ਵੱਡੇ ਦਿਲ ਵਾਲੀ ਹੈ ਪਾਮੇਲਾ ਚੋਪੜਾ

pamela chopra
ਅੱਜ ਦੀ ਤੇਜ਼ ਰਫਤਾਰ ਦੁਨੀਆ ਵਿੱਚ ਜਿੱਥੇ ਹਰ ਕੋਈ ਆਪਣੀ ਭੱਜ ਦੌੜ ਵਿੱਚ ਲੱਗਾ ਦਿਖਾਈ ਦਿੰਦਾ ਹੈ ਅਤੇ ਦੂਸਰਿਆਂ ਲਈ ਸਮਾਂ ਕੱਢਣ ਦੀ ਗੱਲ ਹੋਵੇ ਤਾਂ ਬਹਾਨੇ ਬਣਾਉਣਾ ਜਾਂ ਆਪਣੇ ਰੁਝੇਵਿਆਂ ਦੀ ਦੁਹਾਈ ਦੇਣਾ ਹੀ ਪਸੰਦ ਕਰਾਦ ਹੈ, ਉਥੇ ਕੁਝ ਲੋਕ ਅੱਜ ਵੀ ਅਜਿਹੇ ਹਨ, ਜੋ ਦੂਸਰਿਆਂ ਲਈ ਸਮਾਂ ਹੀ ਨਹੀਂ ਕੱਢਦੇ, ਬਹੁਤ ਕੁਝ ਕਰ ਰਹੇ ਹਨ। ਬਾਲੀਵੁੱਡ ਦੇ ਮਹਾਨ ਫਿਲਮ ਨਿਰਮਾਤਾ-ਨਿਰਦੇਸ਼ਕ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਅਜਿਹੇ ਹੀ ਚੋਣਵੇਂ ਲੋਕਾਂ ਵਿੱਚੋਂ ਇੱਕ ਹੈ। ਫਿਲਮ ਨਿਰਮਾਤਾ ਆਦਿੱਤਯ ਚੋਪੜਾ ਦੀ ਮਾਂ ਪਾਮੇਲਾ ਨੇ ਆਪਣੇ ਸਵਰਗੀ ਪਤੀ ਯਸ਼ ਚੋਪੜਾ ਦੀ ਟੀਮ ਵਿੱਚ ਸ਼ਾਮਲ ਰਹੇ ਸਾਰੇ ਤਕਨੀਸ਼ੀਅਨਾਂ ਨਾਲ ਅੱਜ ਵੀ ਸੰਪਰਕ ਬਣਾਇਆ ਹੋਇਆ ਹੈ। ਪਰਵਾਰ ਦੇ ਇੱਕ ਨੇੜਲੇ ਸੂਤਰ ਮੁਤਾਬਕ ‘ਯਸ਼ ਜੀ ਦੀ ਟੀਮ ਵਿੱਚ ਕੰਮ ਕਰਨ ਵਾਲੇ ਕੁਝ ਤਕਨੀਸ਼ੀਅਨਾਂ ਦਾ ਦਿਹਾਂਤ ਹੋ ਚੁੱਕਾ ਹੈ, ਪਰ ਸਾਊਂਡ ਰਿਕਾਰਡਿਸਟ ਅਨੁਜ ਮਾਥੁਰ ਵਰਗੇ ਕੁਝ ਤਕਨੀਸ਼ੀਅਨ ਅੱਜ ਵੀ ਮੌਜੂਦ ਹਨ। ਉਹ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਹਰ ਸ਼ਨੀਵਾਰ ਸਟੂਡੀਓ ਵਿੱਚ ਸੱਦਾ ਦਿੰਦੀ ਹੈ ਅਤੇ ਉਨ੍ਹਾਂ ਨੂੰ ਨਵੀਆਂ ਫਿਲਮਾਂ ਦਿਖਾਉਂਦੀ ਹੈ।’ ਸੂਤਰ ਕਹਿੰਦਾ ਹੈ, ”ਇਨ੍ਹਾਂ ਮੌਕਿਆਂ ਉੱਤੇ ਉਨ੍ਹਾਂ ਦੀ ਨੂੰਹ ਰਾਣੀ ਮੁਖਰਜੀ ਅਕਸਰ ਉਨ੍ਹਾਂ ਨਾਲ ਹੁੰਦੀ ਹੈ। ਫਿਲਮ ਤੋਂ ਬਾਅਦ ਖਾਣ-ਪੀਣ ਦਾ ਇੰਤਜ਼ਾਮ ਹੁੰਦਾ ਹੈ। ਇੰਨਾ ਹੀ ਨਹੀਂ ਪਾਮੇਲਾ ਯਸ਼ਰਾਜ ਬੈਨਰ ਦੇ ਉਨ੍ਹਾਂ ਤਕਨੀਸ਼ੀਅਨਾਂ ਦੇ ਪਰਵਾਰਾਂ ਨਾਲ ਵੀ ਸੰਪਰਕ ਵਿੱਚ ਹੈ, ਜਿਨ੍ਹਾਂ ਦਾ ਦਿਹਾਂਤ ਹੋ ਚੁੱਕਾ ਹੈ ਅਤੇ ਉਹ ਸਾਰੇ ਉਨ੍ਹਾਂ ਦਾ ਓਨਾ ਹੀ ਆਦਰ ਮਾਣ ਕਰਦੇ ਹਨ, ਜਿੰਨਾ ਯਸ਼ ਚੋਪੜਾ ਦਾ ਕਰਦੇ ਹਨ।”