ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਦੇ ਮੁੱਦੇ ਤੋਂ ਰਾਜਸੀ ਪਾਰਟੀਆਂ ਤੇ ਚੋਣ ਕਮਿਸ਼ਨ ਆਹਮੋ ਸਾਹਮਣੇ

voting machine

ਨਵੀਂ ਦਿੱਲੀ, 12 ਅਪਰੈਲ, (ਪੋਸਟ ਬਿਊਰੋ)- ਬਿਜਲਈ ਵੋਟਿੰਗ ਮਸ਼ੀਨਾਂ (ਈ ਵੀ ਐੱਮ) ਨਾਲ ਛੇੜਛਾੜ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਚੋਣ ਕਮਿਸ਼ਨ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ ਅਤੇ ਸਿਆਸੀ ਪਾਰਟੀਸਆਂ ਵੀ ਸਪੱਸ਼ਟ ਵਿਰੋਧ ਲਈ ਨਿੱਤਰ ਪਈਆਂ ਹਨ। ਚੋਣ ਕਮਿਸ਼ਨ ਨੇ ਮਈ ਦੇ ਪਹਿਲੇ ਹਫਤੇ ਤੋਂ 10 ਮਈ ਤੱਕ ਵਿਗਿਆਨਿਕਾਂ, ਤਕਨੀਕੀ ਮਾਹਰਾਂ ਤੇ ਸਿਆਸੀ ਪਾਰਟੀਆਂ ਨੂੰ ਮਸ਼ੀਨਾਂ ਨੂੰ ਹੈਕ ਕਰਨ ਦੀ ਖੁੱਲ੍ਹੀ ਚੁਣੌਤੀ ਦੇ ਦਿੱਤੀ ਹੈ।
ਵਰਨਣ ਯੋਗ ਹੈ ਕਿ ਅੱਜ ਕਾਂਗਰਸ ਦੀ ਅਗਵਾਈ ਵਿੱਚ ਦੇਸ਼ ਦੀਆਂ 13 ਸਿਆਸੀ ਪਾਰਟੀਆਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮਿਲੀਆ ਅਤੇ ਈ ਵੀ ਐੱਮ. ਵਿੱਚ ਛੇੜਛਾੜ ਦਾ ਮੁੱਦਾ ਚੁੱਕਿਆ ਸੀ। ਰਾਸ਼ਟਰਪਤੀ ਦੇ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਈ ਵੀ ਐੱਮ ਨਾਲ ਛੇੜਛਾੜ ਦੇ ਦੋਸ਼ ਇਸ ਦੇਸ਼ ਦੀ ਚੋਣ ਪ੍ਰਕਿਰਿਆ ਉੱਤੇ ਸਵਾਲ ਖੜ੍ਹੇ ਕਰ ਰਹੇ ਹਨ। ਉਸ ਵਫਦ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਗੁਲਾਮ ਨਬੀ ਆਜ਼ਾਦ ਅਤੇ ਡਾ. ਮਨਮੋਹਨ ਸਿੰਘ ਦੇ ਇਲਾਵਾ ਮਲਿਕਾਜੁਰਨ ਖੜਗੇ, ਏ ਕੇ ਐਂਟਨੀ, ਅਹਿਮਦ ਪਟੇਲ, ਸੱਤਿਆਵਰਤ ਚਤੁਰਵੇਦੀ ਵਰਗੇ ਕਾਂਗਰਸ ਦੇ ਵੱਡੇ ਨੇਤਾ ਤੇ ਜੈ ਪ੍ਰਕਾਸ਼ ਨਾਰਾਇਨ, ਸਤੀਸ਼ ਮਿਸ਼ਰਾ, ਡੀ.ਰਾਜਾ ਹੋਰਨਾਂ ਪਾਰਟੀਆਂ ਵੱਲੋਂ ਸ਼ਾਮਲ ਸਨ।
ਜਾਣਕਾਰ ਸੂਤਰਾਂ ਅਨੁਸਾਰ ਸਿਆਸੀ ਪਾਰਟੀਆਂ ਵਲੋਂ ਈ ਵੀ ਐੱਮ ਵਿੱਚ ਕਥਿਤ ਛੇੜਛਾੜ ਦੇ ਲਗਾਤਾਰ ਦੋਸ਼ਾਂ ਤੋਂ ਬਾਅਦ ਚੋਣ ਕਮਿਸ਼ਨ ਨੇ ਸਿੱਧੀ ਚੁਣੌਤੀ ਦਾ ਫੈਸਲਾ ਕੀਤਾ ਹੈ। ਇਕ ਜਾਣਕਾਰ ਨੇ ਕਿਹਾ ਕਿ ਮਈ ਦੇ ਸ਼ੁਰੂ ਵਿੱਚ ਮਾਹਿਰ, ਵਿਗਿਆਨਿਕ ਅਤੇ ਤਕਨੀਕ ਦੇ ਜਾਣਕਾਰ 10 ਦਿਨ ਦੇ ਅੰਦਰ ਆਣ ਕੇ ਮਸ਼ੀਨ ਨੂੰ ਹੈਕ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਚੋਣ ਕਮਿਸ਼ਨ ਨੇ 2009 ਵਿੱਚ ਵੀ ਏਦਾਂ ਦੀ ਚੁਣੌਤੀ ਦਿੱਤੀ ਅਤੇ ਦਾਅਵਾ ਕੀਤਾ ਸੀ ਕਿ ਈ ਵੀ ਐੱਮ ਨੂੰ ਕੋਈ ਵੀ ਹੈਕ ਨਹੀਂ ਕਰ ਸਕਿਆ। ਪਿਛਲੇ ਸਮੇਂ ਵਿੱਚ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਭਾਜਪਾ ਦੀ ਜ਼ਬਰਦਸਤ ਜਿੱਤ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਈ ਵੀ ਐੱਮ ਨਾਲ ਛੇੜਛਾੜ ਦਾ ਦੋਸ਼ ਲਗਾਇਆ ਸੀ। ਹੁਣ ਦਿੱਲੀ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਬਾਰੇ ਅਰਵਿੰਦ ਕੇਜਰੀਵਾਲ ਨੇ ਈ ਵੀ ਐੱਮ ਵਿੱਚ ਗੜਬੜੀ ਦਾ ਦੋਸ਼ ਦੁਹਰਾਇਆ ਸੀ। ਕੇਜਰੀਵਾਲ ਨੇ ਚੋਣ ਕਮਿਸ਼ਨ ਉੱਤੇ ਹਮਲਾ ਬੋਲਦਿਆਂ ਆਖਿਆ ਸੀ ਕਿ ਚੋਣ ਕਮਿਸ਼ਨ ਹਰ ਹਾਲਾਤ ਵਿੱਚ ਭਾਜਪਾ ਨੂੰ ਜਿਤਾਉਣਾ ਚਾਹੁੰਦਾ ਹੈ। ਕੇਜਰੀਵਾਲ ਵਲੋਂ ਲਾਏ ਦੋਸ਼ਾਂ ਦੇ ਜਵਾਬ ਵਿੱਚ ਚੋਣ ਕਮਿਸ਼ਨ ਨੇ ਆਖਿਆ ਕਿ ਕੇਜਰੀਵਾਲ ਆਣ ਕੇ ਸਾਬਤ ਕਰਨ ਕਿ ਮਸ਼ੀਨਾਂ ਨਾਲ ਛੇੜਛਾੜ ਹੋਈ ਹੈ।