ਸ਼ਰਦ ਯਾਦਵ ਕਹਿੰਦਾ: ਮੈਨੂੰ ਲੋਕਤੰਤਰ ਲਈ ਬੋਲਣ ਦੀ ਸਜ਼ਾ ਮਿਲੀ ਹੈ


ਨਵੀਂ ਦਿੱਲੀ, 6 ਦਸੰਬਰ (ਪੋਸਟ ਬਿਊਰੋ)- ਸੀਨੀਅਰ ਸਮਾਜਵਾਦੀ ਆਗੂ ਸ਼ਰਦ ਯਾਦਵ ਨੇ ਰਾਜ ਸਭਾ ਦੀ ਮੈਂਬਰੀ ਰੱਦ ਕੀਤੇ ਜਾਣ ਤੋਂ ਬਾਅਦ ਕੱਲ੍ਹ ਕਿਹਾ ਕਿ ਉਨ੍ਹਾਂ ਨੰ ਲੋਕਤੰਤਰ ਲਈ ਬੋਲਣ ਦੀ ਸਜ਼ਾ ਮਿਲੀ ਹੈ।
ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਜਨਤਾ ਦਲ (ਯੂ) ਵੱਲੋਂ ਰਾਜ ਸਭਾ ਮੈਂਬਰ ਸ਼ਰਦ ਯਾਦਵ ਅਤੇ ਅਲੀ ਅਨਵਰ ਨੂੰ ਮੈਂਬਰੀ ਤੋਂ ਅਯੋਗ ਕਰਾਰ ਦੇ ਦਿੱਤਾ ਸੀ। ਰਾਜ ਸਭਾ ਵਿੱਚ ਜਨਤਾ ਦਲ (ਯੂ) ਪਾਰਲੀਮੈਂਟਰੀ ਪਾਰਟੀ ਦੇ ਆਗੂ ਆਰ ਸੀ ਪੀ ਸਿੰਘ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਰ ਕੇ ਯਾਦਵ ਅਤੇ ਅਨਵਰ ਦੀ ਮੈਂਬਰੀ ਰੱਦ ਕਰਨ ਦੀ ਸਿਫਾਰਸ਼ ਕੀਤੀ ਸੀ। ਸ਼ਰਦ ਯਾਦਵ ਨੇ ਰਾਜ ਸਭਾ ਦੇ ਕੱਲ੍ਹ ਦੇ ਫੈਸਲੇ ‘ਤੇ ਆਪਣੀ ਪ੍ਰਤੀਕਿਰਿਆ ਵਿੱਚ ਕਿਹਾ ਕਿ ਬਿਹਾਰ ਵਿੱਚ ਬਣੇ ਗਠਜੋੜ ਨੂੰ ਤੋੜਨ ਬਾਰੇ ਆਪਣੀ ਪਾਰਟੀ ਦੇ ਫੈਸਲੇ ਵਿਰੁੱਧ ਜਾਣ ਕਰ ਕੇ ਉਨ੍ਹਾਂ ਨੂੰ ਰਾਜ ਸਭਾ ਦੀ ਮੈਂਬਰੀ ਗੁਆਉਣੀ ਪਈ ਹੈ। ਉਨ੍ਹਾਂ ਟਵੀਟ ਕੀਤਾ, ਮੈਨੂੰ ਰਾਜ ਸਭਾ ਮੈਂਬਰੀ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਹੈ। ਬਿਹਾਰ ਵਿੱਚ ਐੱਨ ਡੀ ਏ ਨੂੰ ਹਰਾਉਣ ਲਈ ਬਣੇ ਮਹਾਂਗਠਜੋੜ ਨੂੰ 18 ਮਹੀਨੇ ਵਿੱਚ ਹੀ ਸੱਤਾ ਵਿੱਚ ਬਣੇ ਰਹਿਣ ਦੇ ਮਕਸਦ ਨਾਲ ਐੱਨ ਡੀ ਏ ਵਿੱਚ ਸ਼ਾਮਲ ਹੋਣ ਲਈ ਤੋੜ ਦਿੱਤਾ ਗਿਆ। ਜੇ ਇਸ ਗੈਰ ਲੋਕਤੰਤਰੀ ਤਰੀਕੇ ਵਿਰੁੱਧ ਬੋਲਣਾ ਮੇਰੀ ਗਲਤੀ ਹੈ ਤਾਂ ਲੋਕਤੰਤਰ ਨੂੰ ਬਚਾਉਣ ਲਈ ਮੇਰੀ ਇਹ ਲੜਾਈ ਜਾਰੀ ਰਹੇਗੀ।