ਸ਼ਰਾਰਤ ਬਣੀ ਮੁਸੀਬਤ

-ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
ਬਚਪਨ ਬੜਾ ਭੋਲਾ ਹੁੰਦਾ ਹੈ, ਸ਼ਰਾਰਤੀ, ਸਿੱਟਿਆਂ ਤੋਂ ਬੇਖਬਰ ਤੇ ਬੇਪ੍ਰਵਾਹ ਹੁੰਦਾ ਹੈ। ਇਸ ਨਾਲ ਸਬੰਧਤ ਮੇਰੀ ਜ਼ਿੰਦਗੀ ਦੀ ਇਕ ਬੜੀ ਪੁਰਾਣੀ ਘਟਨਾ ਹੈ, ਜੋ ਮੇਰੀ ਅਭੁੱਲ ਯਾਦ ਬਣ ਚੁੱਕੀ ਹੈ। ਮੈਂ ਆਪਣੇ ਪਿੰਡ ਦੇ ਡੀ ਏ ਵੀ ਹਾਈ ਸਕੂਲ ਵਿੱਚ ਛੇਵੀਂ ਜਮਾਤ ਦਾ ਵਿਦਿਆਰਥੀ ਸੀ। ਸਕੂਲ ਦੀ ਉਤਰੀ ਗੁੱਠ ਵਿੱਚ ਸਕੂਲ ਦਾ ਖੇਡ ਮੈਦਾਨ ਸੀ, ਜਿਸ ਦੇ ਪੱਛਮੀ ਖੂੰਜੇ ਇਕ ਪੁਰਾਣਾ ਖੂਹ ਸੀ, ਜਿਥੇ ਅੰਬਾਂ, ਜਾਮਣਾਂ ਅਤੇ ਅਮਰੂਦਾਂ ਦੇ ਕਾਫੀ ਦਰੱਖਤ ਲੱਗੇ ਹੋਏ ਸਨ। ਸ਼ਾਇਦ ਇਸੇ ਕਰਕੇ ਹੀ ਉਸ ਨੂੰ ਅੰਬਾਂ ਵਾਲਾ ਖੂਹ ਕਹਿੰਦੇ ਸਨ। ਸਕੂਲ ਦੇ ਬੱਚੇ ਅੱਧੀ ਛੁੱਟੀ ਵੇਲੇ ਅਤੇ ਸਕੂਲ ਦੀਆਂ ਵੱਖ-ਵੱਖ ਖੇਡ ਟੀਮਾਂ ਦੇ ਖਿਡਾਰੀ ਆਮ ਤੌਰ ‘ਤੇ ਅੱਠਵੇਂ ਤੇ ਨੌਵੇਂ ਪੀਰੀਅਡਾਂ ਵੇਲੇ ਖੇਡਾਂ ਦਾ ਅਭਿਆਸ ਖੇਡ ਮੈਦਾਨ ‘ਚ ਨੇਮ ਨਾਲ ਕਰਦੇ ਤੇ ਅੰਬਾਂ ਵਾਲੇ ਖੂਹ ‘ਤੇ ਲੱਗੇ ਦਰੱਖਤਾਂ ਹੇਠ ਜਾ ਕੇ ਕੱਪੜੇ ਵੀ ਬਦਲਦੇ ਤੇ ਆਰਾਮ ਵੀ ਕਰਦੇ। ਮੈਂ ਤੇ ਮੇਰੇ ਕੁਝ ਹੋਰ ਸਾਥੀ ਉਸੇ ਖੂਹ ਦੇ ਦਰੱਖਤਾਂ ਹੇਠ ਬੈਠ ਕੇ ਖੇਡ ਮੈਦਾਨ ਵਿੱਚ ਖਿਡਾਰੀਆਂ ਦੁਆਰਾ ਕੀਤੇ ਜਾ ਰਹੇ ਖੇਡ ਅਭਿਆਸ ਦਾ ਆਨੰਦ ਮਾਣਦੇ ਤੇ ਨਾਲ ਹੀ ਇਕ ਦੂਸਰੇ ਨਾਲ ਸ਼ਰਾਰਤਾਂ ਵੀ ਕਰਦੇ।
