਾਜਪਾ ਦੀਆਂ ਮੁਸ਼ਕਲਾਂ ਵਧਣਗੀਆਂ


ਨਵੀਂ ਦਿੱਲੀ, 11 ਜੂਨ (ਪੋਸਟ ਬਿਊਰੋ)- ਸ਼ਿਵ ਸੈਨਾ ਅਤੇ ਜਨਤਾ ਦਲ (ਯੂ) ਦੇ ਮੌਜੂਦਾ ਤੇਵਰਾਂ ਨੂੰ ਦੇਖਦੇ ਹੋਏ ਜੇ ਉਹ ਦੋਵੇਂ ਭਾਜਪਾ ਵਿਰੁੱਧ ਹੋਰਨਾਂ ਪਾਰਟੀਆਂ ਨਾਲ ਖੜ੍ਹੇ ਹੋ ਜਾਣ ਤਾਂ ਭਾਜਪਾ ਨੂੰ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਲਈ ਭਾਈਵਾਲ ਲੱਭਣ ਅਤੇ ਕੇਂਦਰੀ ਸਰਕਾਰ ਬਣਾਉਣ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ 282 ਸੀਟਾਂ ਨਾਲ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ, ਪਰ ਉਸ ਨੇ ਸਹਿਯੋਗੀ ਪਾਰਟੀਆਂ ਨੂੰ ਨਾਲ ਲੈ ਕੇ ਕੇਂਦਰ ਵਿੱਚ ਕੌਮੀ ਜਮਹੂਰੀ ਗਠਜੋੜ (ਐਨ ਡੀ ਏ) ਦੀ ਸਰਕਾਰ ਬਣਾਈ ਸੀ। ਉਸ ਸਮੇਂ 18 ਸੀਟਾਂ ਨਾਲ ਸ਼ਿਵ ਸੈਨਾ ਅਤੇ 15 ਸੀਟਾਂ ਦੇ ਨਾਲ ਤੇਲਗੂਦੇਸ਼ਮ ਪਾਰਟੀ ਉਸ ਦੀਆਂ ਦੋ ਵੱਡੀਆਂ ਸਹਿਯੋਗੀ ਪਾਰਟੀਆਂ ਸਨ। ਇਨ੍ਹਾਂ ‘ਚੋਂ ਤੇਲਗੂ ਦੇਸਮ ਨੇ ਭਾਜਪਾ ਨਾਲ ਨਾਤਾ ਤੋੜ ਲਿਆ ਹੈ, ਸ਼ਿਵ ਸੈਨਾ ਅਗਲੀਆਂ ਆਮ ਚੋਣਾਂ ਭਾਜਪਾ ਨਾਲੋਂ ਅਲੱਗ ਹੋ ਕੇ ਲੜਨ ਦੀ ਗੱਲ ਲਗਾਤਾਰ ਕਰ ਰਹੀ ਹੈ।
ਪਿਛਲੇ ਦਿਨੀਂ ਪਾਲਘਰ ਪਾਰਲੀਮੈਂਟਰੀ ਸੀਟ ਦੀ ਉਪ ਚੋਣ ਸਿ਼ਵ ਸੈਨਾ ਨੇ ਭਾਜਪਾ ਦੇ ਵਿਰੁੱਧ ਲੜੀ ਸੀ। ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਜਨਤਾ ਦਲ (ਯੂ) ਭਾਜਪਾ ਦੇ ਨਾਲ ਨਹੀਂ ਸੀ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬਾਅਦ ਵਿੱਚ ਭਾਜਪਾ ਨਾਲ ਹੱਥ ਮਿਲਾ ਕੇ ਸੂਬੇ ਵਿੱਚ ਸਾਂਝੀ ਸਰਕਾਰ ਬਣਾਈ ਅਤੇ ਅੱਜ ਕੱਲ੍ਹ ਉਨ੍ਹਾਂ ਦੀ ਪਾਰਟੀ ਐਨ ਡੀ ਏ ਗੱਠਜੋੜਾ ਦਾ ਹਿੱਸਾ ਹੈ। ਜਨਤਾ ਦਲ (ਯੂ) ਨੇ ਅਗਲੀਆਂ ਆਮ ਚੋਣਾਂ ਲਈ ਸੂਬੇ ਦੀਆਂ ਚਾਲੀ ਸੀਟਾਂ ਵਿਚੋਂ 25 ਉਸ ਨੂੰ ਦੇਣ ਦੀ ਮੰਗ ਕਰ ਕੇ ਭਜਾਪਾ ਲਈ ਮੁਸ਼ਕਲ ਪੈਦਾ ਕਰ ਦਿੱਤੀ ਹੈ। ਪਿਛਲੀਆਂ ਚੋਣਾਂ ‘ਚ ਭਾਜਪਾ ਨੇ ਸੂਬੇ ਦੀਆਂ 22 ਸੀਟਾਂ ਜਿੱਤੀਆਂ ਸਨ, ਜਦ ਕਿ ਉਸ ਦੀਆਂ ਸਹਿਯੋਗੀ ਪਾਰਟੀਆਂ ਲੋਕ ਜਨ ਸ਼ਕਤੀ ਪਾਰਟੀ ਨੂੰ ਛੇ ਅਤੇ ਆਰ ਐੱਲ ਐੱਸ ਪੀ ਨੂੰ ਤਿੰਨ ਸੀਟਾਂ ਮਿਲੀਆਂ ਸਨ। ਕੇਂਦਰ ਵਿੱਚ ਭਾਜਪਾ ਦਾ ਸਾਥ ਦੇ ਰਹੀਆਂ ਹੋਰ ਪ੍ਰਮੁੱਖ ਪਾਰਟੀਆਂ ਵਿਚੋਂ ਲੋਕ ਜਨ ਸ਼ਕਤੀ ਪਾਰਟੀ ਅਤੇ ਆਰ ਐੱਲ ਸੀ ਪੀ ਦੇ ਇਲਾਵਾ ਅਕਾਲੀ ਦਲ ਦੇ ਕੋਲ ਚਾਰ, ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੇ ਕੋਲ ਤਿੰਨ ਅਤੇ ਅਪਨਾ ਦਲ ਦੇ ਕੋਲ ਦੋ ਸੀਟਾਂ ਹਨ। ਸ਼ਿਵ ਸੈਨਾ ਤੇ ਜਨਤਾ ਦਲ (ਯੂ) ਦੇ ਅਲੱਗ ਹੋ ਜਾਣ ‘ਤੇ ਭਾਜਪਾ ਨੂੰ ਕੋਈ ਵੱਡੀ ਸਹਿਯੋਗੀ ਪਾਰਟੀ ਲੱਭਣੀ ਔਖੀ ਹੋਵੇਗੀ। ਜਿਨ੍ਹਾਂ 10 ਪ੍ਰਮੁੱਖ ਸੂਬਿਆਂ ਵਿੱਚ ਕਾਂਗਰਸ ਦਾ ਭਾਜਪਾ ਨਾਲ ਸਿੱਧਾ ਮੁਕਾਬਲਾ ਨਹੀਂ, ਉਥੇ ਮੌਜੂਦ ਹਾਲੇ ਅਜਿਹੀ ਕੋਈ ਪਾਰਟੀ ਨਜ਼ਰ ਨਹੀਂ ਆਉਂਦੀ, ਜਿਸ ਨਾਲ ਭਾਜਪਾ ਹੱਥ ਮਿਲਾ ਸਕੇ। ਇਨ੍ਹਾਂ ਸੂਬਿਆਂ ‘ਚ ਲੋਕ ਸਭਾ ਦੀਆਂ ਲਗਭਗ 350 ਸੀਟਾਂ ਹਨ ਤੇ ਇਥੇ ਭਾਜਪਾ ਦੇ ਖਰਾਬ ਪ੍ਰਦਰਸ਼ਨ ਉਸ ਦੇ ਲਈ ਅਗਲੇ ਸਾਲ ਸਰਕਾਰ ਬਣਾਉਣ ਵਿੱਚ ਮੁਸ਼ਕਲਾਂ ਪੈਦਾ ਕਰ ਸਕਦਾ ਹੈ।
ਪਿਛਲੀਆਂ ਚੋਣਾਂ ‘ਚ ਇਨ੍ਹਾਂ ਸੂਬਿਆਂ ਵਿੱਚ ਭਾਜਪਾ ਨੂੰ 140 ਤੋਂ ਵੱਧ ਸੀਟਾਂ ਮਿਲੀਆਂ ਸਨ, ਜੋ ਉਸ ਨੂੰ ਮਿਲੀਆਂ ਕੁੱਲ ਸੀਟਾਂ ਦਾ ਅੱਧਾ ਹਿੱਸਾ ਹੈ। ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਏਥੋਂ ਚਾਲੀ ਤੋਂ ਵੱਧ ਸੀਟਾਂ ਮਿਲੀਆਂ ਸਨ।