ਸ਼ਾਹਕੋਟ ਵਿਧਾਨ ਸਭਾ ਉੱਪ ਚੋਣ ਵਿੱਚ ਕਾਂਗਰਸ ਦੀ ਹਲੂਣਵੀਂ ਜਿੱਤ


ਜਲੰਧਰ, 31 ਮਈ, (ਪੋਸਟ ਬਿਊਰੋ)- ਬਾਦਲ ਅਕਾਲੀ ਦਲ ਦੇ ਗੜ੍ਹ ਮੰਨੇ ਜਾਣ ਵਾਲੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉੱਪ ਚੋਣ ਅੱਜ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ 38,802 ਵੋਟਾਂ ਦੇ ਭਰਵੇਂ ਫਰਕ ਨਾਲ ਜਿੱਤ ਲਈ ਹੈ। ਹਰਦੇਵ ਸਿੰਘ ਲਾਡੀ ਨੂੰ 82,747 ਵੋਟਾਂ ਮਿਲੀਆਂ, ਉਨ੍ਹਾਂ ਦੇ ਨੇੜਲੇ ਵਿਰੋਧੀ ਤੇ ਬਾਦਲ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਨੂੰ ਮਸਾਂ 43,995 ਵੋਟਾਂ ਮਿਲ ਸਕੀਆਂ। ਆਮ ਆਦਮੀ ਪਾਰਟੀ ਦੇ ਉਮੀਦਵਾਰ ਐਨ ਆਰ ਆਈ ਰਤਨ ਸਿੰਘ ਕੱਕੜ ਕਲਾਂ ਨੂੰ 1900 ਵੋਟਾਂ ਮਿਲੀਆਂ ਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ। ਪਿਛਲੇ ਸਾਲ 2017 ਦੀਆਂ ਆਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਇਸ ਹਲਕੇ ਦੇ ਲੋਕਾਂ ਤੋਂ 41010 ਵੋਟਾਂ ਮਿਲੀਆਂ ਸਨ। ਅੱਜ ਦੇ ਨਤੀਜੇ ਵਿੱਚ 1,268 ਲੋਕਾਂ ਨੇ ‘ਨੋਟਾ’ (ਕਿਸੇ ਨੂੰ ਨਹੀਂ) ਦਾ ਬਟਨ ਦਬਾਇਆ ਹੈ।
ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਜਿੱਤਣ ਨਾਲ ਪੰਜਾਬ ਵਿਧਾਨ ਸਭਾ ਦੀਆਂ ਕਾਂਗਰਸ ਪਾਰਟੀ ਨੇ ਕੁੱਲ 117 ਸੀਟਾਂ ਵਿੱਚੋਂ 78 ਸੀਟਾਂ ਉੱਤੇ ਜਿੱਤ ਹਾਸਲ ਕਰ ਲਈ ਅਤੇ ਉਸ ਦਾ ਦੋ ਤਿਹਾਈ ਬਹੁਮੱਤ ਬਣ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਾਹਕੋਟ ਹਲਕੇ ਵਿੱਚ 9 ਦਿਨ ਚੋਣ ਪ੍ਰਚਾਰ ਕੀਤਾ, ਪਰ ਉਹ ਪਾਰਟੀ ਦੀ ਪੰਜ ਵਾਰੀ ਲਗਾਤਾਰ ਜਿੱਤੀ ਹੋਈ ਇਸ ਸੀਟ ਨੂੰ ਬਚਾ ਨਹੀਂ ਸਕੇ। ਡਾਇਰੈਕਟਰ ਲੈਂਡ ਰਿਕਾਰਡਜ਼ ਜਲੰਧਰ ਦੇ ਦਫ਼ਤਰ ਵਿੱਚ ਹੋਈ ਵੋਟਾਂ ਦੀ ਗਿਣਤੀ ਦੌਰਾਨ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਪਹਿਲੇ ਗੇੜ ਤੋਂ ਹੀ ਲੀਡ ਸ਼ੁਰੂ ਹੋ ਗਈ, ਜਿਹੜੀ ਅਖੀਰ ਤੱਕ ਲਗਾਤਾਰ ਵਧੀ ਗਈ। ਉਪ ਚੋਣ ਵਿੱਚ ਭੁਗਤੀਆਂ 1,32,381 ਕੁੱਲ ਵੋਟਾਂ ਵਿੱਚੋਂ ਹਰਦੇਵ ਸਿੰਘ ਲਾਡੀ ਨੇ 82,747 ਵੋਟਾਂ ਨਾਲ 62.50 ਫੀਸਦੀ ਵੋਟ ਹਿੱਸਾ ਲਿਆ ਹੈ।
