ਵੱਡੇ ਭਾਈ

-ਰਘਬੀਰ ਸਿੰਘ ਮਾਨ
ਤੜਕੇ ਤੋਂ ਭਰਵਾਂ ਮੀਂਹ ਪੈ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਇਹ ਮੀਂਹ ਕਿਸਾਨਾਂ ਲਈ ਵਰਦਾਨ ਹੋਵੇਗਾ, ਕਿਉਂਕਿ ਇਨ੍ਹਾਂ ਦਿਨਾਂ ਵਿੱਚ ਝੋਨੇ ਦੀ ਲਵਾਈ ਜ਼ੋਰਾਂ ‘ਤੇ ਸੀ। ਦਿਹਾੜੀਦਾਰਾਂ, ਫਿਰ ਤੁਰ ਕੇ ਸੌਦਾ ਵੇਚਣ ਵਾਲਿਆਂ ਲਈ ਇਹ ਮੀਂਹ ਸੁਖਾਵਾਂ ਨਹੀਂ ਹੋਵੇਗਾ। ਉਨ੍ਹਾਂ ਦੀ ਅੱਜ ਦਿਹਾੜੀ ਟੁੱਟ ਜਾਵੇਗੀ। ਮਾਲ ਡੰਗਰ ਰੱਖਣ ਵਾਲਿਆਂ ਲਈ ਵੀ ਇਹ ਮੀਂਹ ਡਾਢੀ ਮੁਸੀਬਤ ਭਰਿਆ ਹੋਵੇਗਾ।
‘ਜੀ ਬਾਹਰ ਵੇਖਿਓ। ਗੇਟ ਖੜਕਦੈ।’ ਮੇਰੀ ਪਤਨੀ ਨੇ ਰਸੋਈ ਵਿੱਚੋਂ ਆਵਾਜ਼ ਮਾਰੀ। ਮੀਂਹ ਵੱਲੋਂ ਮੇਰੀ ਸੁਰਤ ਟੁੱਟ ਗਈ ਸੀ। ਮੈਂ ਉਠਿਆ, ਚੱਪਲ ਪਾਈ ਤੇ ਬਾਹਰ ਗੇਟ ਵੱਲ ਨੂੰ ਵਧਿਆ। ਗੇਟ ਖੋਲ੍ਹਿਆ। ਬਾਹਰ ਰਾਜੂ ਖੜਾ ਸੀ। ਰੱਖਾ ਰਾਮ ਦਾ ਪੋਤਾ। ਰੱਖਾ ਰਾਮ ਮੇਰੇ ਪੁਰਖਿਆਂ ਦੇ ਸਮੇਂ ਤੋਂ ਸਾਡੇ ਖੂਹ ਉੱਤੇ ਖੇਤੀ ਦੇ ਕੰਮ ਵਿੱਚ ਹੱਥ ਵਟਾਇਆ ਕਰਦਾ ਸੀ। ਇਸ ਪਰਵਾਰ ਨਾਲ ਸਾਡੀ ਮੁੱਦਤਾਂ ਤੋਂ ਡੂੰਘੀ ਸਾਂਝ ਸੀ।
‘ਚਾਚਾ ਜੀ, ਬਾਬਾ ਪੂਰਾ ਹੋ ਗਿਆ।Ḕ ਰਾਜੂ ਨੇ ਮੈਨੂੰ ਕਿਹਾ।
‘ਓ ਹੋ…। ਕਦੋਂ…।’ ਮੈਂ ਇਕਦਮ ਪੁੱਛਿਆ।
‘ਤੜਕੇ ਜਿਹੇ ਜਦੋਂ ਮੀਂਹ ਸ਼ੁਰੂ ਹੋਇਆ ਸੀ।’ ਉਸ ਨੇ ਅੰਦਾਜ਼ੇ ਨਾਲ ਦੱਸਿਆ।
‘ਮੰਮੀ ਕਹਿੰਦੀ ਸੀ, ਤੁਸੀਂ ਘਰ ਨੂੰ ਹੁਣੇ ਆਇਓ।’ ਮੈਂ ਰਾਜੂ ਨੂੰ ਮੀਂਹ ਤੋਂ ਬੱਚਣ ਲਈ ਗੇਟ ਦੇ ਅੰਦਰ ਹੋਣ ਦਾ ਇਸ਼ਾਰਾ ਕੀਤਾ। ਇਹ ਕਹਿ ਕੇ ਉਹ ਉਨ੍ਹੀਂ ਪੈਰੀਂ ਪਰਤ ਗਿਆ। ਮੇਰੇ ਜ਼ਿਹਨ ਵਿੱਚ ਮਾਤਮ ਜਿਹਾ ਛਾ ਗਿਆ।
ਰੱਖਾ ਰਾਮ ਨਾਲ ਪਰਸੋਂ ਸ਼ਾਮ ਦਾ ਗੁਜ਼ਾਰਿਆ ਵੇਲਾ ਮੱਲੋਮੱਲੀ ਮੇਰੇ ਚੇਤੇ ਵਿੱਚ ਤਾਜ਼ਾ ਹੋ ਗਿਆ, ਜਦੋਂ ਮੈਂ ਆਪਣੀ ਪਤਨੀ ਨਿੰਮੋ ਨੂੰ ਨਾਲ ਲੈ ਕੇ ਉਸ ਦੀ ਬਿਮਾਰ ਦੀ ਖਬਰ ਲੈਣ ਗਿਆ ਸੀ। ਉਸ ਨੂੰ ਮੰਜੀ ਉੱਤੇ ਮਿੱਟੀ ਜਿਹੇ ਬਣੇ ਪਏ ਨੂੰ ਵੇਖ ਕੇ ਮੈਂ ਬਹੁਤ ਉਦਾਸ ਹੋ ਗਿਆ ਸੀ। ਛੋਟੀ ਜਿਹੀ ਕੋਠੜੀ ਵਿੱਚ ਅੱਧੋਰਾਣੀ ਮੰਜੀ ‘ਤੇ ਪਿਆ ਉਹ, ਕੋਈ ਡਰਾਉਣੀ ਸ਼ੈਅ ਜਾਪ ਰਿਹਾ ਸੀ। ਬਹੁਤ ਕਮਜ਼ੋਰ, ਇਕਦਮ ਹੱਡੀਆਂ ਦੀ ਮੁੱਠ। ਅੱਖਾਂ ‘ਚ ਢਾਕਦੀ ਗਿੱਦ। ਸਿਰ ਦੇ ਵਾਲ ਮੁੰਨ ਕੇ ਉਸ ਨੂੰ ਗੰਜਾ ਕੀਤਾ ਹੋਇਆ ਸੀ। ਉਸ ਨੂੰ ਮੈਂ ਮੋਏ ਜਿਹੇ ਮਨ ਨਾਲ ‘ਵੱਡੇ ਬਾਈ’ ਕਹਿ ਕੇ ਉਚੀ ਆਵਾਜ਼ ਵਿੱਚ ਬੁਲਾਇਆ, ਪਰ ਉਸ ਕਿਸੇ ਗੱਲ ਦਾ ਹੁੰਗਾਰਾ ਸਹੀ ਤਰੀਕੇ ਨਾਲ ਨਾ ਦਿੱਤਾ। ਜੋ ਉਹ ਬੋਲ ਰਿਹਾ ਸੀ, ਮੇਰੀ ਸਮਝ ਵਿੱਚ ਨਾ ਆਇਆ। ਉਹ ਸਾਨੂੰ ਆਪਣੇ ਕੋਲ ਖੜਿਆਂ ਵੇਖ ਕੇ ਉਠ ਕੇ ਬੈਠ ਗਿਆ ਸੀ। ਉਸ ਦੀ ਨਿੱਘਰੀ ਹਾਲਤ ਵੇਖ ਕੇ ਮੇਰਾ ਗੱਚ ਭਰ ਗਿਆ। ਉਹ ਮੇਰੇ ਪਿਤਾ ਜੀ ਨੂੰ ਚਾਚਾ ਕਹਿ ਕੇ ਬੁਲਾਉਂਦਾ ਸੀ। ਇਸ ਲਈ ਮੈਂ ਉਸ ਨੂੰ ਹਮੇਸ਼ਾ ‘ਵੱਡੇ ਭਾਈ’ ਕਿਹਾ ਕਰਦਾ ਸੀ। ਉਹ ਮੈਨੂੰ ‘ਛੋਟੇ ਭਾਈḔ ਕਹਿ ਕੇ ਬੁਲਾਉਂਦਾ ਹੁੰਦਾ ਸੀ, ਮੇਰਾ ਨਾਮ ਨਹੀਂ ਸੀ ਕਦੀ ਉਸ ਨੇ ਲਿਆ।
