ਵੱਡਾ ਉਲਟਫੇਰ ਕਰਦਿਆਂ ਕੈਨੇਡੀਅਨ ਟੈਨਿਸ ਖਿਡਾਰੀ ਸ਼ਾਪੋਵਾਲੋਵ ਨੇ ਨਡਾਲ ਨੂੰ ਹਰਾਇਆ

denis upsets Nadalਮਾਂਟਰੀਅਲ, 11 ਅਗਸਤ (ਪੋਸਟ ਬਿਊਰੋ) : ਕੈਨੇਡੀਅਨ ਟੀਨੇਜਰ ਡੈਨਿਸ ਸ਼ਾਪੋਵਾਲੋਵ ਨੇ ਕਮਾਲ ਦਾ ਉਲਟਫੇਰ ਕਰਦਿਆਂ ਟੈਨਿਸ ਦੇ ਸੁਪਰਸਟਾਰ ਰਫੇਲ ਨਡਾਲ ਨੂੰ ਸਿ਼ਕਸਤ ਦੇ ਦਿੱਤੀ।
ਰਿਚਮੰਡ ਹਿੱਲ, ਓਨਟਾਰੀਓ ਤੋਂ 18 ਸਾਲਾ ਸ਼ਾਪੋਵਾਲੋਵ ਨੂੰ ਆਪ ਇਸ ਗੱਲ ਤੋਂ ਹੈਰਾਨੀ ਹੋ ਰਹੀ ਸੀ ਜਦੋਂ ਉਸ ਦੇ ਇੱਕ ਇੱਕ ਸ਼ਾਟ ਉੱਤੇ ਦਰਸ਼ਕ ਜ਼ੋਰ ਜ਼ੋਰ ਦੀ ਹੱਲਾਸ਼ੇਰੀ ਦੇ ਰਹੇ ਸਨ। ਵੀਰਵਾਰ ਰਾਤ ਨੂੰ ਖਚਾਖਚ ਭਰੇ ਯੂਨੀਪਰੀਅ ਸਟੇਡੀਅਮ ਵਿੱਚ ਚੱਲ ਰਹੇ ਰੌਜਰਜ਼ ਕੱਪ ਦੇ ਤੀਜੇ ਗੇੜ ਦੇ ਮੁੱਕਣ ਸਾਰ ਸ਼ਾਪੋਵਾਲੋਵ ਨੇ ਨਡਾਲ ਨੂੰ 3-6, 6-4, 7-6 ਦੇ ਫਰਕ ਨਾਲ ਹਰਾ ਕੇ ਮੁਕਾਬਲਾ ਆਪਣੇ ਨਾਂ ਕਰ ਲਿਆ।
ਇਸ ਜਿੱਤ ਨਾਲ ਹੁਣ ਸ਼ਾਪੋਵਾਲੋਵ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ ਤੇ ਹੁਣ ਉਸ ਦਾ ਅਗਲਾ ਮੁਕਾਬਲਾ ਸ਼ੁੱਕਰਵਾਰ ਨੂੰ ਫਰਾਂਸ ਦੇ ਐਡਰੀਅਨ ਮੈਨਾਰੀਨੋ ਨਾਲ ਹੋਵੇਗਾ। ਮੈਡਾਰੀਨੋ ਨੇ 6-3, 6-3 ਨਾਲ ਹਿਓਨ ਚੁੰਗ ਨੂੰ ਹਰਾਇਆ ਸੀ। ਕੈਨੇਡੀਅਨ ਟੈਨਿਸ ਦੇ ਇਤਿਹਾਸ ਵਿੱਚ ਇਹ ਸੱਭ ਤੋਂ ਵੱਡੀਆਂ ਜਿੱਤਾਂ ਵਿੱਚੋਂ ਇੱਕ ਹੈ। ਅਜਿਹਾ ਹੋਇਆ ਵੀ ਉਸ ਟੂਰਨਾਮੈਂਟ ਵਿੱਚ ਹੈ ਜਿਸ ਨੂੰ ਅਜੇ ਵੀ ਕਈ ਕੈਨੇਡੀਅਨ ਓਪਨ ਵਜੋਂ ਹੀ ਜਾਣਦੇ ਹਨ।
ਸ਼ਾਪੋਵਾਲੋਵ,1974 ਵਿੱਚ ਬਜੌਰਨ ਬੋਰਗ ਤੋਂ ਬਾਅਦ ਐਨੇ ਵੱਡੇ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਾਲਾ ਸੱਭ ਤੋਂ ਨਿੱਕੀ ਉਮਰ ਦਾ ਖਿਡਾਰੀ ਬਣ ਗਿਆ ਹੈ। ਉਹ ਕਿਸੇ ਵੀ ਮਾਸਟਰਜ਼ ਸੀਰੀਜ਼ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਾਲਾ ਸੱਭ ਤੋਂ ਨਿੱਕੀ ਉਮਰ ਦਾ ਖਿਡਾਰੀ ਵੀ ਬਣ ਗਿਆ ਹੈ। ਇਸ ਤੋਂ ਪਹਿਲਾਂ ਨਡਾਲ ਨੇ ਵੀ 2004 ਵਿੱਚ ਮਾਇਆਮੀ ਵਿੱਚ ਫੈਡਰਰ ਨੂੰ ਹਰਾਇਆ ਸੀ।
ਸ਼ਾਪੋਵਾਲੋਵ ਨੇ ਖੁਸ਼ੀ ਵਿੱਚ ਖੀਵੇ ਹੁੰਦਿਆਂ ਆਖਿਆ ਕਿ ਉਹ ਪਰਮਾਤਮਾ ਦਾ ਬੜਾ ਸ਼ੁਕਰਗੁਜ਼ਾਰ ਹੈ ਕਿ ਉਹ ਅੱਜ ਇਸ ਮੁਕਾਮ ਉੱਤੇ ਪਹੁੰਚ ਸਕਿਆ ਹੈ। ਉਸ ਦੀ ਹੌਸਲਾ ਅਫਜ਼ਾਈ ਲਈ ਹਾਕੀ ਖਿਡਾਰੀ ਵੇਨ ਗ੍ਰੈਟਜ਼ਕੀ ਤੇ ਓਲੰਪਿਕ ਸਵਿਮਿੰਗ ਸਟਾਰ ਪੈਨੀ ਓਲੇਕਸਿਆਕ ਵੀ ਉੱਥੇ ਹੀ ਮੌਜੂਦ ਸਨ।