ਇਕ ਦਿਨ ਸਕੂਲ ਦੀ ਹੀ ਫੁੱਟਬਾਲ ਟੀਮ ਨੂੰ ਦੋ ਭਾਗਾਂ ਵਿੱਚ ਵੰਡ ਕੇ ਅਭਿਆਸ ਮੈਚ ਖੇਡਿਆ ਗਿਆ ਜਿਸ ਕਾਰਨ ਸਕੂਲ ਦੇ ਬਾਕੀ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਅਖੀਰਲੇ ਦੋ ਪੀਰੀਅਡਾਂ ਦੀ ਖਾਸ ਛੋਟ ਦਿੱਤੀ ਗਈ ਤਾਂ ਕਿ ਉਹ ਮੈਚ ਦਾ ਆਨੰਦ ਮਾਣ ਸਕਣ। ਫੁੱਟਬਾਲ ਦਾ ਮੈਚ ਸ਼ੁਰੂ ਹੋ ਗਿਆ ਤੇ ਸਾਰੇ ਵਿਦਿਆਰਥੀ ਖੇਡ ਮੈਦਾਨ ਦੇ ਆਲੇ ਦੁਆਲੇ ਖੜੋ ਬੈਠ ਕੇ ਮੈਚ ਦਾ ਅਨੰਦ ਮਾਣਨ ਲੱਗੇ। ਮੈਂ ਤੇ ਮੇਰੇ ਦੋ ਤਿੰਨ ਹੋਰ ਸਾਥੀ ਅੰਬਾਂ ਵਾਲੇ ਖੂਹ ਦੇ ਦਰੱਖਤਾਂ ਹੇਠ ਬੈਠ ਕੇ ਮੈਚ ਦੇਖ ਰਹੇ ਸਨ ਕਿ ਅਚਾਨਕ ਉਪਰ ਨਿਗਾਹ ਘੁਮਾਈ ਤਾਂ ਅੰਬ ਦੇ ਦਰੱਖਤ ਉਤੇ ਲੱਗੇ ਬਹੁਤ ਵੱਡੇ ਮਖਿਆਲ ਦਾ ਛੱਤਾ ਨਜ਼ਰ ਆਇਆ। ਮੈਂ ਆਪਣੇ ਸਾਥੀਆਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਵੀ ਬੜੇ ਧਿਆਨ ਨਾਲ ਦੇਖਿਆ, ਬਹੁਤ ਸਾਰੀਆਂ ਮੱਖੀਆਂ ਛੱਤੇ ‘ਤੇ ਬੈਠੀਆਂ ਸਨ। ਕੁਝ ਹੋਰ ਆ ਕੇ ਬੈਠ ਰਹੀਆਂ ਸਨ, ਕੁਝ ਉਡ ਕੇ ਜਾ ਰਹੀਆਂ ਸਨ ਤੇ ਕੁਝ ਛੱਤੇ ਦੇ ਆਸ ਪਾਸ ਹੀ ਪਹਿਰੇਦਾਰ ਵਾਂਗ ਭਿਣਭਿਣਾ ਰਹੀਆਂ ਸਨ। ਮੈਨੂੰ ਸ਼ਰਾਰਤ ਇਹ ਸੁੱਝੀ ਕਿ ਜੇ ਇਨ੍ਹਾਂ ਸਾਰੀਆਂ ਮੱਖੀਆਂ ਨੂੰ ਉਡਾ ਦਿੱਤਾ ਜਾਵੇ ਤਾਂ ਨਜ਼ਾਰਾ ਬੜਾ ਦੇਖਣ ਵਾਲਾ ਹੋਵੇਗਾ। ਆਪਣੇ ਸਾਥੀਆਂ ਨਾਸ ਸਲਾਹ ਮਸ਼ਵਰਾ ਕੀਤੇ ਬਿਨਾਂ ਨੇੜੇ ਪਿਆ ਮਿੱਟੀ ਦਾ ਢੇਲਾ ਚੁੱਕਿਆ ਅਤੇ ਨਿਸ਼ਾਨਾ ਬਿੰਨ੍ਹ ਕੇ ਛੱਤੇ ‘ਤੇ ਮਾਰ ਦਿੱਤਾ, ਜੋ ਸਿੱਧਾ ਛੱਤੇ ਦੇ ਵਿਚਕਾਰ ਜਾ ਕੇ ਲੱਗਾ।
