ਸ਼ਾਹਕੋਟ ਚੋਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਝਟਕਾ


* ਚੋਣ ਕਮਿਸ਼ਨ ਨੇ ਐੱਸ ਡੀ ਐੱਮ ਅਤੇ ਥਾਣੇਦਾਰਾਂ ਦੇ ਬਿਸਤਰੇ ਗੋਲ ਕੀਤੇ
ਚੰਡੀਗੜ੍ਹ, 2 ਮਈ, (ਪੋਸਟ ਬਿਊਰੋ)- ਪੰਜਾਬ ਸਰਕਾਰ ਨੂੰ ਝਟਕਾ ਦਿੰਦੇ ਹੋਏ ਚੋਣ ਕਮਿਸ਼ਨ ਨੇ ਸ਼ਾਹਕੋਟ ਦੇ ਐੱਸ ਡੀ ਐੱਮ ਅਤੇ ਥਾਣਾ ਮੁਖੀ ਦਾ ਤਬਾਦਲਾ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਅੱਜ ਚੋਣ ਕਮਿਸ਼ਨ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਐੱਸ ਡੀ ਐੱਮ ਸ਼ਾਹਕੋਟ ਦਰਬਾਰਾ ਸਿੰਘ ਦੀ ਥਾਂ ਐੱਸ ਡੀ ਐੱਮ ਜਗਜੀਤ ਸਿੰਘ ਨੂੰ ਲਾਇਆ ਗਿਆ ਅਤੇ ਨਵੇਂ ਨਿਯੁਕਤ ਐੱਸ ਡੀ ਐੱਮ ਨੂੰ ਤੁਰੰਤ ਚਾਰਜ ਲੈ ਕੇ 3 ਮਈ ਸਵੇਰੇ ਦਸ ਵਜੇ ਤਕ ਕਮਿਸ਼ਨ ਨੂੰ ਰਿਪੋਰਟ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਇੰਸਪੈਕਟਰ ਦਵਿੰਦਰ ਸਿੰਘ ਨੂੰ ਥਾਣਾ ਸ਼ਾਹਕੋਟ ਤੇ ਇੰਸਪੈਕਟਰ ਪਰਮਿੰਦਰ ਸਿੰਘ ਨੂੰ ਥਾਣਾ ਮਹਿਤਪੁਰ ਦਾ ਮੁਖੀ ਲਾਉਣ ਦੇ ਆਦੇਸ਼ ਜਾਰੀ ਕਰ ਕੇ ਤੁਰੰਤ ਚਾਰਜ ਲੈਣ ਅਤੇ 3 ਮਈ ਸਵੇਰੇ ਦਸ ਵਜੇ ਤਕ ਕਮਿਸ਼ਨ ਨੂੰ ਸੂਚਿਤ ਕਰਨ ਨੂੰ ਕਿਹਾ ਗਿਆ ਹੈ। ਵਰਨਣ ਯੋਗ ਹੈ ਕਿ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਪੁਲਿਸ ਅਤੇ ਸਿਵਲ ਅਫਸਰਾਂ ਬਾਰੇ ਸ਼ਿਕਾਇਤ ਕੀਤੀ ਸੀ। ਅਧਿਕਾਰੀਆਂ ਦੇ ਤਬਾਦਲੇ ਦਾ ਇਹ ਫ਼ੈਸਲਾ ਵੀ ਭਾਰਤ ਦੇ ਮੁੱਖ ਚੋਣ ਕਮਿਸ਼ਨ ਵੱਲੋਂ ਲਿਆ ਗਿਆ ਹੈ, ਕਿਉਂਕਿ ਅਠਾਈ ਮਈ ਨੂੰ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਉੱਪ ਚੋਣ ਹੋਣ ਵਾਲੀ ਹੈ।