‘ਚਾਚਾ ਜੀ, ਹੁਣ ਭਾਈਆ ਸਿਆਣਦਾ ਨਹੀਂ। ਨਾ ਇਹਦੀ ਗੱਲ ਸਾਨੂੰ ਸਮਝ ਪੈਂਦੀ ਐ। ਇਸ਼ਾਰਿਆਂ ਨਾਲ ਹੀ ਖਾਣ ਪੀਣ ਨੂੰ ਦਿੰਦੇ ਆ।’ ਸਾਡੇ ਕੋਲ ਖੜੀ ਉਸ ਦੀ ਵੱਡੀ ਨੂੰਹ ਸ਼ਿੰਦੋ ਨੇ ਅਕਹਿ ਪੀੜ ਨਾਲ ਮੈਨੂੰ ਕਿਹਾ।
ਜਿਸ ਕੋਠੜੀ ਵਿੱਚ ਉਸ ਦੀ ਮੰਜੀ ਡੱਠੀ ਹੋਈ ਸੀ, ਉਸ ਵਿੱਚ ਸਿਰਫ ਮੰਜੀ ਜਿੰਨੀ ਜਗ੍ਹਾ ਖਾਲੀ ਸੀ। ਉਸ ਦੇ ਗਲ ਪਾਏ ਕੱਪੜੇ ਵੀ ਗੰਦੇ ਲੱਗ ਰਹੇ ਸਨ। ਮੈਂ ਢਿਲਕਵੀਂ ਤੋਰੇ ਬਾਹਰ ਵਿਹੜੇ ਵਿੱਚ ਉਸ ਦੀ ਪਤਨੀ ਜੀਤੋ ਦੇ ਮੰਜੇ ‘ਤੇ ਆ ਬੈਠਾ। ਮੈਂ ਸੋਚ ਰਿਹਾ ਸੀ ਕਿ ਇੰਨਾ ਸਾਫ ਸੁਥਰਾ ਰਹਿਣ ਵਾਲਾ ਬੰਦਾ, ਕਿਵੇਂ ਕੂੜੇ ‘ਚ ਕੂੜਾ ਹੋਇਆ ਪਿਆ ਸੀ। ਮੈਨੂੰ ਵੱਡੇ ਭਾਈ ਦੀ ਹਾਲਤ ਇਸ ਤਰ੍ਹਾਂ ਮਹਿਸੂਸ ਹੋ ਰਹੀ ਸੀ ਜਿਵੇਂ ਘਰ ਦੀ ਕਿਸੇ ਚੀਜ਼ ਨੂੰ ਵਾਧੂ ਜਾਣ ਕੇ ਕਿਸੇ ਖੱਲ ਖੂੰਜੇ ਸੁੱਟ ਦਿੱਤਾ ਜਾਂਦਾ ਹੈ। ਉਹ ਮਰਨ ਤੋਂ ਪਹਿਲਾਂ ਹੀ ਮੈਨੂੰ ਮਰ ਗਿਆ ਲੱਗਦਾ ਸੀ।
ਮੈਂ ਪੂਰੀ ਤਰ੍ਹਾਂ ਅਣਕਿਆਸੀ ਪੀੜ ਵਿੱਚ ਪੁਰੰਨਿਆ ਮਹਿਸੂਸ ਕਰ ਰਿਹਾ ਸਾਂ। ਬੇਵੱਸੀ ਜਿਹੀ ਵਿੱਚ ਮੈਂ ਚੁੱਪ ਚਾਪ ਬੈਠਾ ਵੱਡੇ ਭਾਈ ਦੀ ਬੀਤ ਚੁੱਕੀ ਜ਼ਿੰਦਗੀ ਬਾਰੇ ਸੋਚਦਾ ਰਿਹਾ। ਮੇਰੀ ਪਤਨੀ ਨਿੰਮੋ ਤੇ ਜੀਤੋ ਆਪਸ ਵਿੱਚ ਗੱਲਾਂ ਕਰਦੀਆਂ ਰਹੀਆਂ। ਤੁਰਨ ਵੇਲੇ ਮੈਂ ਜੀਤੋ ਦੇ ਹੱਥ ਕੁਝ ਰੁਪਏ ਦਿੰਦਿਆਂ ਉਸ ਨੂੰ ਵੱਡੇ ਭਾਈ ਦਾ ਖਿਆਲ ਰੱਖਣ ਲਈ ਕਿਹਾ। ਅਸੀਂ ਭਰੇ ਮਨ ਨਾਲ ਘਰ ਪਰਤ ਆਏ ਸਾਂ।
‘ਭਾਈਏ ਦਾ ਮਾੜਾ ਹੋਇਆ।Ḕ ਨਿੰਮੋ ਰਸੋਈ Ḕਚੋਂ ਬੈਡਰੂਮ ਵਿੱਚ ਆਉਂਦੀ ਬੋਲੀ। ਚਾਹ ਦੇ ਦੋ ਗਿਲਾਸ ਉਸ ਮੇਜ਼ ‘ਤੇ ਲਿਆ ਰੱਖੇ ਸਨ। ਮੇਰੀਆਂ ਅਤੇ ਰਾਜੂ ਦੀਆਂ ਗੱਲਾਂ ਉਸ ਸੁਣ ਲਈਆਂ ਸਨ। ਉਹ ਕਿਸੇ ਉਮਾਹ ਜਿਹੇ ਵਿੱਚ ਫਿਰ ਬੋਲੀ, ‘ਚੱਲੋ ਇਕ ਗੱਲੋਂ ਚੰਗਾ ਹੋਇਆ…ਰੱਬ ਨੇ ਪੜਦਾ ਦੇ ਦਿੱਤਾ। ਹੁਣ ਉਸ ਦੀ ਕੋਈ ਜ਼ਿੰਦਗੀ ਸੀ! ਉਸ ਦਿਨ ਗਲ ਦੇ ਕੱਪੜੇ ਦੇਖੇ ਸੀ? ਉਸ ਦੇ ਥੱਲੇ ਵਿਛੀ ਦਰੀ ਨਿਰੀ ਮੈਲ ਦੀ ਮੁੱਠ ਸੀ। ਕਿੰਨੀ ਗਰਮੀ ਤੇ ਹੁੰਮਸ ਸੀ ਉਥੇ। ਨਾ ਉਥੇ ਕੋਈ ਪੱਖਾ, ਨਾ ਕੁਝ ਹੋਰ। ਚੰਗਾ ਹੋਇਆ ਇਸ ਨਰਕ ਭਰੀ ਜ਼ਿੰਦਗੀ ਤੋਂ ਛੁਟਕਾਰਾ ਹੋਇਆ,’ ਨਿੰਮੋ ਨੇ ਕਿਹਾ, ‘ਪਰ ਭਾਈਏ ਦੇ ਜਾਣ ਦਾ ਦੁੱਖ ਮੈਨੂੰ ਬਹੁਤ ਲੱਗਾ।’ ਨਿੰਮੋ ਹਉਕਾ ਲੈ ਕੇ ਅੱਖਾਂ ਭਰਦੀ ਬੋਲੀ ਸੀ।
