ਸ਼ਰਮਸਾਰ ਹੋ ਕੇ ਵੀ ਪਾਕਿ ਨੂੰ ਅੱਤਵਾਦ ਤੋਂ ਪ੍ਰਹੇਜ਼ ਨਹੀਂ

pakistan terrorism
-ਵਿਸ਼ਨੂੰ ਗੁਪਤ
ਭਾਰਤੀ ਕੂਟਨੀਤਕ ਵਰਗ ਵੱਲੋਂ ਯੂ ਐੱਨ ਓ ਵਿੱਚ ਪਾਕਿਸਤਾਨ ਨੂੰ ਟੈਰਰਿਸਤਾਨ ਕਹਿਣਾ ਭਾਰਤੀ ਬੁੱਧੀਜੀਵੀਆਂ ਤੇ ਐਕਟੀਵਿਸਟਾਂ ਦੇ ਇੱਕ ਹਿੱਸੇ ਨੂੰ ਨਾਗਵਾਰ ਕਿਉਂ ਗੁਜ਼ਰਿਆ? ਇਹ ਲੋਕ ਭਾਰਤ ਨੂੰ ਖਲਨਾਇਕ ਸਿੱਧ ਕਰਨ ਲਈ ਸਰਗਰਮ ਕਿਉਂ ਹੋ ਗਏ? ਪਾਕਿਸਤਾਨ ਵਿਰੁੱਧ ਭਾਰਤੀ ਕੂਟਨੀਤਕ ਵਰਗ ਦੀ ਇਹ ਹਮਲਾਵਰੀ ਦਲੇਰੀ ਹੈ, ਕਿਉਂਕਿ ਪਾਕਿਸਤਾਨ ਨੇ ਸਾਨੂੰ ਅੱਤਵਾਦ ਦਾ ਸੌਖਾ ਸ਼ਿਕਾਰ ਸਮਝਿਆ ਪਿਆ ਹੈ। ਇੰਨਾ ਹੀ ਨਹੀਂ, ਉਹ ਪੂਰੀ ਦੁਨੀਆ ਨੂੰ ਅੱਤਵਾਦ ਦਾ ਸ਼ਿਕਾਰ ਬਣਾਉਣ ‘ਤੇ ਤੁਲਿਆ ਹੋਇਆ ਹੈ। ਕੀ ਇਹ ਸੱਚਾਈ ਕਿਸੇ ਤੋਂ ਲੁਕੀ ਹੈ?
ਭਾਰਤ ਨੇ ਪਾਕਿਸਤਾਨ ਵਿਰੁੱਧ ਯੂ ਐੱਨ ਓ ਵਿੱਚ ਜੋ ਹਮਲਾਵਰੀ ਦਿਖਾਈ ਹੈ, ਉਹ ਯਕੀਨੀ ਤੌਰ ਉੱਤੇ ਨਾ ਸਿਰਫ ਜ਼ਰੂਰੀ ਸੀ, ਸਗੋਂ ਪਾਕਿਸਤਾਨ ਨੂੰ ਸ਼ਰਮਸਾਰ ਕਰਨ ਅਤੇ ਉਸ ਦੀ ਅੱਤਵਾਦੀ ਮਾਨਸਿਕਤਾ ਨੂੰ ਖਤਮ ਕਰਨ ਲਈ ਦਲੇਰੀ ਭਰੀ ਕੂਟਨੀਤੀ ਦਾ ਪ੍ਰਦਰਸ਼ਨ ਵੀ ਸੀ। ਪੂਰੀ ਦੁਨੀਆ ਨੇ ਨਾ ਸਿਰਫ ਭਾਰਤ ਦੀ ਦਲੇਰੀ ਭਰੀ ਕੂਟਨੀਤੀ ਨੂੰ ਦੇਖਿਆ, ਸਗੋਂ ਪਾਕਿਸਤਾਨ ਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਹੁਣ ਉਸ ਦੀ ਅੱਤਵਾਦ ਵਾਲੀ ਨੀਤੀ ਉੱਤੇ ਕੋਈ ਸਮਰਥਨ ਦੇਣ ਲਈ ਤਿਆਰ ਨਹੀਂ ਹੈ। ਪਾਕਿਸਤਾਨ ਦੀ ਬਹੁਤ ਕੋਸ਼ਿਸ਼ ਸੀ ਕਿ ਉਹ ਭਾਰਤ ਨੂੰ ਪ੍ਰੇਸ਼ਾਨੀ ਵਿੱਚ ਪਾਵੇ ਤੇ ਕਸ਼ਮੀਰ ਦੇ ਸਵਾਲ ‘ਤੇ ਦੁਨੀਆ ਸਾਹਮਣੇ ਨਿਖੇੜ ਦੇਵੇ। ਯਕੀਨੀ ਤੌਰ ਉੱਤੇ ਪਾਕਿਸਤਾਨ ਦੀ ਇਹ ਕੋਸ਼ਿਸ਼ ਅਸਫਲ ਹੋਈ ਤੇ ਉਲਟਾ ਉਸ ਨੂੰ ਸ਼ਰਮਸਾਰ ਵੀ ਹੋਣਾ ਪਿਆ ਤੇ ਦੁਨੀਆ ਦੀਆਂ ਨਜ਼ਰਾਂ ਵਿੱਚ ਉਹ ਅੱਤਵਾਦੀ ਦੇਸ਼ ਸਿੱਧ ਹੋਇਆ।
ਪਾਕਿਸਤਾਨ ਨੂੰ ਟੈਰਰਿਸਤਾਨ ਦਾ ਜੋ ਨਾਂਅ ਦਿੱਤਾ ਗਿਆ, ਉਹ ਬਹੁਤ ਜ਼ਰੂਰੀ ਸੀ। ਜ਼ਾਹਿਰਾ ਤੌਰ ‘ਤੇ ਪਾਕਿਸਤਾਨ ਨਾ ਸਿਰਫ ਭਾਰਤ, ਸਗੋਂ ਪੂਰੀ ਦੁਨੀਆ ਵਿੱਚ ਅੱਤਵਾਦ ਫੈਲਾਉਂਦਾ ਹੈ, ਅੱਤਵਾਦ ਦੀ ਖੇਤੀ ਕਰਦਾ ਹੈ, ਅੱਤਵਾਦ ਦੀਆਂ ਫੈਕਟਰੀਆਂ ਚਲਾਉਂਦਾ ਹੈ ਤੇ ਦੁਨੀਆ ਦੇ ਬੇਕਸੂਰ ਲੋਕਾਂ ਦਾ ਖੂਨ ਵਹਾਉਂਦਾ ਹੈ।
ਕੀ ਇਹ ਸਹੀ ਨਹੀਂ ਕਿ ਓਸਾਮਾ ਬਿਨ ਲਾਦੇਨ ਪਾਕਿਸਤਾਨ ਵਿੱਚ ਬੈਠ ਕੇ ਆਪਣਾ ਅੱਤਵਾਦੀ ਸੰਗਠਨ ਚਲਾਉਂਦਾ ਸੀ? ਕੀ ਇਹ ਸਹੀ ਨਹੀਂ ਕਿ ਅਮਰੀਕਾ ਨੇ ਪਾਕਿਸਤਾਨ ਦੀ ਧਰਤੀ ‘ਤੇ ਹਮਲਾ ਕਰ ਕੇ ਲਾਦੇਨ ਨੂੰ ਮਾਰਿਆ? ਕੀ ਇਹ ਸਹੀ ਨਹੀਂ ਕਿ ਪਾਕਿਸਤਾਨ ਵਾਰ ਵਾਰ ਲਾਦੇਨ ਦੇ ਉਥੇ ਹੋਣ ਤੋਂ ਇਨਕਾਰ ਕਰਦਾ ਰਿਹਾ? ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਸਿੱਧ ਕਰਨ ਲਈ ਹੋਰ ਕਿੰਨੇ ਸਬੂਤ ਚਾਹੀਦੇ ਹਨ? ਇਸ ਦੇ ਉਲਟ ਫਿਰ ਵੀ ਉਸ ਨੇ ਖੁਦ ਨੂੰ ਇੱਕ ਘਟੀਆ ਅਤੇ ‘ਖਲਨਾਇਕ ਦੇਸ਼’ ਵਜੋਂ ਖੜ੍ਹਾ ਕੀਤਾ ਹੈ।
ਅਜਿਹੇ ਲੋਕਾਂ ਨੇ ਭਾਰਤ ਦੀ ਆਲੋਚਨਾ ਲਈ ਸੋਸ਼ਲ ਮੀਡੀਆ ਨੂੰ ਹੱਥਕੰਡੇ ਵਜੋਂ ਇਸਤੇਮਾਲ ਕੀਤਾ। ਇਹ ਲੋਕ ਹਮੇਸ਼ਾ ਭਾਰਤ ਦੇ ਵਿਰੋਧੀ ਤੇ ਪਾਕਿਸਤਾਨ ਪੱਖੀ ਸਰਗਰਮੀ ਦਿਖਾਉਣ ਲਈ ਬਦਨਾਮ ਰਹੇ ਹਨ।
