ਸ਼ਿਕਾਇਤ ਮਾਇਆਵਤੀ ਦੀ ਹੋਈ, ਖਾਤੇ ਸਾਰੇ ਪਾਰਟੀਆਂ ਦੇ ਪਰਖੇ ਜਾਣਗੇ

mayawati
ਨਵੀਂ ਦਿੱਲੀ, 15 ਅਪ੍ਰੈਲ (ਪੋਸਟ ਬਿਊਰੋ)- ਕੁਮਾਰੀ ਮਾਇਆਵਤੀ ਦੀ ਅਗਵਾਈ ਵਾਲੀ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਖਿਲਾਫ ਚੋਣ ਕਮਿਸ਼ਨ ਨੂੰ ਮਿਲੀ ਸ਼ਿਕਾਇਤ ਨੇ ਸਾਰੇ ਸਿਆਸੀ ਦਲਾਂ ਦੇ ਬੈਂਕ ਖਾਤੇ ਦੀ ਜਾਂਚ ਦਾ ਰਾਹ ਖੋਲ੍ਹ ਦਿੱਤਾ ਹੈ, ਜਿਨ੍ਹਾਂ ਨੇ ਨੋਟਬੰਦੀ ਪਿੱਛੋਂ ਪਾਰਟੀ ਖਾਤੇ ਵਿੱਚ ਵੱਡੀਆਂ ਰਕਮਾਂ ਜਮ੍ਹਾ ਕੀਤੀਆਂ ਹਨ।
ਚੋਣ ਕਮਿਸ਼ਨ ਵੱਲੋਂ ਰਾਜਸੀ ਦਲਾਂ ਨੂੰ 2014 ਵਿੱਚ ਪਾਰਦਰਸ਼ਿਤਾ ਦੇ ਲਈ ਲਾਗੂ ਕੀਤੀ ਗਾਈਡ ਲਾਈਨ ਦੇ ਮੁਤਾਬਕ ਕਿਸੇ ਪਾਰਟੀ ਨੂੰ ਜੇ ਕੈਸ਼ ਵਿੱਚ ਕੋਈ ਚੰਦਾ ਮਿਲਦਾ ਹੈ ਤਾਂ ਉਸ ਨੂੰ ਇੱਕ ਹਫਤੇ ਦੇ ਅੰਦਰ ਬੈਂਕ ਵਿੱਚ ਜਮ੍ਹਾ ਕਰਨਾ ਹੁੰਦਾ ਹੈ। ਪਿਛਲੇ ਸਾਲ ਅੱਠ ਨਵੰਬਰ 2016 ਨੂੰ ਨੋਟਬੰਦੀ ਲਾਗੂ ਹੋਣ ਪਿੱਛੋਂ ਕੁਝ ਪਾਰਟੀਆਂ ਨੇ ਆਪਣੇ ਖਾਤੇ ਵਿੱਚ ਕੈਸ਼ ਜਮ੍ਹਾ ਕਰਾਇਆ, ਜਿਹੜਾ ਨਿਯਮਾਂ ਮੁਤਾਬਕ ਉਨ੍ਹਾਂ ਨੂੰ ਫੰਡ ਮਿਲਣ ਦੇ ਇੱਕ ਹਫਤੇ ਵਿੱਚ ਜਮ੍ਹਾ ਕਰਾਉਣਾ ਬਣਦਾ ਸੀ। ਇਲਾਹਾਬਾਦ ਹਾਈ ਕੋਰਟ ਵਿੱਚ ਇਸ ਮੁੱਦੇ ਬਾਰੇ ਬਸਪਾ ਦੇ ਖਿਲਾਫ ਪਟੀਸ਼ਨ ਦਾਖਲ ਹੋਈ ਕਿ ਨੋਟਬੰਦੀ ਦੇ ਐਲਾਨ ਪਿੱਛੋਂ ਆਪਣੇ ਖਾਤਿਆਂ ਵਿੱਚ 100 ਕਰੋੜ ਰੁਪਏ ਕੈਸ਼ ਜਮ੍ਹਾ ਕਰਵਾਏ ਹਨ। ਚੋਣ ਕਮਿਸ਼ਨ ਨੇ ਇਸ ਲਈ ਨੋਟਿਸ ਜਾਰੀ ਕੀਤਾ ਸੀ ਤਾਂ ਬਸਪਾ ਨੇ ਸਵੀਕਾਰ ਕੀਤਾ ਕਿ ਕੈਸ਼ ਜਮ੍ਹਾ ਤਾਂ ਹੋਇਆ ਸੀ, ਪ੍ਰੰਤੂ ਉਨ੍ਹਾਂ ਦਾ ਦਾਅਵਾ ਸੀ ਕਿ ਸਭ ਕੁਝ ਕਾਨੂੰਨੀ ਤੌਰ ਉੱਤੇ ਕੀਤਾ ਗਿਆ। ਨਾਲ ਹੀ ਬਸਪਾ ਨੇ ਦੱਸ ਦਿੱਤਾ ਕਿ ਉਹ ਇਕੱਲੀ ਨਹੀਂ, ਹੋਰ ਦਲਾਂ ਨੇ ਵੀ ਇਸ ਤਰ੍ਹਾਂ ਰਕਮਾਂ ਜਮ੍ਹਾਂ ਕਰਵਾਈਆਂ ਹਨ। ਇਸ ਦੇ ਕਾਰਨ ਹੁਣ ਸਾਰੇ ਦਲਾਂ ਦੀ ਜਾਂਚ ਹੋਣ ਲੱਗੀ ਹੈ।