ਸ਼ਰਾਬ ਦੇ ਠੇਕੇਦਾਰ ਨੂੰ ਗੋਲੀ ਮਾਰ ਕੇ ਲੁਟੇਰੇ ਪੈਸੇ ਖੋਹ ਕੇ ਫਰਾਰ


ਬਰਨਾਲਾ, 7 ਜੁਲਾਈ (ਪੋਸਟ ਬਿਊਰੋ)- ਕੱਲ੍ਹ ਰਾਤ ਦੋ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਸ਼ਰਾਬ ਠੇਕੇਦਾਰ ਹਿਮਾਂਸ਼ੂ ਦਾਨੀਆ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ ਉਸ ਦੇ ਸਾਥੀ ਸੰਜੀਵ ਕੁਮਾਰ ਕੋਲੋਂ ਠੇਕੇ ਤੋਂ ਇਕੱਠੀ ਹੋਈ ਲਗਭਗ ਛੇ ਲੱਖ ਰੁਪਏ ਦੀ ਰਕਮ ਲੁੱਟ ਕੇ ਲੈ ਗਏ। ਇਹ ਘਟਨਾ ਪੁਲਸ ਚੌਕੀ ਤੋਂ ਮਸਾਂ 100 ਮੀਟਰ ਦੂਰ ਵਾਪਰੀ।
ਠੇਕੇਦਾਰ ਦੇ ਸਾਥੀ ਸੰਜੀਵ ਕੁਮਾਰ ਨੇ ਦੱਸਿਆ ਕਿ ਮੈਂ ਅਤੇ ਹਿਮਾਂਸ਼ੂ ਦਾਨੀਆ ਦੋਵੇਂ ਜਾਣੇ ਬੱਸ ਸਟੈਂਡ ਨੇੜੇ ਸ਼ਰਾਬ ਦੇ ਠੇਕੇ ਤੋਂ ਕਾਰਿੰਦਿਆਂ ਤੋਂ ਇਕੱਠੀ ਹੋਈ ਪੇਮੈਂਟ ਲੈਣ ਲਈ ਗਏ ਸੀ। ਅਸੀਂ ਉਨ੍ਹਾਂ ਕੋਲੋਂ ਇਕੱਠੀ ਹੋਈ ਪੇਮੈਂਟ ਵਾਲਾ ਬੈਗ ਲੈ ਲਿਆ, ਜਿਸ ‘ਚ ਕਰੀਬ ਛੇ ਲੱਖ ਰੁਪਏ ਦੀ ਰਕਮ ਸੀ। ਹਿਮਾਂਸ਼ੂ ਦਾਨੀਆ ਮੋਟਰ ਸਾਈਕਲ ਚਲਾ ਰਿਹਾ ਸੀ ਅਤੇ ਮੈਂ ਉਸ ਦੇ ਪਿੱਛੇ ਬੈਠਾ ਸੀ ਤੇ ਮੇਰੇ ਹੱਥ ਵਿੱਚ ਰੁਪਿਆਂ ਵਾਲਾ ਬੈਗ ਸੀ। ਸ਼ਰਾਬ ਦੇ ਠੇਕੇ ਤੋਂ ਜਦੋਂ ਅਸੀਂ ਰਕਮ ਲੈ ਕੇ ਆਪਣੀ ਕੋਠੀ ਵੱਲ ਜਾਣ ਲਈ ਠੇਕੇ ਨੇੜੇ ਸ਼ਨੀਦੇਵ ਮੰਦਰ ਦੀ ਗਲੀ ਮੁੜੇ ਤਾਂ ਦੋ ਮੋਟਰ ਸਾਈਕਲ ਸਵਾਰ ਲੁਟੇਰੇ, ਜਿਨ੍ਹਾਂ ‘ਚੋਂ ਇਕ ਨੇ ਮੋਟਰ ਸਾਈਕਲ ਸਟਾਰਟ ਰੱਖਿਆ ਸੀ, ਦੂਜਾ ਹੱਥ ‘ਚ ਰਿਵਾਲਵਰ ਲੈ ਕੇ ਮੋਟਰ ਸਾਈਕਲ ਤੋਂ ਹੇਠਾਂ ਉਤਰਿਆ ਅਤੇ ਹਿਮਾਂਸ਼ੂ ਦਾਨੀਆ ਦੀ ਅੱਖ ‘ਤੇ ਗੋਲੀ ਚਲਾ ਦਿੱਤੀ ਅਤੇ ਅਸੀਂ ਥੱਲੇ ਡਿੱਗ ਪਏ। ਇਸ ਮਗਰੋਂ ਲੁਟੇਰਾ ਮੈਥੋਂ ਨੋਟਾਂ ਦਾ ਬੈਗ ਖੋਹਣ ਲੱਗਿਆ। ਮੈਂ ਬੈਗ ਨੂੰ ਕੱਸ ਕੇ ਫੜ ਲਿਆ ਤਾਂ ਉਸ ਨੇ ਮੈਨੂੰ ਧਮਕੀ ਦਿੱਤੀ ਕਿ ਜੇ ਤੂੰ ਬੈਗ ਨਾ ਦਿੱਤਾ ਤਾਂ ਤੈਨੂੰ ਵੀ ਗੋਲੀ ਮਾਰ ਦਿਆਂਗਾ ਅਤੇ ਮੈਥੋਂ ਨੋਟਾਂ ਨਾਲਾ ਬੈਗ ਖੋਹ ਕੇ ਮੋਟਰ ਸਾਈਕਲ ‘ਤੇ ਬੈਠ ਕੇ ਦੋਵੇਂ ਲੁਟੇਰੇ ਫਰਾਰ ਹੋ ਗਏ।