ਵਰਨਣ ਯੋਗ ਹੈ ਕਿ ਫਰਵਰੀ 2017 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਵਿਚ ਸ਼ਾਹਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਅਜੀਤ ਸਿੰਘ ਕੋਹਾੜ ਨੂੰ 46,913 ਵੋਟਾਂ ਅਤੇ ਉਨ੍ਹਾਂ ਦੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ 42,008 ਵੋਟਾਂ ਮਿਲੀਆਂ ਸਨ। ਉਸ ਵੇਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਅਮਰਜੀਤ ਸਿੰਘ ਥਿੰਦ ਨੂੰ 41,010 ਵੋਟਾਂ ਮਿਲੀਆਂ ਸਨ। ਉੱਪ ਚੋਣ ਵਿੱਚ ਕਾਂਗਰਸ ਅਤੇ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਵਿਗੜੀ ਹਾਲਤ ਦਾ ਲਾਭ ਲੈਣ ਲਈ ਇਨ੍ਹਾਂ ਦੀਆਂ ਵੋਟਾਂ ਉੱਤੇ ਅੱਖ ਰੱਖੀ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਪ ਚੋਣ ਦੇ ਐਲਾਨ ਹੋਣ ਤੋਂ ਪਹਿਲਾਂ ਹੀ ਪਿਛਲੇ ਸਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਡਾ. ਅਮਰਜੀਤ ਸਿੰਘ ਥਿੰਦ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰ ਲਿਆ ਤੇ ਚੋਣਾਂ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਆਗੂ ਕਰਨਲ ਸੀ ਡੀ ਸਿੰਘ ਕੰਬੋਜ, ਜਲੰਧਰ ਛਾਉਣੀ ਹਲਕੇ ਦੇ ਪਿਛਲੀ ਵਾਰ ਦੇ ਉਮੀਦਵਾਰ ਐਚ ਐਸ ਵਾਲੀਆ ਤੇ ਆਦਮਪੁਰ ਤੋਂ ਉਮੀਦਵਾਰ ਰਹੇ ਹੰਸ ਰਾਜ ਰਾਣਾ ਨੂੰ ਅਕਾਲੀ ਦਲ ਵਿਚ ਸ਼ਾਮਲ ਕਰ ਕੇ ਇਸ ਪਾਰਟੀ ਦੀਆਂ ਵੋਟਾਂ ਨੂੰ ਸੰਨ੍ਹ ਲਾਉਣ ਦੀ ਕੋਸਿ਼ਸ਼ ਕੀਤੀ ਸੀ, ਜਿਸ ਨੂੰ ਲੋਕਾਂ ਨੇ ਚੰਗਾ ਨਹੀਂ ਜਾਣਿਆ।
ਅੱਜ ਏਥੇ ਵੋਟਾਂ ਦੀ ਗਿਣਤੀ ਹੋਣ ਪਿੱਛੋਂ ਜੇਤੂ ਕਾਂਗਰਸੀ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਹਲਕੇ ਦੇ ਲੋਕਾਂ ਵੱਲੋਂ ਮਿਲੇ ਪਿਆਰ ਸਦਕਾ ਉਹ ਵੱਡੇ ਫਰਕ ਨਾਲ ਜਿੱਤੇ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਰਾਣਾ ਗੁਰਜੀਤ ਸਿੰਘ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਰਲ ਕੇ ਜ਼ੋਰਦਾਰ ਚੋਣ ਮੁਹਿੰਮ ਚਲਾਈ ਸੀ।