ਸ਼ਰਦ ਪਵਾਰ ਨੇ ਭਾਜਪਾ ਦੇ ਟਾਕਰੇ ਲਈ ਮਹਾ ਗਠਜੋੜ ਬਣਾਉਣ ਦੀ ਗੱਲ ਛੇੜੀ

sharad pawar
ਅਹਿਮਦਾਬਾਦ, 20 ਮਾਰਚ (ਪੋਸਟ ਬਿਊਰੋ)- ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਕੱਲ੍ਹ ਏਥੇ ਕਿਹਾ ਕਿ ਅਗਲੀਆਂ ਪਾਰਲੀਮੈਂਟ ਚੋਣਾਂ ਦੌਰਾਨ ਭਾਜਪਾ ਦਾ ਟਾਕਰਾ ਕਰਨ ਲਈ ਇਕਸਾਰ ਵਿਚਾਰਧਾਰਾ ਵਾਲੀਆਂ ਪਾਰਟੀਆਂ ਨੂੰ ਮਹਾਗਠਜੋੜ ਗਠਿਤ ਕਰ ਲੈਣਾ ਚਾਹੀਦਾ ਹੈ।
ਸ਼ਰਦ ਪਵਾਰ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਯੋਗੀ ਅਦਿੱਤਯਾਨਾਥ ਦੇ ਮੁੱਖ ਮੰਤਰੀ ਬਣਨ ਨਾਲ ਸੂਬੇ ਵਿੱਚ ਮੰਦਰ-ਮਸਜਿਦ ਦੀ ਸਿਆਸਤ ਤੇਜ਼ ਹੋ ਸਕਦੀ ਹੈ। ਗੁਜਰਾਤ ਦੀ ਰਾਜਧਾਨੀ ਵਿੱਚ ਅਪਣੀ ਪਾਰਟੀ ਦੇ ਨਵੇਂ ਦਫਤਰ ਦਾ ਉਦਘਾਟਨ ਕਰਨ ਲਈ ਪੁੱਜੇ ਸ਼ਰਦ ਪਵਾਰ ਦਾ ਕਹਿਣਾ ਸੀ ਕਿ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਮਿਲੇ ਲੋਕ ਫਤਵੇ ਤੋਂ ਇੱਕ ਗੱਲ ਬਿਲਕੁਲ ਸਾਫ ਹੈ ਕਿ ਇਕਸਾਰ ਵਿਚਾਰਧਾਰਾ ਵਾਲੀਆਂ ਪਾਰਟੀਆਂ ਨੂੰ ਸਾਂਝੇ ਮੰਚ ‘ਤੇ ਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਸਾਰੀਆਂ ਗੈਰ ਭਾਜਪਾ ਪਾਰਟੀਆਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਾਰਗੁਜ਼ਾਰੀ ਦੀ ਸਵੈ ਪੜਚੋਲ ਕਰਨੀ ਚਾਹੀਦੀ ਹੈ। ਇਹ ਜ਼ਰੂਰੀ ਹੈ ਕਿ ਇਕਸਾਰ ਵਿਚਾਰਧਾਰਾ ਵਾਲੀਆਂ ਪਾਰਟੀਆਂ ਇੱਕ ਦੂਜੇ ਦੇ ਨੇੜੇ ਆ ਜਾਣ। ਇਹ ਪੁੱਛੇ ਜਾਣ ਉੱਤੇ ਕਿ ਕੀ ਇਸ ਮਕਸਦ ਲਈ ਉਪਰਾਲੇ ਆਰੰਭ ਦਿੱਤੇ ਗਏ ਹਨ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।