ਵੰਡ

-ਜਸਵਿੰਦਰ ਕੌਰ
ਅੱਜ ਪਰਮ ਕਿਸੇ ਦੇ ਨਵੇਂ ਬਣਾਏ ਮਕਾਨ ਦੀ ਚੱਠ ਤੋਂ ਹੋ ਕੇ ਆਈ। ਆਉਂਦੇ ਸਾਰ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ, ”ਵੇਖਿਓ, ਵਰਮਾ ਜੀ ਦੀ ਕੋਠੀ ਕਮਾਲ ਦੀ ਬਣਾਈ, ਵੇਖ ਕੇ ਰੂਹ ਖੁਸ਼ ਹੁੰਦੀ ਸੀ, ਕਿਉਂ ਨਾ ਆਪਾਂ ਵੀ ਜਿਹੜੇ ਮਕਾਨ ਵਿੱਚ ਮੰਮੀ-ਡੈਡੀ ਰਹਿੰਦੇ ਨੇ, ਉਹ ਵੇਚ ਦੇਈਏ ਤੇ ਖਾਲੀ ਪਏ ਅੱਠ ਮਰਲੇ ਦੇ ਪਲਾਟ ‘ਤੇ ਵਧੀਆ ਜਿਹੀ ਕੋਠੀ ਬਣਾ ਲਈਏ।’
ਪਰਮ ਦਾ ਪਤੀ ਕਮਲ ਬੋਲਿਆ, ”ਨਾ ਮੰਮੀ-ਡੈਡੀ ਕਿੱਥੇ ਰਹਿਣਗੇ?”
ਅਜੇ ਪਰਮ ਕੁਝ ਕਹਿੰਦੀ, ਉਦੋਂ ਹੀ ਉਸ ਦਾ ਛੋਟਾ ਜਿਹਾ ਬੇਟਾ ਸਹਿਜ ਬੋਲ ਉਠਿਆ, ”ਹਾਂ ਪਾਪਾ, ਆਪਾਂ ਵੀ ਬਿੱਗ ਹਾਊਸ ਬਣਾਈਏ?”
ਕਮਲ ਨੇ ਆਪਣੇ ਪੁੱਤਰ ਨੂੰ ਲਾਡ ਲਡਾਉਂਦੇ ਕਿਹਾ, ”ਜ਼ਰੂਰ ਬਣਾਊਂਗਾ ਮੇਰਾ ਸੋਹਣਾ ਪੁੱਤ, ਪਹਿਲਾਂ ਦੱਬ ਕੇ ਪੜ੍ਹਾਈ ਕਰੋ, ਫਿਰ ਵੱਡੇ ਅਫਸਰ ਬਣ ਕੇ ਵੱਡਾ ਮਕਾਨ ਬਣਾ ਲੈਣਾ।”
ਇੰਨੇ ਨੂੰ ਪਰਮ ਵੀ ਰਸੋਈ ‘ਚੋਂ ਕੰਮ ਕਰਦੀ ਕਰਦੀ ਬਾਪ-ਬੇਟੇ ਦੀ ਗੱਲ ਸੁਣ ਕੇ ਕਹਿਣ ਲੱਗੀ, ”ਆਪਾਂ ਵੱਡੇ ਭਾਅ ਜੀ ਨਾਲ ਗੱਲ ਕਰੀਏ, ਬਈ ਮੰਮੀ-ਡੈਡੀ ‘ਚੋਂ ਇੱਕ ਜਣੇ ਨੂੰ ਉਹ ਰੱਖ ਲੈਣ, ਇੱਕ ਨੂੰ ਆਪਾਂ ਰੱਖ ਲਈਏ। ਉਨ੍ਹਾਂ ਵਾਲਾ ਮਕਾਨ ਵੇਚ ਕੇ ਪੈਸੇ ਅੱਧੇ-ਅੱਧੇ ਕਰ ਕੇ ਆਪੋ ਆਪਣੇ ਮਕਾਨ ਬਣਾ ਲਈਏ। ਉਨ੍ਹਾਂ ਲਈ ਵੀ ਇਹ ਸੌਦਾ ਮਾੜਾ ਨਹੀਂ ਹੈ। ਇਸ ਸੰਬੰਧੀ ਤੁਸੀਂ ਮੰਮੀ ਜੀ ਨਾਲ ਗੱਲ ਤਾਂ ਕਰ ਕੇ ਵੇਖਿਓ।”