ਫਿਰ ਕੀ ਸੀ, ਦੇਖਦਿਆਂ-ਦੇਖਦਿਆਂ ਮੱਖੀਆਂ ਭਿਰਨ-ਭਿਰਨ ਕਰਕੇ ਉਡਣ ਲੱਗੀਆਂ ਤੇ ਸਾਡੇ ਉਤੇ ਹਮਲਾ ਬੋਲ ਦਿੱਤਾ। ਉਨ੍ਹਾਂ ਤਿੱਖੇ ਡੰਗ ਚਲਾਉਣੇ ਸ਼ੁਰੂ ਕਰ ਦਿੱਤੇ। ਖੇਡ ਮੈਦਾਨ ਵਿੱਚ ਫੁੱਟਬਾਲ ਖੇਡਦੇ ਖਿਡਾਰੀ ਵੀ ਮੱਖੀਆਂ ਦੇ ਹਮਲੇ ਦਾ ਸ਼ਿਕਾਰ ਹੋਏ, ਅਧਿਆਪਕ ਵੀ ਅਤੇ ਖੇਡ ਮੈਦਾਨ ਦੇ ਆਸ ਪਾਸ ਮੈਚ ਦੇਖਣ ਵਾਲੇ ਵਿਦਿਆਰਥੀ ਵੀ। ਜੋ ਮੱਖੀਆਂ ਦੇ ਅੜਿੱਕੇ ਆਇਆ, ਉਹ ਬੁਰੀ ਤਰ੍ਹਾਂ ਡੰਗਿਆ ਗਿਆ। ਸਾਰੇ ਪਾਸੇ ਹਾਹਾਕਾਰ ਮਚ ਗਈ। ਸਭ ਆਪੋ ਆਪਣਾ ਬਚਾਅ ਕਰਨ ਵਾਸਤੇ ਇਧਰ ਉਧਰ ਦੌੜ ਪਏ ਤੇ ਮੈਚ ਵਿਚੇ ਰਹਿ ਗਿਆ। ਕੁਝ ਖਿਡਾਰੀਆਂ ਦੇ ਕੱਪੜੇ ਖੂਹ ‘ਤੇ ਸਨ ਜੋ ਆਪਣੇ ਕੱਪੜੇ ਚੁੱਕਣ ਗਏ ਤਾਂ ਮਧੂ ਮੱਖੀਆਂ ਦੇ ਹਮਲੇ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਗਏ।
ਦੂਸਰੇ ਦਿਨ ਸਕੂਲ ਵਿੱਚ ਕੋਈ ਅੱਧੇ ਕੁ ਵਿਦਿਆਰਥੀ ਸਿਰਫ ਇਸ ਬਹਾਨੇ ਗੈਰ ਹਾਜ਼ਰ ਸਨ ਕਿ ਉਨ੍ਹਾਂ ਦੇ ਕੱਲ੍ਹ ਮਖਿਆਲ ਲੜ ਗਿਆ ਸੀ। ਕਈ ਬੱਚਿਆਂ ਦੇ ਮਾਪੇ ਸ਼ਿਕਾਇਤ ਕਰਨ ਸਕੂਲ ਪਹੁੰਚੇ ਕਿ ਉਨ੍ਹਾਂ ਦੇ ਬੱਚਿਆਂ ਦੇ ਸਕੂਲ ਦੇ ਕਿਸੇ ਬੱਚੇ ਦੀ ਸ਼ਰਾਰਤ ਕਾਰਨ ਮਖਿਆਲ ਲੜ ਗਿਆ। ਜਮਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਾਰਥਨਾ ਤੇ ਫਿਰ ਪੀ ਟੀ ਕਰਾਈ ਜਾਂਦੀ ਸੀ, ਪਰ ਪੀ ਟੀ ਮਾਸਟਰ ਨੇ ਮੈਨੂੰ ਇਹ ਸਭ ਕਰਨ ਤੋਂ ਮਨ੍ਹਾ ਕਰਦਿਆਂ ਬਾਹਰ ਨਿਕਲ ਕੇ ਲੱਤਾਂ ਹੇਠ ਦੀ ਕੰਨ ਫੜ ਕੇ ਪਿੱਛਾ ਉਚਾ ਰੱਖਣ ਲਈ ਕਿਹਾ। ਪ੍ਰਾਰਥਨਾ ਅਤੇ ਪੀ ਟੀ ਦੀ ਸਮਾਪਤੀ ਪਿੱਛੋ ਮੇਰੇ ਕੰਨ ਛੁਡਾਏ ਗਏ। ਮੁੱਖ ਅਧਿਆਪਕ ਨੇ ਬਾਕੀ ਬੱਚਿਆਂ ਨੂੰ ਮੇਰੇ ਵੱਲੋਂ ਬੀਤੇ ਦਿਨ ਵਾਲੇ ਫੁੱਟਬਾਲ ਮੈਚ ਦੌਰਾਨ ਮਖਿਆਲ ਛੇੜਨ ਦੀ ਕੀਤੀ ਗਈ ਸ਼ਰਾਰਤ ਬਾਰੇ ਤਫਸੀਲ ਨਾਲ ਚਾਨਣਾ ਪਾਉਂਦਿਆਂ ਸਮੂਹ ਵਿਦਿਆਰਥੀਆਂ ਨੂੰ ਨਸੀਹਤ ਦਿੱਤੀ ਕਿ ਉਹ ਆਪਣੇ ਜੀਵਨ ਵਿੱਚ ਇਸ ਤਰ੍ਹਾਂ ਦੀ ਗਲਤੀ ਕਦੇ ਨਾ ਕਰਨ, ਜਿਸ ਨਾਲ ਕਿਸੇ ਨੂੰ ਬੇਵਜ੍ਹਾ ਨੁਕਸਾਨ ਪਹੁੰਚੇ। ਉਸ ਸਮੇਂ ਪੀ ਟੀ ਮਾਸਟਰ ਮੇਰਾ ਬਣਦਾ ਸਨਮਾਨ ਕਰਨ ਵਾਸਤੇ ਬੈਂਤ ਵਾਲਾ ਰੂਲ ਲੈ ਕੇ ਨੇੜੇ ਖੜੇ ਸਨ ਤੇ ਮੁੱਖ ਅਧਿਆਪਕ ਦੇ ਭਾਸ਼ਣ ਦੀ ਸਮਾਪਤੀ ਤੋਂ ਤੁਰੰਤ ਬਾਅਦ ਪੀ ਟੀ ਮਾਸਟਰ ਨੇ ਥੱਪੜਾਂ ਅਤੇ ਘਸੁੰਨਾਂ ਨਾਲ ਮੇਰੇ ਸਨਮਾਨ ਦੀ ਰਸਮ ਸ਼ੁਰੂ ਕੀਤੀ ਅਤੇ ਬੈਂਤ ਵਾਲੇ ਰੂਲ ਨਾਲ ਮੇਰਾ ਪਿਛਵਾੜਾ ਲਾਲ ਕਰਕੇ ਸਮਾਪਤ ਕੀਤੀ।
ਮਖਿਆਲ ਮੇਰੇ ਵੀ ਮੂੰਹ ਅਤੇ ਗਰਦਨ ‘ਤੇ ਕਾਫੀ ਲੜਿਆ ਹੋਣ ਕਰਕੇ ਕਾਫੀ ਸੋਜ਼ਿਸ ਪੈ ਚੁੱਕੀ ਸੀ, ਜਿਸ ਕਾਰਨ ਕਈ ਦਿਨ ਚਿਹਰਾ ਬੇਪਛਾਣ ਰਿਹਾ। ਸਕੂਲ ਦੇ ਬਹੁਤ ਸਾਰੇ ਵਿਦਿਆਰਥੀਆਂ ਅਤੇ ਕੁਝ ਅਧਿਆਪਕਾਂ ਦਾ ਮੂੰਹ ਸਿਰ ਕਈ ਦਿਨ ਸੁੱਜਿਆ ਰਿਹਾ। ਭਾਵ ਇਹ ਕਿ ਸਕੂਲ ‘ਚ ਕਈ ਦਿਨ ਬਹੁਤੇ ਚਿਹਰੇ ਮੇਰੀ ਸ਼ਰਾਰਤ ਦੀ ਵਜ੍ਹਾ ਕਰਕੇ ਬੇਪਛਾਣ ਰਹੇ ਤੇ ਕਈਆਂ ਨੂੰ ਮਖਿਆਲ ਦਾ ਜ਼ਹਿਰ ਉਤਾਰਨ ਵਾਸਤੇ ਡਾਕਟਰਾਂ ਤੋਂ ਦਵਾਈਆਂ ਦੇ ਨਾਲ-ਨਾਲ ਟੀਕੇ ਲਗਵਾਉਣੇ ਪਏ। ਇਸ ਘਟਨਾ ਨੇ ਮੈਨੂੰ ਪੂਰੇ ਸਕੂਲ ਵਿੱਚ ਨਹੀਂ, ਇਲਾਕੇ ‘ਚ ਮਸ਼ਹੂਰ ਕਰ ਦਿੱਤਾ ਤੇ ਸਕੂਲ ‘ਚ ਬਹੁਤੇ ਵਿਦਿਆਰਥੀਆਂ ਨੇ ਮੇਰਾ ਨਾਂ ਨਿਸ਼ਾਨਚੀ ਰੱਖ ਦਿੱਤਾ, ਜੋ ਮੈਨੂੰ ਬਿਲਕੁਲ ਚੰਗਾ ਨਹੀਂ ਸੀ ਲੱਗਦਾ। ਇਸੇ ਕਾਰਨ ਬਹੁਤੇ ਸਾਥੀ ਵਿਦਿਆਰਥੀਆਂ ਨਾਲ ਮੈਂ ਬੋਲਚਾਲ ਬੰਦ ਕਰ ਦਿੱਤੀ।
ਸਕੂਲ ਜਾਂਦਿਆਂ ਜਾਂ ਸਕੂਲੋਂ ਘਰ ਪਰਤਦਿਆਂ ਰਸਤੇ ਵਿੱਚ ਲੋਕ ਉਕਤ ਘਟਨਾ ਕਰਕੇ ਮੈਨੂੰ ਤਰ੍ਹਾਂ-ਤਰ੍ਹਾਂ ਦੀਆਂ ਟਿੱਚਰਾਂ ਕਰਦੇ ਤਾਂ ਮੈਨੂੰ ਬੁਰਾ ਵੀ ਲੱਗਦਾ ਤੇ ਸ਼ਰਮਿੰਦਗੀ ਵੀ ਮਹਿਸੂਸ ਹੁੰਦੀ। ਇਹੋ ਕਾਰਨ ਹੈ ਕਿ ਉਹ ਘਟਨਾ ਅੱਜ ਵੀ ਮੇਰੀਆਂ ਅੱਖਾਂ ਅੱਗੇ ਫਿਲਮੀ ਰੀਲ ਵਾਂਗ ਘੁੰਮਦੀ ਹੈ ਤੇ ਬੜਾ ਅਜੀਬ ਤਰ੍ਹਾਂ ਦਾ ਅਹਿਸਾਸ ਪੈਦਾ ਕਰਦੀ ਹੈ। ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਖਤਰਨਾਕ ਸ਼ਰਾਰਤਾਂ ਤੋਂ ਹਮੇਸ਼ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਸਾਡਾ ਤਾਂ ਮਨਪ੍ਰਚਾਵਾ ਹੁੰਦਾ ਹੈ ਪਰ ਹੋਰਾਂ ਦਾ ਕਾਫੀ ਨੁਕਸਾਨ ਹੋ ਸਕਦਾ ਹੈ।