ਸ਼ਹੀਦਾਂ ਨੂੰ ਸਿਜਦਾ: ਇੱਟਾਂ ਸੁੱਟ ਕੇ?


-ਤਰਲੋਚਨ ਸਿੰਘ ਦੁਪਾਲਪੁਰ
ਸ਼ਹਿਰ ਸਰਹਿੰਦ ਵਿੱਚ ਵਾਪਰੇ ਛੋਟੇ ਸਾਹਿਬਜ਼ਾਦਿਆਂ ਦੇ ਖੂਨੀ ਸਾਕੇ ਨੂੰ ਭਾਵੇਂ ਤਿੰਨ ਸਦੀਆਂ ਤੋਂ ਕੁਝ ਸਾਲ ਉਤੇ ਬੀਤ ਗਏ ਹਨ, ਫਿਰ ਵੀ ਸਿੱਖ ਇਤਿਹਾਸ ਬਾਰੇ ਥੋੜ੍ਹੀ ਬਹੁਤ ਜਾਣਕਾਰੀ ਰੱਖਣ ਵਾਲੇ ਕਿਸੇ ਵਿਅਕਤੀ ਅੱਗੇ ਜਦੋਂ ਇਸ ਸ਼ਹਿਰ ਦਾ ਜ਼ਿਕਰ ਹੋਵੇ ਤਾਂ ਉਸ ਦੇ ਦਿਲ ਦਿਮਾਗ ਵਿੱਚ ਸੁੱਤੇ ਹੀ ਸਰਹਿੰਦ ਦੀਆਂ ਖੂਨੀ ਨੀਹਾਂ ਆ ਜਾਂਦੀਆਂ ਹਨ ਅਤੇ ਉਥੇ ਹੋਏ ਘੋਰ ਜ਼ੁਲਮ ਵਿਰੁੱਧ ਰੋਹ ਦੀਆਂ ਚਿਣਗਾਂ ਫੁੱਟਣ ਲੱਗਦੀਆਂ ਹਨ। ਵਧੇ ਹੋਏ ਆਵਾਜਾਈ ਸਾਧਨਾਂ ਸਦਕਾ ਬੇਸ਼ੱਕ ਫਤਹਿਗੜ੍ਹ ਸਾਹਿਬ ਦੇ ਅਸਥਾਨ ਉਤੇ ਜੁੜਦੇ ਸ਼ਹੀਦੀ ਜੋੜ ਮੇਲ ਵਿੱਚ ਸੰਗਤਾਂ ਦੇ ਪਹਿਲੇ ਸਮਿਆਂ ਨਾਲੋਂ ਵੱਧ ਇਕੱਠ ਜੁੜਦੇ ਹਨ, ਫਿਰ ਵੀ ਜਿਥੇ ਸਾਡੇ ‘ਚ ਸ਼ਰਧਾ ਤੇ ਜਜ਼ਬਾ ਘਟਦੇ ਜਾ ਰਹੇ ਹਨ, ਉਥੇ ਸੀਨਾ ਬਸੀਨਾ ਤੁਰੀਆਂ ਆ ਰਹੀਆਂ ਰੀਤਾਂ ਰਵਾਇਤਾਂ ਤੋਂ ਵੀ ਅਸੀਂ ਅਣਜਾਣ ਹੁੰਦੇ ਜਾ ਰਹੇ ਹਾਂ।
ਦਸੰਬਰ ਦਾ ਸ਼ਹੀਦੀ ਹਫਤਾ ਸ਼ੁਰੂ ਹੁੰਦਿਆਂ ਹੀ ਮੇਰੇ ਜ਼ਿਹਨ ਵਿੱਚ ਸਰਹਿੰਦ ਪ੍ਰਤੀ ਗੁੱਸੇ ਦੀ ਅੱਖੀਂ ਦੇਖੀ ਮਿਸਾਲ ਘੁੰਮਣ ਲੱਗ ਪੈਂਦੀ ਹੈ। ਅੰਦਾਜ਼ਨ 1970-71 ਤੋਂ ਪਹਿਲੇ ਕਿਸੇ ਦਸੰਬਰ ਮਹੀਨੇ ਦੀ ਗੱਲ ਹੈ। ਮੈਂ ਆਪਣੇ ਭਾਈਆ ਜੀ ਨਾਲ ਸਾਈਕਲ ‘ਤੇ ਬਹਿ ਕੇ ਸਰਹਿੰਦ ਦੇ ਸ਼ਹੀਦੀ ਜੋੜ ਮੇਲ ਵਿੱਚ ਸ਼ਾਮਲ ਹੋਇਆ ਸਾਂ। ਸਭਾ ਦੀ ਸਮਾਪਤੀ ਉਪਰੰਤ ਜਦੋਂ ਅਸੀਂ ਸ਼ਹਿਰ ‘ਚੋਂ ਥੋੜ੍ਹਾ ਜਿਹਾ ਬਾਹਰ ਨਿਕਲੇ ਤਾਂ ਭਾਈਆ ਜੀ ਨੇ ਵਿਹਲੇ ਜਿਹੇ ਥਾਂ ਸਾਈਕਲ ਖੜਾ ਕੀਤਾ। ਦੂਰੋਂ ਝੂਲਦੇ ਦਿਖਾਈ ਦੇਂਦੇ ਸ਼ਹੀਦੀ ਅਸਥਾਨ ਦੇ ਨਿਸ਼ਾਨ ਸਾਹਿਬ ਵੱਲ ਤੱਕਦਿਆਂ ਉਨ੍ਹਾਂ ਦਿਲ ਹੀ ਦਿਲ ਵਿੱਚ ਅਰਦਾਸ ਕੀਤੀ। ਫਿਰ ਲਾਗੇ ਪਏ ਮਲਬੇ ਵਿੱਚੋਂ ਇਕ ਦੋ ਨਿੱਕੀਆਂ ਇੱਟਾਂ ਚੁੱਕੀਆਂ ਅਤੇ ਥੋੜ੍ਹਾ ਝਾੜ ਕੇ ਹੈਂਡਲ ਨਾਲ ਟੰਗੇ ਝੋਲੇ ਵਿੱਚ ਪਾ ਲਈਆਂ। ਇੰਜ ਮਿੰਟੀ ਘੱਟੇ ਵਿੱਚੋਂ ਦੋ ਇੱਟਾਂ ਝੋਲੇ ‘ਚ ਪਾਉਣ ਤੋਂ ਮੈਂ ਹੈਰਾਨ ਤਾਂ ਹੋਇਆ, ਪਰ ਸਾਰੀ ਵਾਟ ਉਨ੍ਹਾਂ ਚੋਂ ਪੁੱਛਣ ਦਾ ਹੀਆ ਨਾ ਕਰ ਸਕਿਆ।
ਮੇਰੇ ਲਈ ਭੇਤ ਬਣੀ ਹੋਈ ਇਸ ਗੱਲ ਦਾ ਰਾਜ਼ ਦਰਿਆ ਸਤਲੁਜ ‘ਤੇ ਆ ਕੇ ਖੁੱਲ੍ਹਿਆ ਜਿਥੇ ਅਸੀਂ ਰਾਹੋਂ ਵੱਲ ਨੂੰ ਆਉਣ ਲਈ ਬੇੜੀ ਰਾਹੀਂ ਦਰਿਆ ਪਾਰ ਕਰਨਾ ਸੀ। ਪਿੰਡ ਈਸਾਪੁਰ ਦੇ ਪੱਤਣ ਤੋਂ ਅਸੀਂ ਬੇੜੀ ਵਿੱਚ ਬੈਠ ਗਏ। ਸਤਲੁਜ ਦੇ ਕਲ-ਕਲ ਵਗਦੇ ਉਦੋਂ ਨੀਲੇ ਸ਼ਫਾਕ ਠੰਢੇ ਯੱਖ ਪਾਣੀ ਵਿੱਚ ਜਦੋਂ ਬੇੜੀ ਅੱਧ ਵਿਚਕਾਰ ਪਹੁੰਚੀ ਤਾਂ ਭਾਈਆ ਜੀ ਨੇ ਰੋਹ ਵਿੱਚ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਛੱਡਿਆ ਤੇ ਝੋਲੇ ਵਿੱਚੋਂ ਉਹ ਦੋਵੇਂ ਇੱਟਾਂ ਕੱਢ ਕੇ ਪਾਣੀ ‘ਚ ਵਗਾਹ ਮਾਰੀਆਂ। ਫਿਰ ਉਨ੍ਹਾਂ ਨੇ ਦੁਖੀ ਗਲੇ ਨਾਲ ਵੈਰਾਗਮਈ ਸ਼ਬਦਾਵਲੀ ਵਿੱਚ ਦੱਸਿਆ ਕਿ ਪੁਰਾਤਨ ਸਿੰਘ ਸਰਹਿੰਦ ਵਿੱਚ ਵਾਪਰੇ ਹੋਏ ਸਾਹਿਬਜ਼ਾਦਿਆਂ ਦੇ ਦਰਦਨਾਕ ਖੂਨੀ ਸਾਕੇ ਦੇ ਰੋਸ ਵਿੱਚ ਸਰਹਿੰਦ ਨੂੰ ਉਜਾੜਨ ਦੇ ਪ੍ਰਤੀਕ ਵਜੋਂ ਇਕ-ਇਕ ਦੋ-ਦੋ ਇੱਟਾਂ ਇੰਜ ਚੁੱਕ ਲਿਆਇਆ ਕਰਦੇ ਸਨ। ਮੈਨੂੰ ਯਾਦ ਹੈ ਕਿ ਬੇੜੀ ਵਿੱਚ ਹੱਥ ਜੋੜੀ ਬੈਠੀਆਂ ਹੋਰ ਸਵਾਰੀਆਂ ਨੇ ਬੜੀ ਸ਼ਿੱਦਤ ਤੇ ਨਿਹਚੇ ਨਾਲ ਭਾਈਆ ਜੀ ਦੇ ਮੂੰਹੋਂ ਬਿਰਤਾਂਤ ਸੁਣਿਆ ਸੀ।
ਸਮੇਂ ਬਦਲ ਗਏ। ਨਾ ਉਹ ਸ਼ਰਧਾ ਰਹੀ, ਨਾ ਉਹ ਜਜ਼ਬਾ ਰਿਹਾ। ਸਾਡੇ ਵਡਾਰੂ ਪੈਦਲ ਜਾਂ ਸਾਈਕਲ ‘ਤੇ ‘ਸਭਾ’ ਦੇ ਨਾਮ ਹੇਠ ਜੁੜਦੇ ਇਨ੍ਹਾਂ ਜੋੜ ਮੇਲਾ ਵਿੱਚ ਬਿਨਾਂ ਨਾਗਾ ਹਾਜ਼ਰੀਆਂ ਭਰਦੇ ਰਹੇ। ਅੱਜ ਸਾਡੇ ਕੋਲ ਤੇਜ਼ ਤਰਾਰ ਸਾਧਨ ਹੋ ਗਏ ਹਨ, ਪਰ ਆਸਥਾ ਦੀ ਪਰਤ ਮਹੀਨ ਹੋ ਚੁੱਕੀ ਹੈ।