ਕਮਲ ਨੇ ਪਰਮ ਦੀ ਗੱਲ ਵੱਲ ਧਿਆਨ ਦਿੰਦੇ ਹੋਏ ਕਿਹਾ, ”ਪਹਿਲਾਂ ਵੀਰੇ ਨਾਲ ਤਾਂ ਗੱਲ ਕਰ ਕੇ ਵੇਖਾਂ, ਫਿਰ ਉਹੀ ਡੈਡੀ ਹੋਰਾਂ ਨੂੰ ਮਕਾਨ ਵੇਚਣ ਬਾਰੇ ਤੇ ਉਨ੍ਹਾਂ ਦੋਵਾਂ ਨੂੰ ਅਲੱਗ-ਅਲੱਗ ਰਹਿਣ ਨੂੰ ਮਨਾ ਲਵੇਗਾ। ਕਮਲ ਦੇ ਡੈਡੀ ਉਸ ਦੇ ਬੇਟੇ ਸਹਿਜ ਨੂੰ ਹੱਦੋਂ ਵੱਧ ਪਿਆਰ ਕਰਦੇ ਸਨ। ਜੋ ਮੂੰਹੋਂ ਕੱਢਦਾ, ਉਹੀ ਲਿਆ ਕੇ ਦਿੰਦੇ, ਸਹਿਜ ਵੀ ਆਪਣੇ ਦਾਦਾ-ਦਾਦੀ ਨੂੰ ਬਹੁਤ ਪਿਆਰ ਕਰਦਾ ਸੀ।”
ਇੱਕ ਦਿਨ ਕਮਲ ਦੀ ਮੰਮੀ ਨੇ ਸਹਿਜ ਨੂੰ ਬਿੱਗ ਹਾਊਸ ਬਣਾਉਣ ਬਾਰੇ ਕਹਿੰਦੇ ਸੁਣਿਆ ਤਾਂ ਆਪਣੇ ਘਰ ਵਾਲੇ ਨੂੰ ਕਹਿੰਦੀ, ”ਵੇਖੋ ਜੀ, ਆਪਾਂ ਮਕਾਨ ਰੱਖ ਕੇ ਕੀ ਕਰਨਾ? ਜੁਆਕ ਦੀ ਵੱਡੇ ਮਕਾਨ ਦੀ ਰੀਝ ਪੂਰੀ ਹੋ ਜਾਊ, ਜਿੰਨੇ ਦਾ ਵਿਕਦਾ, ਵੇਚ ਦਿੰਦੇ ਹਾਂ, ਦੋਵਾਂ ਬੱਚਿਆਂ ਨੂੰ ਅੱਧੇ-ਅੱਧੇ ਪੈਸੇ ਦੇ ਦਿੰਦੇ ਹਾਂ।” ਇਸ ਤਰ੍ਹਾਂ ਕਮਲ ਹੋਰਾਂ ਨੇ ਮਿਲੇ ਪੈਸਿਆਂ ਨਾਲ ਆਪਣਾ ਵਧੀਆ ਮਕਾਨ ਬਣਾ ਲਿਆ।
ਕਮਲ ਦੇ ਮੰਮੀ-ਡੈਡੀ ਵੀ ਅਲੱਗ-ਅਲੱਗ ਭਰਾਵਾਂ ਨਾਲ ਰਹਿਣ ਲੱਗੇ। ਮੰਮੀ ਕਮਲ ਨਾਲ ਤੇ ਡੈਡੀ ਵੱਡੇ ਭਰਾ ਨਾਲ ਰਹਿਣ ਲੱਗੇ। ਇੱਕ ਦਿਨ ਕਮਲ ਨੂੰ ਆਪਣੇ ਕੰਮ ਦੇ ਸੰਬੰਧ ਵਿੱਚ ਦੋ-ਚਾਰ ਦਿਨ ਲਈ ਬਾਹਰ ਜਾਣਾ ਪੈ ਗਿਆ। ਇੰਨੇ ਦਿਨਾਂ ਬਾਅਦ ਮਿਲਣ ‘ਤੇ ਪਰਮ ਕਮਲ ਨੂੰ ਕਹਿੰਦੀ, ”ਮੇਰਾ ਭੋਰਾ ਦਿਲ ਨਹੀਂ ਲੱਗਿਆ, ਐਨੇ ਦਿਨ ਨਾ ਬਾਹਰ ਨਾ ਰਿਹਾ ਕਰੋ। ਇੱਕ ਇੱਕ ਦਿਨ ਕੱਢਣਾ ਔਖਾ ਹੋ ਗਿਆ।”
