ਵੱਡੀ ਰਕਮ

-ਕੁਲਵਿੰਦਰ ਕੰਗ
ਉਹ ਕਈ ਦਿਨਾਂ ਤੋਂ ਮੰਜੇ ਉੱਤੇ ਬਿਮਾਰ ਪਈ ਸੀ। ਉਹ ਰੋਜ਼ ਆਪਣੇ ਮੁੰਡਿਆਂ ਨੂੰ ਦਵਾਈ ਦਿਵਾਉਣ ਲਈ ਕਹਿੰਦੀ, ਪਰ ਕੋਈ ਉਸ ਦੀ ਗੱਲ ਨੂੰ ਗੌਲਦਾ ਵੀ ਨਾ। ਅੱਜ ਫਿਰ ਉਸ ਨੇ ਹੌਸਲਾ ਜਿਹਾ ਕਰ ਕੇ ਆਪਣੇ ਵੱਡੇ ਮੁੰਡੇ ਦੀਪੇ ਨੂੰ ਕਿਹਾ, ‘ਵੇ ਦੀਪਿਆ! ਮੈਂ ਕਿੱਦਣ ਦਾ ਤੈਨੂੰ ਦਵਾਈ ਨੂੰ ਕਿਹਾ ਵਾ, ਹੁਣ ਤਾਂ ਤੇਰੀ ਤਨਖਾਹ ਵੀ ਆ ਗਈ ਏ।’
ਉਸ ਦੀ ਕਹੀ ਗੱਲ ਸੁਣ ਕੇ ਦੀਪਾ ਆਪਣੇ ਮੰਜੇ ਤੋਂ ਉਠ ਕੇ ਉਸ ਦੇ ਨੇੜੇ ਹੋ ਕੇ ਉਸ ਨੂੰ ਗੁੱਸੇ ਵਿੱਚ ਖਾਣ ਨੂੰ ਪਿਆ, ”ਲੈ ਤਾਂ, ਤੂੰ ਹੁਣ ਕਹਿਨੀ ਏਂ ਕਿ ਸਾਰੀ ਤਨਖਾਹ ਨਾਲ ਤੇਰਾ ਦਵਾਈਆਂ ਦਾ ਬੱਬਰ (ਢਿੱਡ) ਭਰ ਦਈਏ। ਘਰਾਂ ਵਿੱਚ ਸੌ ਜ਼ਰੂਰੀ ਕੰਮ ਹੁੰਦੇ ਨੇ।”
ਅਚਾਨਕ ਉਸ ਦੇ ਫੋਨ ਦੀ ਘੰਟੀ ਵੱਜੀ ਤੇ ਉਹ ਆਪਣੀ ਗੱਲ ਕਹਿੰਦਾ ਕਹਿੰਦਾ ਰੁਕ ਗਿਆ। ਦੀਪਾ ਉਸ ਵੱਲ ਕੌੜੀਆਂ ਕੌੜੀਆਂ ਅੱਖਾਂ ਨਾਲ ਇੰਝ ਝਾਕ ਰਿਹਾ ਸੀ, ਜਿਵੇਂ ਅਜੇ ਉਸ ਦੇ ਦਿਲ ਦੀ ਭੜਾਸ ਚੰਗੀ ਤਰ੍ਹਾਂ ਨਿਕਲੀ ਨਾ ਹੋਵੇ। ਫੋਨ ਸੁਣ ਕੇ ਉਸ ਨੇ ਘਰੋਂ ਬਾਹਰ ਜਾਣ ਲੱਗੇ ਨੇ ਆਪਣੀ ਪਤਨੀ ਨੂੰ ਕਿਹਾ, ‘ਮੈਂ ਰਾਤ ਨੂੰ ਥੋੜ੍ਹਾ ਲੇਟ ਆਵਾਂਗਾ, ਮੈਨੂੰ ਨਾ ਉਡੀਕਿਓ, ਯਾਰਾਂ ਨੂੰ ਪਾਰਟੀ ਕਰਨਾ, ਹਜ਼ਾਰ-ਪੰਜ ਸੌ ਲੱਗ ਵੀ ਗਿਆ ਤਾਂ ਕੀ ਹੋ ਜਾਊ, ਯਾਰਾਂ ਮਿੱਤਰਾਂ ਤੀਕ ਸੌ ਕੰਮ ਪੈ ਜਾਂਦੈ।” ਇਹ ਕਹਿੰਦਾ ਕਹਿੰਦਾ ਉਹ ਨਿਕਲ ਗਿਆ।
ਉਸ ਨੇ ਆਪਣੇ ਦੋਸਤਾਂ ਦੀ ਪਾਰਟੀ ਲਈ ਹਜ਼ਾਰ ਪੰਜ ਸੌ ਲਾਉਣਾ ਕੋਈ ਵੱਡੀ ਰਕਮ ਨਹੀਂ ਜਾਪਦੀ ਸੀ, ਪਰ ਆਪਣੀ ਮਾਂ ਦੀ ਦਵਾਈ ਤੇ ਲੱਗਣ ਵਾਲੇ ਦੋ-ਤਿੰਨ ਸੌ ਬਹੁਤ ਵੱਡੀ ਰਕਮ ਲੱਗ ਰਹੀ ਸੀ।