ਮੈਨੂੰ ਵੀ ਵੱਡੇ ਭਾਈ ਦੀ ਨਰਕ ਬਣੀ ਜ਼ਿੰਦਗੀ ਵੇਖ ਕੇ ਨਿੰਮੋ ਦੀਆਂ ਗੱਲਾਂ ਚੰਗੀਆਂ ਲੱਗੀਆਂ। ‘ਨਰਕ ਭੋਗਣ ਵਾਲੀ ਗੱਲ ਸੀ।Ḕ ਠੰਢਾ ਜਿਹਾ ਹਾਉਂਕਾ ਲੈਂਦਿਆਂ ਮੈਂ ਚਾਹ ਦੀ ਘੁੱਟ ਭਰੀ। ‘ਰਾਜੂ ਕਹਿੰਦਾ ਸੀ ਘਰ ਨੂੰ ਆਇਓ।Ḕ ਮੈਂ ਗੰਭੀਰ ਹੁੰਦਿਆਂ ਨਿੰਮੋ ਨੂੰ ਕਿਹਾ, ‘ਤੂੰ ਆਪਣਾ ਮੋਟਾ-ਮੋਟਾ ਕੰਮ ਨਿਬੇੜ ਲੈ। ਫਿਰ ਵੱਡੇ ਭਾਈ ਦੇ ਘਰ ਚੱਲੀਏ?Ḕ
ਵੱਡੇ ਭਾਈ ਦੇ ਪਰਵਾਰ ਨਾਲ ਮੁੱਦਤਾਂ ਦੀ ਸਾਂਝ ਕਰਕੇ ਉਨ੍ਹਾਂ ਦੇ ਹਰ ਦੁੱਖ ਸੁੱਖ ਵਿੱਚ ਅਸੀਂ ਸਭ ਤੋਂ ਪਹਿਲਾਂ ਮਦਦਗਾਰ ਹੁੰਦੇ ਸਾਂ। ਇਕ ਉਮਰ ਪਹਿਲਾਂ ਬੀਤ ਗਿਆ ਸਾਰਾ ਕੁਝ ਮੈਨੂੰ ਕੱਲ੍ਹ ਵਾਂਗ ਜਾਪਣ ਲੱਗਾ। ਮੈਂ ਛੋਟੇ ਹੁੰਦਿਆਂ ਹੀ ਵੱਡੇ ਭਾਈ ਨੂੰ ਆਪਣੇ ਖੇਤਾਂ ਵਿੱਚ ਕੰਮ ਕਰਦਿਆਂ ਵੇਖਿਆ ਸੀ। ਦਿਹਾੜੀ ਦੱਪੇ ਲਈ ਵੀ ਉਹੀ ਆਪਣੇ ਵਿਹੜੇ ਦੇ ਹੋਰ ਬੰਦੇ ਲੈ ਕੇ ਸਾਡੇ ਖੇਤਾਂ ਵਿੱਚ ਕੰਮ ਕਰਨ ਆਉਂਦਾ ਸੀ। ਕਣਕ ਹਮੇਸ਼ਾ ਵੱਡਾ ਭਾਈ ਹੀ ਪਰਵਾਰ ਨੂੰ ਨਾਲ ਲੈ ਕੇ ਵੱਢਿਆ ਕਰਦਾ ਸੀ। ਉਸ ਦਾ ਕਣਕ ਵੱਢਣ ਦਾ ਢੰਗ ਬਹੁਤ ਸੁਥਰਾ ਸੀ। ਮਜ਼ਾਲ ਹੈ ਕਿ ਕਣਕ ਦਾ ਇਕ ਵੀ ਸਿੱਟਾ ਖੇਤ ਵਿੱਚ ਪਿਆ ਰਹਿ ਜਾਵੇ।
ਸਰਦੀਆਂ ਵਿੱਚ ਗੁੜ ਬਣਾਉਣ ਸਮੇਂ ਚੁੱਭਾ ਵੀ ਓਹੀ ਝੋਕਦਾ। ਗੁੜ ਬਣਾਉਣ ਸਮੇਂ ਉਹ ਸਫਾਈ ਰੱਖਣ ਲਈ ਸਾਨੂੰ ਤਾਕੀਦ ਕਰ ਦਿੰਦਾ। ਜੇ ਚੁੱਭੇ ਵਿੱਚ ਖੋਰੀ ਪਾਉਂਦਿਆਂ ਅੱਧ ਸੁੱਕੀ ਗੰਨੇ ਦੀ ਨਿੱਕੀ ਜਿਹੀ ਟੋਟੀ ਖੋਰੀ ਵਿੱਚ ਆ ਜਾਂਦੀ ਤਾਂ ਉਹ ਉਸ ਤੋਂ ਖੋਰੀ ਲਾਹ ਕੇ ਇਕ ਪਾਸੇ ਰੱਖੀ ਜਾਂਦਾ ਤੇ ਸ਼ਾਮ ਨੂੰ ਕੰਮ ਮੁੱਕਣ ਤੋਂ ਬਾਅਦ ਟੋਟਿਆਂ ਦੀ ਭਰੀ ਬੰਨ੍ਹ ਕੇ ਘਰ ਬਾਲਣ ਵਾਸਤੇ ਲੈ ਜਾਂਦਾ। ਚੁੱਭੇ ਦੇ ਮੂੰਹ ਮੂਹਰੇ ਤੇ ਆਸੇ ਪਾਸੇ ਵਾਲੀ ਸਾਰੀ ਥਾਂ ਉਹ ਚਮਕਾਈ ਰੱਖਦਾ।
ਗੁਰਦੁਆਰੇ ਹਰ ਗੁਰਪੁਰਬ Ḕਤੇ ਉਸ ਨੂੰ ਬੜੀ ਰੀਝ ਨਾਲ ਬਿਨਾਂ ਕੁਝ ਲਿਆਂ ਸਫਾਈ ਤੇ ਹੋਰ ਕਈ ਕੰਮਕਾਰ ਕਰਦਿਆਂ ਵੇਖਿਆ ਸੀ।
‘ਜੀ ਚੱਲੀਏ ਫਿਰ?Ḕ ਵੱਡੇ ਭਾਈ ਨਾਲ ਬਿਤਾਏ ਵਕਤ ਦੀਆਂ ਡੂੰਘੀਆਂ ਯਾਦਾਂ ਵਿੱਚ ਡੁੱਬੇ ਨੇ ਮੈਨੂੰ ਨਿੰਮੋ ਨੇ ਹਲੂਣਦਿਆਂ ਕਿਹਾ, ‘ਕਿਹੜੀਆਂ ਸੋਚਾਂ Ḕਚ ਡੁੱਬ ਗਏ ਓ?Ḕ
‘ਹਾਂææ। ਮੈਂ ਵੱਡੇ ਭਾਈ ਬਾਰੇ ਸੋਚ ਰਿਹਾ ਸੀ।Ḕ ਤ੍ਰਭਕ ਕੇ ਮੈਂ ਢੇਰ ਸਮਾਂ ਪਹਿਲਾਂ ਕਬਰ ਹੋ ਗਈਆਂ ਸੋਚਾਂ Ḕਚੋਂ ਨਿਕਲਦਿਆਂ ਨਿੰਮੋ ਨੂੰ ਕਿਹਾ। ‘ਬੰਦਾ ਇਮਾਨਦਾਰ, ਮਿਹਨਤੀ, ਕਿਰਤੀ ਤੇ ਡਾਢਾ ਸੁਥਰਾ ਸੀ। ਉਨ੍ਹਾਂ ਦੀ ਸਾਰੀ ਬਰਾਦਰੀ Ḕਚ ਏਦਾਂ ਦਾ ਕੋਈ ਬੰਦਾ ਨਹੀਂ ਸੀ। ਮੈਂ ਆਪਣੇ ਬਚਪਨ ਤੋਂ ਹੀ ਉਸ ਨੂੰ ਜਾਣਦਾ ਹਾਂ।Ḕ ਮੈਂ ਉਸ Ḕਤੇ ਮਾਣ ਮਹਿਸੂਸ ਕਰਦਿਆਂ ਕਿਹਾ।