ਕਮਲ ਅੰਦਰੋ-ਅੰਦਰੀ ਸੋਚਦਾ ਕਿ ਭਾਗਵਾਨੇ, ਜਿਵੇਂ ਤੂੰ ਮੇਰਾ ਚਾਰ ਦਿਨਾਂ ਦਾ ਪਾਸੇ ਰਹਿਣਾ ਬਰਦਾਸ਼ਤ ਨਹੀਂ ਕਰ ਸਕੀ ਤੇ ਵਿਚਾਰੇ ਮੰਮੀ-ਡੈਡੀ ਜੀ ਤਾਂ ਅਸੀਂ ਪੱਕੇ ਹੀ ਜਿਊਂਦੇ ਜੀਅ ਵੱਖ ਕਰ ਦਿੱਤੇ। ਜਦੋਂ ਵਾਪਸ ਆਇਆ, ਕੀ ਵੇਖਦਾ ਮਾਂ ਨੇ ਖਾਣਾ-ਪੀਣਾ ਬੰਦ ਕਰ ਦਿੱਦਾ ਸੀ ਤੇ ਦਿਨੋ-ਦਿਨ ਸਰੀਰ ਕਮਜ਼ੋਰ ਹੁੰਦਾ ਗਿਆ ਕਿਉਂਕਿ ਉਹ ਕਦੇ ਵੀ ਆਪਣੇ ਘਰ ਵਾਲੇ ਤੋਂ ਦੂਰ ਨਹੀਂ ਸੀ ਰਹੀ। ਸੈਰ ਕਰਨ ਜਾਣਾ ਤਾਂ ਵੀ ਇਕੱਠੇ, ਕਿਸੇ ਸਕੀਰੀ ਵਿੱਚ ਜਾਣਾ, ਫਿਰ ਵੀ ਇਕੱਠੇ ਹੀ ਜਾਂਦੇ, ਜ਼ਿੰਦਗੀ ਦਾ ਹਰ ਦੁੱਖ-ਸੁੱਖ ਇਕੱਠੇ ਹੀ ਕੱਟਿਆ।
ਅੱਜ ਜਦੋਂ ਕਮਲ ਨੇ ਮਾਂ ਦੀ ਵਿਗੜੀ ਹਾਲਤ ਵੇਖੀ ਤਾਂ ਬਹੁਤ ਪ੍ਰੇਸ਼ਾਨ ਹੋਇਆ। ਕਮਲ ਦੀ ਮਾਂ ਨੇ ਹੌਲੀ ਜਿਹੀ ਆਵਾਜ਼ ਵਿੱਚ ਆਪਣੇ ਪੋਤਰੇ ਸਹਿਜ ਨੂੰ ਨੇੜੇ ਹੋ ਕੇ ਗੱਲ ਸੁਣਨ ਲਈ ਕਿਹਾ, ”ਬੇਟਾ ਤੂੰ ਆਪਣੇ ਮੰਮੀ-ਡੈਡੀ ਨੂੰ ਕਦੇ ਅਲੱਗ ਨਾ ਕਰੀਂ, ਇਹ ਇੱਕ ਦੂਜੇ ਬਿਨਾਂ ਨਹੀਂ ਰਹਿ ਸਕਦੇ। ਇਨ੍ਹਾਂ ਵਿੱਚ ਕਦੇ ਵੀ ਜ਼ਮੀਨ-ਜਾਇਦਾਦ ਦੀ ਤਰ੍ਹਾਂ ਵੰਡ ਨਾ ਕਰੀਂ। ਇਹ ਜਿੱਥੇ ਵੀ ਰਹਿਣ, ਇਕੱਠੇ ਰਹਿਣ।” ਇੰਨਾ ਕਹਿੰਦੇ ਸਾਰ ਹੀ ਮਾਂ ਸਦਾ ਦੀ ਨੀਂਦ ਸੌਂ ਗਈ।
ਕਮਲ ਤੇ ਪਰਮ ਰੋਂਦੇ ਹੋਏ ਮਾਂ ਨੂੰ ਹਲੂਣਦੇ ਹੋਏ ਕਹਿਣ ਲੱਗੇ, ”ਮਾਂ, ਤੇਰੀ ਮੌਤ ਦੇ ਤਾਂ ਅਸੀਂ ਜ਼ਿੰਮੇਵਾਰ ਹਾਂ। ਅਸੀਂ ਤਾਂ ਕਿਸੇ ਮੁਆਫੀ ਦੇ ਕਾਬਿਲ ਵੀ ਨਹੀਂ ਹਾਂ।” ਬੱਸ ਦੋਵਾਂ ਕੋਲ ਸਿਰਫ ਹੁਣ ਪਛਤਾਵਾ ਹੀ ਰਹਿ ਗਿਆ ਸੀ।