ਗੁਲਾਮ ਨਬੀ ਫਾਈ ਦਾ ਕਾਂਡ ਯਾਦ ਕਰੋ, ਜਿਸ ਨੇ ਆਪਣੇ ਪਾਕਿਸਤਾਨੀ ਪੈਸੇ ਦੇ ਦਮ ਉੱਤੇ ਭਾਰਤੀ ਪੱਤਰਕਾਰਾਂ, ਲੇਖਕਾਂ, ਸਾਹਿਤਕਾਰਾਂ ਦੀ ਆਤਮਾ ਅਤੇ ਈਮਾਨ ਖਰੀਦਿਆ ਸੀ। ਉਹ ਪਾਕਿਸਤਾਨ ਦਾ ਮੋਹਰਾ ਸੀ ਤੇ ਅਮਰੀਕਾ ਵਿੱਚ ਰਹਿੰਦਾ ਸੀ। ਉਸ ਦੇ ਸੱਦੇ ਉੱਤੇ ਐਸ਼ ਕਰਨ ਅਮਰੀਕਾ ਜਾਣ ਵਾਲੇ ਭਾਰਤੀ ਪੱਤਰਕਾਰ, ਲੇਖਕ, ਸਾਹਿਤਕਾਰ ਪਾਕਿਸਤਾਨ ਦੇ ਪੱਖ ਵਿੱਚ ਬੋਲਦੇ ਤੇ ਭਾਰਤ ਵਿਰੁੱਧ ਆਪਣੀ ਰਾਏ ਪ੍ਰਗਟਾਉਂਦੇ ਸਨ। ਇਸ ਮਾਨਸਿਕਤਾ ਵਾਲੇ ਲੋਕਾਂ ਨੇ ਭਾਰਤੀ ਫੌਜ ਵੱਲੋਂ ਕੀਤੇ ਗਏ ਸਰਜੀਕਲ ਸਟਰਾਈਕ ਨੂੰ ਵੀ ਨਿਸ਼ਾਨਾ ਬਣਾਇਆ, ਪਰ ਜਦੋਂ ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿੱਚ ਦਿਲ ਕੰਬਾਊ ਹਮਲੇ ਹੁੰਦੇ ਹਨ, ਬੇਕਸੂਰ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ, ਅੱਤਵਾਦੀ ਵਾਰਦਾਤਾਂ ਹੁੰਦੀਆਂ ਹਨ, ਉਦੋਂ ਇਹ ਲੋਕ ਚੁੱਪ ਵੱਟ ਲੈਂਦੇ ਹਨ ਤੇ ਜਦੋਂ ਭਾਰਤ ਬਦਲਾ ਲੈਣ ਦਾ ਕਦਮ ਵਧਾਉਂਦਾ ਹੈ, ਉਦੋਂ ਇਹ ਲੋਕ ਫਿਰ ਸ਼ਾਂਤੀ ਸ਼ਾਂਤੀ ਚਿੱਲਾਣ ਲੱਗ ਪੈਂਦੇ ਹਨ। ਸਿਰਫ ਭਾਰਤ ਹੀ ਨਹੀਂ, ਸਗੋਂ ਪਾਕਿਸਤਾਨ ਦੇ ਹੋਰਨਾਂ ਗੁਆਂਢੀ ਦੇਸ਼ਾਂ ਨੇ ਵੀ ਪਾਕਿਸਤਾਨ ਦੀ ਖੂਬ ਖਿਚਾਈ ਕੀਤੀ ਹੈ। ਇਨ੍ਹਾਂ ਵਿੱਚ ਮੁਸਲਿਮ ਦੇਸ਼ ਵੀ ਸ਼ਾਮਲ ਹਨ। ਭਾਰਤ ਨੇ ਪਾਕਿਸਤਾਨ ਨੂੰ ਟੈਰਰਿਸਤਾਨ ਕਿਹਾ ਤਾਂ ਅਫਗਾਨਿਸਤਾਨ ਨੇ ਪਾਕਿਸਤਾਨ ਨੂੰ ਅੱਤਵਾਦ ਦਾ ਘਰ ਕਿਹਾ ਹੈ। ਬੰਗਲਾ ਦੇਸ਼ ਨੇ ਕਿਹਾ ਕਿ ਉਹ ਵੀ ਪਾਕਿਸਤਾਨ ਵੱਲੋਂ ਚਲਾਏ ਜਾਂਦੇ ਅੱਤਵਾਦ ਦਾ ਸ਼ਿਕਾਰ ਹੈ।