ਵੱਡੇ ਭਾਈ ਦੇ ਘਰ ਜਾਣ ਲਈ ਮੈਂ ਮੀਂਹ ਤੋਂ ਬਚਣ ਲਈ ਬਰਸਾਤੀ ਪਾ ਲਈ ਅਤੇ ਨਿੰਮੋ ਨੇ ਛੱਤਰੀ ਖੋਲ੍ਹ ਲਈ ਸੀ। ਪਾਏ ਹੋਏ ਕੱਪੜੇ ਵੀ ਅਸੀਂ ਭਿੱਜਣ ਤੋਂ ਬਚਾਉਣ ਲਈ ਸਮੇਟ ਲਏ। ਮੈਂ ਬਾਹਰ ਸੜਕ Ḕਤੇ ਝਾਤੀ ਮਾਰੀ। ਮੀਂਹ ਕਾਫੀ ਤੇਜ਼ ਪੈ ਰਿਹਾ ਸੀ। ਹਲਕੀ ਜਿਹੀ ਹਵਾ ਵੀ ਚੱਲ ਰਹੀ ਸੀ। ਸੜਕ ਪੂਰੀ ਪਾਣੀ ਨਾਲ ਭਰੀ ਹੋਈ ਸੀ।
‘ਬਾਹਰ ਤਾਂ ਪਾਣੀ-ਪਾਣੀ ਹੋਇਆ ਪਿਐ।Ḕ ਗੇਟ ਉੱਤੇ ਖੜੀ ਨਿੰਮੋ ਨੇ ਸੜਕ ਵੱਲ ਵੇਖਦਿਆਂ ਹੈਰਾਨ ਹੋ ਕੇ ਚੀਕਣ ਵਾਂਗ ਕਿਹਾ। ਉਸ ਨੇ ਡਰਦੀ-ਡਰਦੀ ਨੇ ਤਲਾਅ ਬਣੀ ਸੜਕ Ḕਚ ਮਲਕੜੇ ਜਿਹੇ ਪੈਰ ਧਰਦਿਆਂ ਫਿਰ ਕਿਹਾ। ‘ਮੈਨੂੰ ਤਾਂ ਹਟਕੋਰੇ ਆਉਣ ਡਹੇ ਆ।Ḕ
‘ਅੱਧੀ ਰਾਤ ਦਾ ਇਉਂ ਹੀ ਪੈ ਰਿਹੈ,Ḕ ਮੈਂ ਆਸੇ ਪਾਸੇ ਪਾਣੀ ਵੱਲ ਝਾਕਦਿਆਂ ਕਿਹਾ, ‘ਤੂੰ ਮੇਰੇ ਮਗਰ-ਮਗਰ ਹੀ ਤੁਰੀ ਆ।Ḕ
ਤੁਰੇ ਜਾਂਦਿਆਂ ਨੂੰ ਮੈਂ ਖੇਤਾਂ ਵੱਲ ਦੂਰ ਤੱਕ ਨਜ਼ਰ ਮਾਰੀ। ਖੇਤ ਪਾਣੀ ਨਾਲ ਭਰੇ ਪਏ ਸਨ। ਕੋਈ ਵੱਟ ਬੰਨਾ ਨਜ਼ਰ ਨਹੀਂ ਸੀ ਆ ਰਿਹਾ। ਦੂਰ ਤੱਕ ਕੋਈ ਵਿਰਲਾ ਟਾਵਾਂ ਨਜ਼ਰ ਆ ਰਿਹਾ ਸੀ। ਵੱਡੇ ਭਾਈ ਦੇ ਘਰ ਪਹੁੰਚ ਕੇ ਅਸੀਂ ਬਾਹਰਲੇ ਦਰਵਾਜ਼ੇ ਵਿੱਚ ਖੜ ਕੇ ਵਿਹੜੇ ਵਿੱਚ ਨਜ਼ਰ ਮਾਰੀ। ਸੜਕ ਤੋਂ ਨੀਵਾਂ ਹੋਣ ਕਰਕੇ ਵਿਹੜਾ ਜਲ ਥਲ ਹੋਇਆ ਪਿਆ ਸੀ। ਅਸੀਂ ਵਿਹੜੇ ਵਿੱਚ ਪੈਰ ਧਰਿਆ ਸੀ ਕਿ ਜੀਤੋ ਨੇ ਸਾਡੇ ਵੱਲ ਵੇਖ ਕੇ ਡੁਸਕਣਾ ਸ਼ੁਰੂ ਕਰ ਦਿੱਤਾ। ਵਿਹੜੇ ਵਿੱਚ ਛਾਈ ਮਾਤਮੀ ਚੁੱਪ ਜੀਤੋ ਦੇ ਹਟਕੋਰਿਆਂ ਨਾਲ ਹੋਰ ਸੰਘਣੀ ਹੋ ਗਈ। ਅਸੀਂ ਕੰਧ ਦੇ ਨਾਲ ਬੋਚ-ਬੋਚ ਪੈਰ ਧਰਦੇ ਅੱਗੇ ਵਰਾਂਡੇ ਤੱਕ ਪਹੁੰਚ ਗਏ। ਵੱਡੇ ਭਾਈ ਦੀ ਹੱਡੀਆਂ ਦੀ ਮੁੱਠ ਬਣੀ ਦੇਹ ਵਰਾਂਡੇ ਵਿੱਚ ਮੰਜੇ Ḕਤੇ ਪਈ ਸੀ।
‘ਤੇਰਾ ਵੱਡਾ ਭਾਈ ਤੁਰ ਗਿਆææ।Ḕ ਭਰਜਾਈ ਨੇ ਹੂਕ ਵਰਗਾ ਹਾਉਕਾ ਲੈ ਅੱਖਾਂ ਭਰ ਲਈਆਂ। ਉਹ ਸੁੱਕੇ ਨੈਣਾਂ ਨਾਲ ਵੈਣਾਂ ਵਰਗੇ ਕੀਰਨੇ ਪਾ ਰਹੀ ਸੀ।
ਬਰਸਾਤੀ ਖੋਲ੍ਹ ਇਕ ਪਾਸੇ ਟੰਗਦਿਆਂ ਤੱਕ ਮੈਂ ਗਮਗੀਨ ਜਿਹਾ ਹੋ ਗਿਆ। ਫਿਰ ਮੈਂ ਚੁੱਪਚਾਪ ਵੱਡੇ ਭਾਈ ਦੇ ਮੂੰਹ ਤੋਂ ਚਾਦਰ ਚੁੱਕ ਕੇ ਕੁਝ ਪਲ ਉਸ ਦੇ ਚਿਹਰੇ ਵੱਲ ਤੱਕਦਾ ਰਿਹਾ ਤੇ ਮੁੜ ਉਸ ਦਾ ਮੂੰਹ ਢੱਕ ਕੇ ਸਿਸਕੀਆਂ ਭਰਦੀ ਜੀਤੋ ਕੋਲ ਬੈਠ ਗਿਆ। ਉਸ ਦੇ ਵੈਰਾਗਮਈ ਹਟਕੋਰਿਆਂ ਨਾਲ ਮੈਂ ਗਹਿਰੀ ਉਦਾਸੀ ਦੇ ਖੱਫਣ ਵਿੱਚ ਲਿਪਟ ਗਿਆ ਸਾਂ। ਉਸ ਨੇ ਆਪਣਾ ਇਕ ਹੱਥ ਵੱਡੇ ਭਾਈ ਦੇ ਸਿਰਹਾਣੇ ਮੰਜੇ ਉੱਤੇ ਰੱਖਿਆ ਹੋਇਆ ਸੀ। ਮੈਂ ਭਰਜਾਈ ਨੂੰ ਹੌਸਲਾ ਦੇਣ ਲਈ ਸਹਿਜੇ ਜਿਹੇ ਉਸ ਦੇ ਮੋਢੇ Ḕਤੇ ਆਪਣਾ ਹੱਥ ਰੱਖਦਿਆਂ ਉਸ ਨੂੰ ਚੁੱਪ ਕਰਨ ਲਈ ਕਿਹਾ। ਅਟੱਲ ਭਾਣੇ ਦੇ ਵਾਪਰਨ ਬਾਰੇ ਗੱਲ ਕਰਦਿਆਂ ਉਸ ਨੂੰ ਹੌਸਲਾ ਰੱਖਣ ਲਈ ਅਪਣੱਤ ਦੀਆਂ ਗੱਲਾਂ ਕਰਦਾ ਰਿਹਾ।
‘ਭਰਜਾਈ, ਸਸਕਾਰ ਲਈ ਵਰਤ ਲਿਓ।Ḕ ਮੈਂ ਚੁੱਪ ਹੋਈ ਜੀਤੋ ਦੀ ਤਲੀ Ḕਤੇ ਕੁਝ ਰੁਪਏ ਰੱਖਦਿਆਂ ਕਿਹਾ।
ਮੈਨੂੰ ਯਾਦ ਆਇਆ ਜਦੋਂ ਵੱਡਾ ਭਾਈ ਕਦੇ-ਕਦੇ ਮੇਰੇ ਘਰ ਆਇਆ ਕਰਦਾ ਸੀ ਤਾਂ ਨਿੰਮੋ ਉਸ ਨੂੰ ਚਾਹ ਨਾਲ ਕੋਈ ਨਾ ਕੋਈ ਚੀਜ਼ ਖਾਣ ਲਈ ਜ਼ਰੂਰ ਦਿੰਦੀ। ਉਹ ਅੱਧੀ ਚੀਜ਼ ਖਾ ਕੇ ਬਾਕੀ, ਖੀਸੇ ਵਿੱਚੋਂ ਇਕ ਲਿਫਾਫਾ ਕੱਢ ਕੇ ਉਸ ਵਿੱਚ ਪਾ ਲੈਂਦਾ ਤੇ ਹੱਸਦਾ ਹੋਇਆ ਸਾਡੇ ਵੱਲ ਵੇਖ ਕੇ ਕਹਿੰਦਾ, ‘ਛੋਟੇ ਭਾਈ, ਇਹ ਤੇਰੀ ਭਰਜਾਈ ਲਈ ਲੈ ਜਾਊਂਗਾ। ਚੱਲ ਉਹ ਵੀ ਵਿਚਾਰੀ ਖਾ ਲਊਗੀ।Ḕ ਉਸ ਦੀ ਇਹ ਗੱਲ ਸੁਣ ਕੇ ਸਾਡੇ ਲਾਗੇ ਬੈਠੀ ਨਿੰਮੋ ਬਹੁਤ ਹੱਸਦੀ ਤੇ ਫਿਰ ਮੇਰੇ ਵੱਲ ਵੇਖ ਕਹਿੰਦੀ, ‘ਦੇਖ ਲਓ, ਕਿੰਨਾ ਤੇਹ ਐ ਭਾਈਏ ਨੂੰ ਮੇਰੀ ਜਠਾਣੀ ਨਾਲ।Ḕ ਫਿਰ ਨਿੰਮੋ ਵੱਡੇ ਭਾਈ ਨੂੰ ਕਹਿੰਦੀ, ‘ਭਾਈਆ, ਤੂੰ ਇਹ ਖਾ ਲੈ। ਮੈਂ ਆਪਣੀ ਜੇਠਾਣੀ ਲਈ ਹੋਰ ਪਾ ਦਿੰਦੀ ਆਂ।’
‘ਕੋਈ ਨੀ ਕੁੜੀਓ, ਬਹੁਤ ਐ ਇਹੀ।Ḕ ਵੱਡਾ ਭਾਈ ਸੰਗਦਾ ਜਿਹਾ ਹੱਸਦਾ-ਹੱਸਦਾ ਆਖਦਾ। ਉਹ ਕਦੇ ਕਿਸੇ ਚੀਜ਼ ਦਾ ਲਾਲਚ ਨਹੀਂ ਸੀ ਕਰਦਾ। ਸਬਰ ਸੰਤੋਖ ਵਾਲਾ ਸੀ। ਨਿੰਮੋ ਸਾਡੇ ਕੋਲੋਂ ਉਠ ਕੇ ਰਸੋਈ ਵਿੱਚੋਂ ਕਿਸੇ ਹੋਰ ਲਿਫਾਫੇ ਵਿੱਚ ਉਹੀ ਚੀਜ਼ ਪਾ ਕੇ ਵੱਡੇ ਭਾਈ ਨੂੰ ਦੇ ਦਿੰਦੀ। ਉਹ ਖੁਸ਼ ਹੁੰਦਾ ਆਪਣੇ ਘਰ ਚਲਾ ਜਾਂਦਾ।
ਹੁਣ ਮੈਂ ਖੇਤੀ ਛੱਡ ਦਿੱਤੀ ਸੀ ਤੇ ਵੱਡਾ ਭਾਈ ਉਮਰ ਦੇ ਲਿਹਾਜ਼ ਨਾਲ ਜ਼ਿਆਦਾ ਕੰਮ ਨਹੀਂ ਸੀ ਕਰ ਸਕਦਾ। ਇਸ ਲਈ ਦਿਹਾੜੀ Ḕਤੇ ਨਹੀਂ ਸੀ ਜਾਂਦਾ। ਕਦੇ ਕਿਸੇ ਦੇ ਘੰਟਾ, ਦੋ ਘੰਟੇ ਕੰਮ ਕਰਦਾ ਤੇ ਜੋ ਕੁਝ ਕੋਈ ਦਿੰਦਾ, ਹੱਸ ਕੇ ਲੈ ਲੈਂਦਾ। ਉਸ ਦੀ ਆਮਦਨ ਦਾ ਹੁਣ ਕੋਈ ਸਾਧਨ ਨਾ ਹੋਣ ਕਰਕੇ ਜਦੋਂ ਕਦੇ ਉਹ ਮੇਰੇ ਘਰ ਆਉਂਦਾ ਤਾਂ ਮੈਂ ਉਸ ਨੂੰ ਕੁਝ ਰੁਪਏ ਜ਼ਰੂਰ ਦਿੰਦਾ। ਮੈਥੋਂ ਰੁਪਏ ਫੜਦਿਆਂ ਕੋਈ ਖੁਸ਼ੀ ਜਿਵੇਂ ਹਨੇਰੀ ਵਾਂਗ ਉਸ ਦੇ ਅੰਗ ਅੰਗ ਝੁੱਲ ਜਾਂਦੀ। ਮੈਂ ਉਸ ਨੂੰ ਕੋਈ ਅਣਸੀਤਾ ਕੱਪੜਾ ਦੇ ਦਿੰਦਾ। ਉਹ ਮੇਰੇ ਪਰਵਾਰ ਨੂੰ ਢੇਰ ਸਾਰੀਆਂ ਅਸੀਸਾਂ ਦਿੰਦਾ ਚਲਾ ਜਾਂਦਾ।
