ਸ਼ਰਾਬੀ ਹੋ ਕੇ ਹਾਦਸਾ ਕਰਨ ਵਾਲੇ ਪ੍ਰਵਾਸੀ ਪੰਜਾਬੀ ਨੂੰ 18 ਮਹੀਨੇ ਕੈਦ ਤੇ ਦੇਸ਼ ਨਿਕਾਲੇ ਦਾ ਹੁਕਮ

jail
ਲੰਡਨ, 2 ਸਤੰਬਰ (ਪੋਸਟ ਬਿਊਰੋ)- ਸ਼ਰਾਬੀ ਹੋ ਕੇ ਗੱਡੀ ਚਲਾਉਣ ਵਾਲੇ ਜਾਅਲੀ ਪੰਜਾਬੀ ਪ੍ਰਵਾਸੀ ਹਰਦੀਪ ਸਿੰਘ (33 ਸਾਲ) ਨੂੰ 18 ਮਹੀਨੇ ਦੀ ਕੈਦ ਪਿੱਛੋਂ ਡਿਪੋਰਟ ਕਰਨ ਦੀ ਸਜ਼ਾ ਸੁਣਾਈ ਗਈ।
ਰੌਸਟਰ ਕਰਾਊਨ ਕੋਰਟ ‘ਚ ਚੱਲੇ ਇਸ ਜਾਅਲੀ ਪ੍ਰਵਾਸ, ਮੋਟਰ ਅਪਰਾਧ ਅਤੇ ਕਾਨੂੰਨ ਦੇ ਰਾਹ ‘ਚ ਅੜਿੱਕਾ ਪਾਉਣ ਦੇ ਕਈ ਦੋਸ਼ਾਂ ਦੇ ਕੇਸ ਦੌਰਾਨ ਦੱਸਿਆ ਗਿਆ ਕਿ ਹਰਦੀਪ ਸਿੰਘ ਵਾਸੀ ਵਿਟਲੇ ਸਟਰੀਟ, ਵੁਲਵਰਹੈਂਪਟਨ ਸਾਲ 2011 ਤੋਂ ਕਾਨੂੰਨ ਦੀਆਂ ਅੱਖਾਂ ਵਿੱਚ ਘੱਟਾ ਪਾ ਰਿਹਾ ਸੀ। ਉਹ ਸਾਲ 2009 ‘ਚ ਵਿਦਿਆਰਥੀ ਵੀਜ਼ੇ ‘ਤੇ ਇਸ ਦੇਸ਼ ਵਿੱਚ ਆਇਆ ਸੀ, ਪਰ ਸਾਲ 2011 ਵਿੱਚ ਉਸ ਦੇ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਵਾਪਸ ਨਹੀਂ ਗਿਆ, ਸਗੋਂ ਨਾਂਅ ਬਦਲ ਕੇ ਜਾਅਲੀ ਤੌਰ ਉੱਤੇ ਰਹਿੰਦਾ ਰਿਹਾ। ਪਿਛਲੇ ਸਾਲ 16 ਮਈ ਨੂੰ ਮੋਟਰਵੇਅ 5 ਉੱਤੇ ਉਹ ਫੌਕਸ ਵੈਗਨ ਟੌਰਨ ਗੱਡੀ 96.4 ਮੀਲ ਪ੍ਰਤੀ ਘੰਟਾ ਦੀ ਰਫਤਾਰ ‘ਤੇ ਦੌੜਾਉਂਦਾ ਪੁਲਸ ਨੇ ਕਾਬੂ ਕੀਤਾ, ਪਰ ਹਰਦੀਪ ਸਿੰਘ ਨੇ ਆਪਣਾ ਨਾਂਅ, ਜਨਮ ਮਿਤੀ ਅਤੇ ਹੋਰ ਜਾਣਕਾਰੀ ਗਲਤ ਦਿੱਤੀ। ਪੁਲਸ ਨੇ ਦੱਸਿਆ ਕਿ ਸਾਹ ਟੈਸਟ ‘ਚ ਉਸ ਨੂੰ ਸ਼ਰਾਬੀ ਪਾਇਆ ਗਿਆ। ਹਰਦੀਪ ਨੂੰ ਕਿਡਰਮਿੰਸਟਰ ਮੈਜਿਸਟਰੇਟ ਵਿਖੇ ਦੋ ਜੂਨ 2016 ਨੂੰ ਪੇਸ਼ ਹੋਣ ਦਾ ਆਦੇਸ਼ ਦੇ ਕੇ ਜ਼ਮਾਨਤ ‘ਤੇ ਛੱਡ ਦਿੱਤਾ ਗਿਆ, ਪਰ ਉਹ ਅਦਾਲਤ ‘ਚ ਪੇਸ਼ ਨਹੀਂ ਹੋਇਆ ਤੇ ਉਸ ਦੇ ਗ੍ਰਿਫਤਾਰੀ ਵਾਰੰਟ ਕੱਢ ਦਿੱਤੇ ਗਏ। ਫਿਰ 16 ਜੁਲਾਈ 2017 ਨੂੰ ਮੁੜ ਰੌਸਟਰ ਤੇ ਮੋਟਰਵੇਅ ਐਮ 5 ਵਿਖੇ ਹਾਦਸਾ ਕਰ ਦਿੱਤਾ। ਇਸ ਦੌਰਾਨ ਹਰਦੀਪ ਸਿੰਘ ਨੇ ਆਪਣੀ ਕਾਰ ਦੀ ਚਾਬੀ ਉਸ ਔਰਤ ਨੂੰ ਦੇਣ ਦੀ ਕੋਸ਼ਿਸ਼ ਕੀਤੀ, ਜਿਸ ਨੇ ਉਸ ਦੀ ਮਦਦ ਲਈ ਹਾਲ ਚਾਲ ਪੁੱਛਿਆ ਸੀ। ਮੌਕੇ ‘ਤੇ ਪਹੁੰਚੀ ਪੁਲਸ ਨੂੰ ਇਕ ਵਾਰ ਫਿਰ ਚਕਮਾ ਦੇਣ ਲਈ ਹਰਦੀਪ ਨੇ ਆਪਣਾ ਫਰਜ਼ੀ ਨਾਂਅ ਰੌਕੀ ਸਿੰਘ ਦੱਸਿਆ। ਉਸ ਦਾ ਸਾਹ ਟੈਸਟ ਹੋਇਆ ਤਾਂ ਉਸ ਨੇ ਆਮ ਨਾਲੋਂ ਤਿੰਨ ਗੁਣਾ ਵੱਧ ਮਾਤਰਾ ‘ਚ ਸ਼ਰਾਬ ਪੀਤੀ ਹੋਈ ਸੀ। ਉਸ ਦੀਆਂ ਉਂਗਲੀਆਂ ਦੇ ਨਿਸ਼ਾਨਾਂ ਦੀ ਜਾਂਚ ਤੋਂ ਬਾਅਦ ਹਰਦੀਪ ਦੀ ਅਸਲੀਅਤ ਸਾਹਮਣੇ ਆਈ। ਹਰਦੀਪ ਸਿੰਘ ਨੂੰ ਬਿਨਾਂ ਲਾਇਸੰਸ, ਬਿਨਾਂ ਇੰਸ਼ੋਰੰਸ ਅਤੇ ਹੋਰ ਲਾਜ਼ਮੀ ਦਸਤਾਵੇਜ਼ਾਂ ਤੋਂ ਬਗੈਰ ਖਤਰਨਾਕ ਢੰਗ ਨਾਲ ਸ਼ਰਾਬੀ ਹਾਲਤ ‘ਚ ਤੇਜ਼ ਰਫਤਾਰ ਗੱਡੀ ਚਲਾਉਣ, ਕਾਨੂੰਨੀ ਰਾਹ ਵਿੱਚ ਅੜਿੱਕਾ ਪਾਉਣ, ਪੁਲਸ ਨੂੰ ਗਲਤ ਜਾਣਕਾਰੀ ਦੇਣ, ਜ਼ਮਾਨਤ ਦੌਰਾਨ ਫਰਾਰ ਹੋਣ ਤੇ ਵੀਜ਼ਾ ਖਤਮ ਹੋਣ ਪਿੱਛੋਂ ਇੰਗਲੈਂਡ ‘ਚ ਗੈਰ ਕਾਨੂੰਨੀ ਢੰਗ ਨਾਲ ਰਹਿਣ ਦੇ ਦੋਸ਼ੀ ਪਾਇਆ ਗਿਆ। ਅਦਾਲਤ ‘ਚ ਦੱਸਿਆ ਗਿਆ ਕਿ ਹਰਦੀਪ ਸਿੰਘ ਸਾਲ 2014 ‘ਚ ਜਾਅਲੀ ਤੌਰ ‘ਤੇ ਕੰਮ ਕਰਦਾ ਵੀ ਫੜਿਆ ਗਿਆ ਸੀ। ਓਦੋਂ ਵੀ ਉਹ ਜ਼ਮਾਨਤ ‘ਤੇ ਛੁੱਟ ਗਿਆ। ਅਦਾਲਤ ਵੱਲੋਂ ਹਰਦੀਪ ਸਿੰਘ ਦੇ ਜੁਰਮਾਂ ਨੂੰ ਗੰਭੀਰ ਮੰਨਦਿਆਂ ਉਸ ਨੂੰ 18 ਮਹੀਨੇ ਦੀ ਕੈਦ ਅਤੇ ਸਜ਼ਾ ਪੂਰੀ ਹੋਣ ਪਿੱਛੋਂ ਡਿਪੋਰਟ ਕਰਨ ਦੀ ਸਜ਼ਾ ਸੁਣਾਈ।