ਕਈ ਸਾਲਾਂ ਤੋਂ ਪਾਕਿਸਤਾਨ ਦਾ ਸਮਰਥਕ ਚੀਨ ਵੀ ਇਸ ਮਾਮਲੇ ਵਿੱਚ ਉਸ ਤੋਂ ਹੱਥ ਪਿੱਛੇ ਖਿੱਚ ਰਿਹਾ ਹੈ ਤੇ ਉਸ ਨੇ ਕਿਹਾ ਹੈ ਕਿ ਪਾਕਿਸਤਾਨ ਕਸ਼ਮੀਰ ਦੇ ਮੁੱਦੇ ਨੂੰ ਆਪਸੀ ਗੱਲਬਾਤ ਨਾਲ ਸੁਲਝਾਏ, ਭਾਵ ਚੀਨ ਹੁਣ ਕਸ਼ਮੀਰ ਦੇ ਮੁੱਦੇ ਉੱਤੇ ਪਾਕਿਸਤਾਨ ਦਾ ਕੌਮਾਂਤਰੀ ਮੰਚਾਂ ‘ਤੇ ਸਮਰਥਨ ਨਹੀਂ ਕਰੇਗਾ। ਕਦੇ ਅਮਰੀਕਾ ਨੇ ਪਾਕਿਸਤਾਨ ਨੂੰ ਸ਼ਹਿ ਦਿੱਤੀ ਸੀ, ਪਰ ਅੱਜ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਸਾਫ ਕਹਿ ਦਿੱਤਾ ਹੈ ਕਿ ਪਾਕਿਸਤਾਨ ਸੁਧਰ ਜਾਵੇ, ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ। ਪਾਕਿਸਤਾਨ ਲਈ ਇਸ ਤੋਂ ਜ਼ਿਆਦਾ ਸ਼ਰਮਿੰਦਗੀ ਵਾਲੀ ਹੋਰ ਕੀ ਗੱਲ ਹੋਵੇਗੀ? ਇੰਨਾ ਹੀ ਨਹੀਂ, ਮੁਸਲਿਮ ਦੁਨੀਆ ਦੇ ਮੰਚ ‘ਤੇ ਵੀ ਹੁਣ ਪਾਕਿਸਤਾਨ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਜਦ ਮੁਸਲਿਮ ਦੇਸ਼ ਵੀ ਪਾਕਿਸਤਾਨ ਦਾ ਸਾਥ ਛੱਡ ਰਹੇ ਹਨ ਤਾਂ ਉਸ ਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ ਕਿ ਹੁਣ ਉਸ ਲਈ ਅਗਾਂਹ ਦਾ ਸਮਾਂ ਮੁਸ਼ਕਲਾਂ ਵਾਲਾ ਹੈ ਤੇ ਉਸ ਨੂੰ ਆਪਣੀ ਅੱਤਵਾਦੀ ਨੀਤੀ, ਮਾਨਸਿਕਤਾ ਦਾ ਸਮਰਥਨ ਮਿਲਣਾ ਮੁਸ਼ਕਲ ਹੈ।
ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਯੂ ਐੱਨ ਓ ਵਿੱਚ ਜੋ ਸ਼ੀਸ਼ਾ ਦਿਖਾਇਆ ਹੈ, ਉਹ ਪਾਕਿਸਤਾਨ ਲਈ ਬਿਹਤਰ ਸਬਕ ਦੇਣ ਵਾਲਾ ਤੇ ਵਿਕਾਸਮੁਖੀ ਹੋ ਸਕਦਾ ਹੈ। ਸੁਸ਼ਮਾ ਸਵਰਾਜ ਨੇ ਦਿ੍ਰੜਤਾ ਨਾਲ ਕਿਹਾ ਕਿ ‘ਦੁਨੀਆ ਸਾਡਾ ਵਿਕਾਸ ਦੇਖ ਰਹੀ ਹੈ, ਸਾਡੇ ਨੌਜਵਾਨ ਦੁਨੀਆ ਭਰ ਵਿੱਚ ਆਪਣੇ ਹੁਨਰ ਦਾ ਲੋਹਾ ਮੰਨਵਾ ਰਹੇ ਹਨ। ਅਸੀਂ ਡਾਕਟਰ, ਇੰਜੀਨੀਅਰ, ਵਿਗਿਆਨੀ ਤੇ ਸਮਾਜ ਸ਼ਾਸਤਰੀ ਪੈਦਾ ਕੀਤੇ ਹਨ, ਜੋ ਆਪੋ ਆਪਣੇ ਗਿਆਨ ਵਿਗਿਆਨ ਨਾਲ ਮਨੁੱਖਤਾ ਦੀ ਸੇਵਾ ਕਰਦੇ ਹਨ, ਪਰ ਪਾਕਿਸਤਾਨ ਨੇ ਕੀ ਪੈਦਾ ਕੀਤਾ? ਸਿਰਫ ਅੱਤਵਾਦੀ? ਹਮਲਾਵਰ? ਹਿੰਸਕ ਲੋਕ? ਨਫਰਤ ਫੈਲਾਉਣ ਵਾਲੇ ਲੋਕ, ਜੋ ਮਨੁੱਖਤਾ ਦਾ ਖੂਨ ਕਰ ਕੇ ਖੁਸ਼ ਹੁੰਦੇ ਹਨ?’
ਜੇ ਭਾਰਤ ਵਾਂਗ ਪਾਕਿਸਤਾਨ ਨੇ ਵੀ ਆਪਣੇ ਦੇਸ਼ ਵਿੱਚ ਅੱਤਵਾਦੀ ਹਿੰਸਾ ਰੋਕੀ ਹੁੰਦੀ, ਅੱਤਵਾਦੀ ਸੰਗਠਨਾਂ ਨੂੰ ਆਪਣੀ ਹੱਦ ਵਿੱਚ ਰੱਖਿਆ ਹੁੰਦਾ ਤਾਂ ਯਕੀਨੀ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਉਹ ਅੱਜ ਦੁਨੀਆ ਸਾਹਮਣੇ ਮਜ਼ਾਕ ਦਾ ਪਾਤਰ ਨਾ ਬਣਦਾ, ਸਗੋਂ ਭਾਰਤ ਵਾਂਗ ਉਸ ਦੀ ਗੱਲ ਨਾ ਸੁਣੀ ਜਾਂਦੀ। ਇੰਨਾ ਸਭ ਕੁਝ ਹੋਣ ਦੇ ਬਾਵਜੂਦ ਪਾਕਿਸਤਾਨ ਅਜੇ ਵੀ ਸੁਧਰਨ ਲਈ ਤਿਆਰ ਨਹੀਂ ਹੈ। ਪਾਕਿਸਤਾਨ ਦੀ ਫੌਜ ਅਜਿਹੀ ਸੰਸਾਰਕ ਨਫਰਤ ਤੇ ਮਜ਼ਾਕ ਤੋਂ ਕੋਈ ਸਬਕ ਲਵੇਗੀ ਜਾਂ ਖੁਦ ਨੂੰ ਸੁਧਾਰ ਲਵੇਗੀ, ਇਹ ਕਹਿਣਾ ਮੁਸ਼ਕਲ ਹੈ। ਭਾਰਤ ਨੂੰ ਹਮੇਸ਼ਾ ਡਟ ਕੇ ਪਲਟਵਾਰ ਕਰਨਾ ਚਾਹੀਦਾ ਹੈ ਤਾਂ ਹੀ ਪਾਕਿਸਤਾਨ ਨੂੰ ਉਸ ਦੀ ਔਕਾਤ ਦਾ ਅਹਿਸਾਸ ਹੋਵੇਗਾ।