ਵੱਡੇ ਭਾਈ ਦੀ ਔਲਾਦ ਬਹੁਤੀ ਚੰਗੀ ਨਹੀਂ ਸੀ ਨਿਕਲੀ। ਵੱਡਾ ਮੁੰਡਾ, ਸ਼ਿੰਦੋ ਦਾ ਪਤੀ ਵਿਹਲਾ ਰਹਿੰਦਾ ਤੇ ਜਿੰਨਾ ਕੁ ਕੰਮ ਕਰਦਾ, ਉਨ੍ਹਾਂ ਪੈਸਿਆਂ ਦੀ ਸ਼ਰਾਬ ਪੀ ਲੈਂਦਾ। ਧੇਲਾ ਘਰ ਨਹੀਂ ਸੀ ਦਿੰਦਾ। ਸ਼ਿੰਦੋ ਕਲਪਦੀ ਰਹਿੰਦੀ। ਕੁਝ ਸਮਾਂ ਪਹਿਲਾਂ ਉਹ ਸ਼ਰਾਬੀ ਹਾਲਤ ਵਿੱਚ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਚੱਲ ਵੱਸਿਆ ਸੀ। ਵਿਚਕਾਰਲਾ ਮੁੰਡਾ ਇੱਟਾਂ ਦੇ ਭੱਠੇ ਉੱਤੇ ਕੰਮ ਕਰਦਾ ਸੀ। ਉਸ ਨੇ ਪਰਵਾਸੀ ਮਜ਼ਦੂਰਾਂ ਦੀ ਕੰਮ ਕਰਦੀ ਇਕ ਕੁੜੀ ਨਾਲ ਵਿਆਹ ਕਰਾ ਲਿਆ ਸੀ। ਹੁਣ ਉਹ ਘਰ ਨਹੀਂ ਸੀ ਆਉਂਦਾ। ਉਥੇ ਰਹਿੰਦਾ ਸੀ। ਸਭ ਤੋਂ ਛੋਟਾ ਕਾਰਖਾਨੇ ਵਿੱਚ ਕੰਮ ਕਰਦਾ ਸੀ ਤੇ ਹਰ ਰੋਜ਼ ਪਊਆ ਪੀਂਦਾ ਸੀ। ਉਸ ਦੇ ਸਾਰੇ ਮੁੰਡਿਆਂ ਦਾ ਗੁਜ਼ਾਰਾ ਮਰ-ਮਰ ਕੇ ਹੀ ਹੁੰਦਾ ਸੀ।
ਜ਼ੋਰਦਾਰ ਮੀਂਹ ਵਿੱਚ ਵੱਡੇ ਭਾਈ ਦੇ ਰਿਸ਼ਤੇਦਾਰ ਸਸਕਾਰ Ḕਤੇ ਆਈ ਜਾ ਰਹੇ ਸਨ। ਮੈਂ ਭਰਜਾਈ ਕੋਲੋਂ ਉਠ ਕੇ ਉਨ੍ਹਾਂ ਦੇ ਵਿਹੜੇ ਦੇ ਪੰਜ ਸੱਤ ਵਿਅਕਤੀਆਂ ਕੋਲ ਚਲਾ ਗਿਆ। ਵੱਡੇ ਭਾਈ ਦੀ ਬਿਮਾਰੀ ਤੇ ਜ਼ਿੰਦਗੀ ਬਾਰੇ ਗੱਲਾਂ ਚੱਲਦੀਆਂ ਰਹੀਆਂ।
‘ਅੱਜ ਤਾਂ ਮੀਂਹ ਵੀ ਸਾਹ ਨਹੀਂ ਲੈ ਰਿਹਾ। ਸਾਰੇ ਪਾਸੇ ਪਾਣੀ-ਪਾਣੀ ਹੋਇਆ ਪਿਐ।Ḕ ਅਫਸੋਸ ਕਰਨ ਤੋਂ ਬਾਅਦ ਮੈਂ ਕਿਹਾ।
‘ਸਰਦਾਰ ਜੀ, ਅਜਿਹਾ ਮੀਂਹ ਤਾਂ ਬੜੇ ਸਾਲਾਂ ਬਾਅਦ ਪਿਐ। ਇਉਂ ਲੱਗਦਾ ਹੈ, ਜਿਵੇਂ ਹੜ੍ਹ ਆਉਣ ਵਾਲਾ ਹੋਵੇ।Ḕ ਮੇਰੇ ਕੋਲ ਬੈਠਾ ਰੁਲਦੂ ਬੋਲਿਆ।
‘ਸਾਰੇ ਖੇਤਾਂ ਦੇ ਵੱਟ ਬੰਨੇ ਇਕ ਹੋਏ ਪਏ ਆ।Ḕ ਫੇਰੂ ਰਾਮ ਬੀੜੀ ਸੁਲਗਾਉਂਦਾ ਬੋਲਿਆ।
‘ਸਰਦਾਰ ਜੀ, ਜੇ ਮੀਂਹ ਦੁਪਹਿਰ ਤੱਕ ਇਉਂ ਹੀ ਪੈਂਦਾ ਰਿਹਾ ਤਾਂ ਦਾਗ ਨਹੀਂ ਦਿੱਤੇ ਜਾਣੇ!Ḕ ਮਦਨ ਗੋਪਾਲ ਨੇ ਵੱਡੇ ਭਾਈ ਦੇ ਸਸਕਾਰ ਦਾ ਫਿਕਰ ਜ਼ਾਹਰ ਕੀਤਾ। ਮੀਂਹ ਵੱਲ ਵੇਖਦਿਆਂ ਮੈਨੂੰ ਵੀ ਇਹੀ ਫਿਕਰ ਸੀ।
‘ਇਉਂ ਔਖਾ ਐ। ਤੁਹਾਡੇ ਸਿਵਿਆਂ Ḕਚ ਸ਼ੈਡ ਤਾਂ ਪਾਇਆ ਹੋਇਆ?Ḕ ਮੈਂ ਕੋਲ ਬੈਠੇ ਰਾਮ ਕਿਸ਼ਨ ਨੂੰ ਪੁੱਛਿਆ।
‘ਆਹੋ ਸਰਦਾਰ ਜੀ, ਸ਼ੈਡ ਤਾਂ ਹੈਗਾ, ਪਰ ਸਿਵਿਆਂ ਨੂੰ ਜਾਣ ਵਾਲਾ ਸਾਰਾ ਰਾਹ ਕੱਚਾ ਐ। ਖੋਭਾ ਹੋਇਆ ਪਿਆ। ਸਿਵਿਆਂ ਦੀ ਥਾਂ ਨੀਵੀਂ ਹੋਣ ਕਰਕੇ ਛੱਪੜ ਬਣਿਆ ਹੋਇਐ ਉਤੇ। ਰਾਜੂ ਦੇਖਣ ਗਿਆ ਸੀ।Ḕ ਰੁਲਦੂ ਬੋਲਿਆ।
‘ਵਾਟ ਵੀ ਦੂਰ ਐ। ਬਾਲਣ ਤਾਂ ਲਿਜਾਂਦਿਆਂ ਭਿੱਜ ਜਾਣਾ।Ḕ ਫੇਰੂ ਰਾਮ ਨੇ ਦੱਸਿਆ ਸੀ।
‘ਫਿਰ ਦਾਗਾਂ ਦੀ ਕੀ ਸਲਾਹ ਬਣਾਈ ਐ?Ḕ ਮੈਂ ਸਾਰਿਆਂ ਵੱਲ ਨੀਝ ਨਾਲ ਵੇਖਦਿਆਂ ਪੁੱਛਿਆ।
‘ਰੂਪ ਸਿੰਹਾਂ ਸੁਣ ਲੈ ਗੱਲ। ਸਵੇਰੇ ਮੱਖਣ ਸਿਹੁੰ ਨੂੰ ਸਾਰਾ ਕੁਝ ਦੱਸਿਆ ਸੀ। ਅਸੀਂ ਉਸ ਨੂੰ ਹੱਥ ਜੋੜ ਕੇ ਅਰਜ਼ ਕੀਤੀ, ਮੱਖਣ ਸਿੰਹਾਂ ਜੇ ਜੱਟਾਂ ਦੇ ਸਿਵਿਆਂ Ḕਚ ਦਾਗ ਦੇ ਦੇਈਏ?Ḕ ਰਾਮ ਕਿਸ਼ਨ ਮੈਨੂੰ ਦੱਸਣ ਲੱਗਾ। ‘ਸਰਦਾਰ ਜੀ, ਉਹ ਬੜਾ ਰੁੱਖਾ ਬੋਲਿਆ, ਕਹਿੰਦਾ, ਜਦ ਜਾਤ ਵੱਖਰੀ ਐ, ਸ਼ਮਸ਼ਾਨਘਾਟ ਵੱਖਰੇ ਆ, ਗੁਰਦੁਆਰੇ ਵੱਖਰੇ ਆ। ਫਿਰ ਕਿਵੇਂ ਇਸ ਦਾ ਸਸਕਾਰ ਜੱਟਾਂ ਦੇ ਸਿਵਿਆਂ Ḕਚ ਕਰਾ ਦੇਈਏ? ਇਹ ਕੰਮ ਨ੍ਹੀਂ ਹੋਣਾ।’
ਮੱਖਣ ਸਿੰਘ ਪਿੰਡ ਦਾ ਸਿਆਸੀ ਬੰਦਾ ਸੀ ਜੋ ਸਿਆਸੀ ਨੇਤਾਵਾਂ Ḕਤੇ ਜ਼ੋਰ ਪਾ ਕੇ ਕਦੇ-ਕਦੇ ਪਿੰਡ ਲਈ ਗਰਾਂਟ ਲੈ ਆਉਂਦਾ ਸੀ। ਇਸ ਗਰਾਂਟ ਦੇ ਰੋਅਬ ਨਾਲ ਉਹ ਪੰਚਾਇਤ Ḕਤੇ ਆਪਣੀ ਮਰਜ਼ੀ ਥੋਪਦਾ ਸੀ। ਪੰਚਾਇਤ ਦਾ ਕੋਈ ਕੰਮ ਵੀ ਹੁੰਦਾ, ਸਲਾਹ ਮੱਖਣ ਸਿੰਘ ਦੀ ਲਈ ਜਾਂਦੀ। ਪਿੰਡ ਵਿੱਚ ਕਿਸੇ ਦਾ ਝਗੜਾ ਹੋ ਜਾਂਦਾ ਤਾਂ ਪੰਚਾਇਤ ਉਸ ਦੇ ਘਰ ਜੁੜਦੀ। ਮੱਖਣ ਸਿੰਘ ਤੋਂ ਬਿਨਾਂ ਕੀਤਾ ਗਿਆ ਕੋਈ ਫੈਸਲਾ ਮੰਨਿਆ ਨਹੀਂ ਸੀ ਜਾਂਦਾ। ਗੁਰਦੁਆਰੇ ਦਾ ਸੈਕਟਰੀ ਵੀ ਸੀ। ਗੁਰਦੁਆਰੇ ਦੀ ਸਟੇਜ ਤੋਂ ਲੋਕਾਂ ਨੂੰ ਮੱਤਾਂ ਦਿੰਦਾ ਰਹਿੰਦਾ। ਨੇਤਾਵਾਂ ਨਾਲ ਸਾਂਝ ਹੋਣ ਕਰਕੇ ਸਾਰੇ ਪਿੰਡ ਦਾ ਕਰਤਾ ਧਰਤਾ ਉਹ ਧੱਕੇ ਨਾਲ ਬਣਿਆ ਫਿਰਦਾ ਸੀ। ਅੱਖੜ ਸੁਭਾਅ ਸੀ। ਆਪਣੇ ਆਪ ਨੂੰ ਸਾਰੇ ਪਿੰਡ ਤੋਂ ਸਿਆਣਾ ਸਮਝਦਾ ਸੀ। ਦੂਜੇ ਦੀ ਬੇਇੱਜ਼ਤੀ ਕਰਨ ਲੱਗਾ ਮਿੰਟ ਨਹੀਂ ਸੀ ਲਾਉਂਦਾ। ਮੂੰਹਫੱਟ ਵੀ ਸੀ।
ਮੈਂ ਤਰਲਾ ਜਿਹਾ ਲੈ ਕੇ ਉਹਨੂੰ ਫਿਰ ਕਿਹਾ, ‘ਮੀਂਹ ਕਰਕੇ ਤੁਹਾਨੂੰ ਅਰਜ਼ ਕੀਤੀ ਐ, ਜੇ ਸੁਕ ਪਕਾ ਹੁੰਦਾ ਤਾਂ ਅਸੀਂ ਸਰਦਾਰ ਜੀ ਤੁਹਾਨੂੰ ਕਹਿਣਾ ਹੀ ਨਹੀਂ ਸੀ। ਪਰ ਉਹ ਗੁੱਸੇ ਜਿਹੇ ਵਿੱਚ ਤੱਤਾ ਜਿਹਾ ਬੋਲਿਆ, ਮੈਂ ਨਹੀਂ ਕੁਝ ਕਹਿ ਸਕਦਾ। ਪੰਚਾਇਤ ਨੂੰ ਪੁੱਛ ਲਓ। ਮੈਂ ਸਾਰੇ ਪਿੰਡ ਦੀ ਜ਼ਿੰਮੇਵਾਰੀ ਨਹੀਂ ਚੁੱਕ ਸਕਦਾ।Ḕ ਹੋਰ ਸਾਡੀ ਕੋਈ ਗੱਲ ਉਸ ਨੇ ਸੁਣੀ ਨਹੀਂ, ਨੱਠ ਗਿਆ। ਅਸੀਂ ਠਿੱਠ ਜਿਹੇ ਹੋ ਕੇ ਵੇਖਦੇ ਰਹਿ ਗਏ।Ḕ ਮਦਨ ਗੋਪਾਲ ਨੇ ਹਰਖਦਿਆਂ ਕਿਹਾ।
‘ਸਰਪੰਚ ਨੂੰ ਪੁੱਛ ਲੈਣਾ ਸੀ।Ḕ ਮੈਂ ਕਿਹਾ।
‘ਸਰਪੰਚ ਨੇ ਵੀ ਇਹੀ ਕਹਿਣਾ ਪਈ ਮੱਖਣ ਸਿਹੁੰ ਨੂੰ ਪੁੱਛੋ। ਉਹ ਤਾਂ ਇਸ ਨੂੰ ਬਿਨਾਂ ਪੁੱਛੇ ਪੈਰ ਨਹੀਂ ਪੁੱਟਦਾ।Ḕ ਰਾਮ ਕਿਸ਼ਨ ਨੇ ਕਿਹਾ।
‘ਵਿਚਲੀ ਗੱਲ ਤਾਂ ਚਾਚਾ ਜੀ ਹੋਰ ਐ।Ḕ ਵੱਡੇ ਭਾਈ ਦਾ ਛੋਟਾ ਮੁੰਡਾ ਮੇਜਰ ਰਾਮ ਬੋਲਿਆ, ‘ਇਕ ਵਾਰ ਮੇਰੀ ਇਹਦੇ ਨਾਲ ਤੂੰ-ਤੂੰ, ਮੈਂ-ਮੈਂ ਹੋ ਗਈ ਸੀ। ਇਸ ਨੇ ਮੈਥੋਂ ਕਈ ਦਿਹਾੜੀਆਂ ਲੁਆਈਆਂ। ਪੈਸੇ ਦੇਣ ਨੂੰ ਆਲੇ ਟਾਲੇ ਕਰਦਾ ਰਿਹਾ। ਮੈਨੂੰ ਕਹਿੰਦਾ ‘ਮੈਂ ਵੀ ਤੇਰੇ ਕਈ ਕੰਮ ਕੀਤੇ ਆ, ਮੈਂ ਕਿਹੜੇ ਪੈਸੇ ਮੰਗੇ ਆ ਤੈਥੋਂ?Ḕ ਮੈਂ ਚੁੱਪ ਕਰ ਗਿਆ। ਫਿਰ ਇਹਨੇ ਜਦੋਂ ਹਜ਼ੂਰ ਸਾਬ੍ਹ ਜਾਣਾ ਸੀ ਤਾਂ ਕਹਿੰਦਾ ਦਸ ਦਿਨਾਂ ਤੱਕ ਮੇਰੇ ਡੰਗਰ ਸਾਂਭੀ। ਮੈਂ ਜਵਾਬ ਦੇ ਦਿੱਤਾ।Ḕ ਮੇਜਰ ਰਾਮ ਪੈਰਾਂ ਭਾਰ ਬੈਠਦਾ ਬੋਲਿਆ। ‘ਫਿਰ ਇਕ ਦਿਨ ਮੇਰੀ ਪਤਨੀ ਇਹਦੇ ਖੇਤੀਂ ਪੱਠਿਆਂ ਨੂੰ ਚੱਲੀ ਗਈ। ਬੰਨੇ ਤੋਂ ਘਾਹ ਖੋਤਦੀ ਨੂੰ ਇਹ ਅਵਾ ਤਵਾ ਬੋਲਣ ਲੱਗ ਗਿਆ। ਮੇਹਣੇ ਦਿੱਤੇ ਤੇ ਪੱਲੀ ਖੋਹ ਲਈ। ਮੇਰੀ ਪਤਨੀ ਨੂੰ ਕਹਿਣ ਲੱਗਾ ਪਈ ਜੇ ਮੁੜ ਬੰਨਿਆਂ ਉੱਤੇ ਬੈਠੀ ਤਾਂ ਬੇਇੱਜ਼ਤੀ ਕਰੂੰ। ਜਦੋਂ ਮੈਂ ਇਕ ਦਿਨ ਸਾਡੇ ਵਿਹੜੇ ਆਏ ਨੂੰ ਪੁੱਛਿਆ ਤਾਂ ਬਹੁਤ ਵਾਧੇ ਘਾਟੇ ਹੋਇਆ ਮੇਰੇ ਨਾਲ। ਉਦੋਂ ਦਾ ਵਿੰਗਾ ਹੋਇਐ ਮੇਰੇ ਨਾਲ। ਮੈਨੂੰ ਪਤਾ ਇਹਨੇ ਕਿਸੇ ਤਰ੍ਹਾਂ ਵੀ ਨਹੀਂ ਮੰਨਣਾ। ਕਹਿਣ ਦਾ ਕੋਈ ਫਾਇਦਾ ਨਹੀਂ।Ḕ
‘ਰਾਮ ਕਿਸ਼ਨ, ਜਿਉਂਦੇ ਲੋਕ ਇਕੋ ਪਿੰਡ ਰਹਿੰਦੇ ਆ। ਮਰਨ ਤੋਂ ਬਾਅਦ ਵੱਖੋ-ਵੱਖ ਸਿਵਿਆਂ ਵਿੱਚ ਕਿਉਂ ਜਾਂਦੇ ਐ ਬਈ? ਨਾਲੇ ਮੁਰਦੇ ਦੀ ਵੀ ਕੋਈ ਜਾਤ ਹੁੰਦੀ ਐ? ਮਾਨਸ ਕੀ ਜਾਤ ਸਭੈ ਏਕੇ ਪਹਿਚਾਨੋਬੋ।Ḕ ਮੈਂ ਕਿਹਾ।
‘ਸਰਦਾਰ ਜੀ, ਸਹੀ ਗੱਲ ਐ,Ḕ ਰਾਮ ਕਿਸ਼ਨ ਨੇ ਮੇਰੇ ਮੋਢੇ ਨੂੰ ਪਲੋਸਿਆ।
‘ਇਉਂ ਕਰਦੇ ਆਂ, ਦੁਪਹਿਰ ਤੱਕ ਦੇਖ ਲੈਂਦੇ ਹਾਂ, ਜੇ ਮੀਂਹ ਹਟ ਗਿਆ ਤਾਂ ਠੀਕ। ਨਹੀਂ ਤਾਂ ਲੋਥ ਸ਼ਹਿਰ ਰੱਖ ਆਵਾਂਗੇ। ਜਿੱਦਣ ਹਟ ਗਿਆ, ਲਿਆ ਕੇ ਸਸਕਾਰ ਕਰ ਦਿਆਂਗੇ।Ḕ ਮੇਜਰ ਰਾਮ ਨੇ ਆਪਣਾ ਫੈਸਲਾ ਸੁਣਾਇਆ।
‘ਹੁਣ ਤਾਂ ਪਰਾਹੁਣੇ ਵੀ ਕਾਫੀ ਆ ਚੁੱਕੇ ਐ। ਮੀਂਹ Ḕਚ ਹੀ ਫਿਰ ਮੁੜਨਗੇ।Ḕ ਰੁਲੀਆ ਬੋਲਿਆ।
‘ਜੇ ਸ਼ਾਮ ਨੂੰ ਹਟ ਜਾਵੇ ਤਾਂ ਕੱਲ੍ਹ ਨੂੰ ਫਿਰ ਆਉਣਗੇ? ਰੋਜ਼-ਰੋਜ਼ ਆਉਣਾ ਕਿਤੇ ਸੌਖਾ ਪਿਆ। ਕੋਈ ਘਰ Ḕਚ ਵਿਹਲਾ ਨਹੀਂ ਹੁੰਦਾ।Ḕ ਮਦਨ ਗੋਪਾਲ ਨੇ ਕਿਹਾ।
‘ਰਾਮ ਕਿਸ਼ਨ,Ḕ ਮੈਂ ਉਸ ਵੱਲ ਵੇਖਦਿਆਂ ਕਿਹਾ, ‘ਜਿੱਦਾਂ ਮੀਂਹ ਅੱਜ ਪੈ ਰਿਹਾ ਹੈ, ਇਸ ਦੇ ਹਟਣ ਦੇ ਆਸਾਰ ਨਹੀਂ ਦਿਸਦੇ। ਬੱਦਲ ਐਨ ਘੁਲੇ ਪਏ ਐ। ਵੱਡੇ ਭਾਈ ਦੀ ਲੋਥ ਰੱਖਣੀ ਠੀਕ ਨਹੀਂ।Ḕ ਸਾਰੇ ਮੇਰੇ ਵੱਲ ਵੇਖ ਰਹੇ ਸਨ, ‘ਮੈਂ ਕਰਦਾਂ ਸਸਕਾਰ ਵੱਡੇ ਭਾਈ ਦਾ ਆਪਣੇ ਖੂਹ ਉੱਤੇ ਸ਼ੈਡ ਹੇਠ। ਕੁਇੰਟਲਾਂ ਦੇ ਹਿਸਾਬ ਸੁੱਕਾ ਬਾਲਣ ਵੀ ਅੰਦਰ ਪਿਆ। ਉਥੇ ਜਾਣ ਵਾਲਾ ਰਸਤਾ ਵੀ ਠੀਕ ਐ।Ḕ ਮੈਂ ਆਹਿਸਤਾ ਜਿਹੇ ਕਿਹਾ।
‘ਆਹ ਹੋਈ ਨਾ ਗੱਲ ਤੇ ਫਿਰ ਉਠੋ ਬਈ। ਕਰੋ ਤਿਆਰੀ। ਦੇਰ ਕਾਹਦੀ ਐ ਹੁਣ।Ḕ ਰਾਮ ਕਿਸ਼ਨ, ਰੁਲਦੂ ਤੇ ਮਦਨ ਗੋਪਾਲ ਨੇ ਇਕੱਠਿਆਂ ਕਿਹਾ ਤੇ ਸਾਰੇ ਖੁੰਭ ਵਾਂਗ ਉਠ ਕੇ ਖੜੋ ਗਏ ਸਨ।