ਵੋਟਿੰਗ ਮਸ਼ੀਨਾਂ ਵਿੱਚ ਗੜਬੜ ਵਿਰੁੱਧ ਕਾਂਗਰਸ ਅਤੇ ਆਪ ਪਾਰਟੀ ਚੋਣ ਕਮਿਸ਼ਨ ਕੋਲ ਪਹੁੰਚੀਆਂ

election commission
ਗਵਾਲੀਅਰ, 2 ਅਪ੍ਰੈਲ (ਪੋਸਟ ਬਿਊਰੋ)- ਮੱਧ ਪ੍ਰਦੇਸ਼ ਦੇ ਭਿੰਡ ਵਿੱਚ ਵੀ ਵੀ ਪੀ ਏ ਟੀ (ਵੋਟਰ ਵੈਰੀਫਾਈਡ ਪੇਪਰ ਆਡਿਟ ਟਰੇਲ) ਦੀ ਚੈਕਿੰਗ ਵਿੱਚ ਈ ਵੀ ਐੱਮ ਦੇ ਦੋ ਵੱਖ-ਵੱਖ ਬਟਨ ਦਬਾਏ ਜਾਣ ‘ਤੇ ਕਮਲ ਦੇ ਫੁੱਲ ਪ੍ਰਿੰਟ ਹੋਣ ਪਿੱਛੋਂ ਰਾਜ ਸਰਕਾਰ ਨੇ ਕਾਰਵਾਈ ਕਰਦਿਆਂ ਭਿੰਡ ਦੇ ਜ਼ਿਲਾ ਮੈਜਿਸਟਰੇਟ ਸਮੇਤ 19 ਅਫਸਰਾਂ ਨੂੰ ਹਟਾ ਦਿੱਤਾ ਹੈ। ਇਸ ਕੇਸ ਵਿੱਚ ਚੋਣ ਕਮਿਸ਼ਨ ਨੇ ਵੀ ਰਾਜ ਸਰਕਾਰ ਤੋਂ ਰਿਪੋਰਟ ਮੰਗ ਲਈ ਹੈ।
ਵਰਨਣ ਯੋਗ ਹੈ ਕਿ ਭਿੰਡ ਦੇ ਅਟੇਰ ਹਲਕੇ ਵਿੱਚ ਅਗਲੇ ਹਫਤੇ ਉਪ ਚੋਣ ਹੋਣੀ ਹੈ। ਇਹ ਸੀਟ ਮੱਧ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ ਸਤਿਆਦੇਵ ਕਟਾਰੇ ਦੇ ਦਿਹਾਂਤ ਕਾਰਨ ਖਾਲੀ ਹੋਈ ਹੈ। ਕਾਂਗਰਸ ਸਮੇਤ ਵੱਖ ਵੱਖ ਪਾਰਟੀਆਂ ਇਸ ਮਾਮਲੇ ‘ਤੇ ਸਵਾਲ ਉਠਾਏ ਹਨ। ਮੱਧ ਪ੍ਰਦੇਸ਼ ਦੇ ਅਟੇਰ ਦੇ ਨਾਲ ਬਾਂਧਵਗੜ੍ਹ ਵਿਖੇ ਵੀ ਨੌਂ ਅਪਰੈਲ ਨੂੰ ਉਪ ਚੋਣ ਹੋਣੀ ਹੈ। ਦੋਵਾਂ ਹਲਕਿਆਂ ਵਿੱਚ ਇਸ ਵਾਰ ਵੀ ਵੀ ਪੀ ਏ ਟੀ ਮਸ਼ੀਨਾਂ ਦੀ ਵਰਤੋਂ ਹੋਣੀ ਹੈ। ਇਸ ਮਸ਼ੀਨ ਦੀ ਖਾਸੀਅਤ ਹੈ ਕਿ ਇਸ ਵਿੱਚੋਂ ਉਹ ਪਰਚੀ ਨਿਕਲਦੀ ਹੈ, ਜਿਸ ਨੂੰ ਤੁਸੀਂ ਵੋਟ ਪਾਈ ਹੁੰਦੀ ਹੈ। ਇਸ ਪਰਚੀ ਨੂੰ ਵੋਟਰ ਆਪਣੇ ਨਾਲ ਨਹੀਂ ਲਿਜਾ ਸਕਦਾ। ਇਹ ਪਰਚੀ ਚੋਣ ਕਮਿਸ਼ਨ ਕੁਝ ਮਹੀਨਿਆਂ ਤੱਕ ਆਪਣੇ ਕੋਲ ਸੁਰੱਖਿਅਤ ਰੱਖਦਾ ਹੈ। ਉਕਤ ਘਟਨਾ ਮਸ਼ੀਨ ਦੇ ਟਰਾਇਲ ਦੌਰਾਨ ਹੋਈ। ਮਸ਼ੀਨ ਨਾਲ ਜੁੜੀ ਈ ਵੀ ਐੱਮ ‘ਤੇ ਚੌਥੇ ਨੰਬਰ ਦਾ ਬਟਨ ਜਦੋਂ ਦਬਾਇਆ ਗਿਆ ਤਾਂ ਮਸ਼ੀਨ ਵਿੱਚੋਂ ਜੋ ਪਰਚੀ ਮਿਲੀ, ਉਹ ਸਤਿਆਦੇਵ ਪਚੌਰੀ ਦੇ ਨਾਂਅ ਦੀ ਸੀ, ਜਿਸ ਉੱਤੇ ਕਮਲ ਦੇ ਫੁੱਲ ਦਾ ਚੋਣ ਨਿਸ਼ਾਨ ਸੀ। ਜਦੋਂ ਇੱਕ ਹੋਰ ਬਟਨ ਦਬਾਇਆ ਤਾਂ ਫਿਰ ਕਮਲ ਦਾ ਫੁੱਲ ਪ੍ਰਿੰਟ ਹੋਇਆ। ਤੀਜੀ ਵਾਰ ਨੰਬਰ ਇੱਕ ਦਾ ਬਟਨ ਦਬਾਇਆ ਤਾਂ ਪੰਜਾ ਛਪ ਗਿਆ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨੀਂ ਚੋਣ ਕਮਿਸ਼ਨ ਨੂੰ ਮਿਲ ਕੇ ਇਲੈਕਟ੍ਰੋਨਿਕ ਵੋਟ ਮਸ਼ੀਨਾਂ ਵਿੱਚ ਗੜਬੜ ਬਾਰੇ ਆਪਣੀ ਚਿੰਤਾ ਤੋਂ ਜਾਣੂ ਕਰਾਇਆ ਅਤੇ ਭਵਿੱਖ ਵਿੱਚ ਈ ਵੀ ਐੱਮ ਦੀ ਥਾਂ ਬੈਲਟ ਪੇਪਰਾਂ ਰਾਹੀਂ ਵੋਟਾਂ ਪਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰੀਖਣ ਦੌਰਾਨ ਈ ਵੀ ਐੱਮ ਨਾਲ ਜੁੜੀ ਵੀ ਵੀ ਪੀ ਟੀ ਏ ਮਸ਼ੀਨ ਵਿੱਚੋਂ ਸਿਰਫ ਭਾਜਪਾ ਦੀ ਹੀ ਪਰਚੀ ਕਿਵੇਂ ਨਿਕਲੀ? ਇਲੈਕਸ਼ਨ ਕਮਿਸ਼ਨ ਦੇ ਬੁਲਾਰੇ ਮੁਤਾਬਕ ਜ਼ਿਲ੍ਹਾ ਚੋਣ ਅਫਸਰ ਕੋਲੋਂ ਅਸੀਂ ਵਿਸਥਾਰਤ ਰਿਪੋਰਟ ਮੰਗੀ ਹੈ।
ਇਸ ਦੌਰਾਨ ਕਾਂਗਰਸੀ ਨੇਤਾ ਗੋਬਿੰਦ ਸਿੰਘ ਨੇ ਕਿਹਾ ਕਿ ਮੀਡੀਆ ਨੂੰ ਧਮਕਾਇਆ ਜਾ ਰਿਹਾ ਹੈ, ਇਸ ਕਰ ਕੇ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਜ਼ਿਲਾ ਮੈਜਿਸਟਰੇਟ ਸਲੀਨਾ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇ। ਮੀਡੀਆ ਨੇ ਜਦੋਂ ਇਸ Ḕਤੇ ਸਵਾਲ ਉਠਾਇਆ ਤਾਂ ਚੀਫ ਇਲੈਕਟ੍ਰੋਲ ਆਫੀਸਰ ਸਲੀਨਾ ਸਿੰਘ ਨੇ ਕਿਹਾ ਕਿ ਈ ਵੀ ਐੱਮ ਵਿੱਚੋਂ ਜੋ ਵੀ ਨਿਕਲੇ, ਅਖਬਾਰ ਵਿੱਚ ਕੁਝ ਨਹੀਂ ਛਪਣਾ ਚਾਹੀਦਾ। ਜੇ ਕੋਈ ਖਬਰ ਛਪ ਗਈ ਤਾਂ ਜੇਲ੍ਹ ਭਿਜਵਾ ਦਿਆਂਗੀ।
ਕਾਂਗਰਸ ਪਾਰਟੀ ਨੇ ਇਸ ਸੰਬੰਧੀ ਚੋਣ ਕਮਿਸ਼ਨ ਤੱਕ ਪਹੁੰਚ ਕੇ ਬੈਲਟ ਪੇਪਰਾਂ ਰਾਹੀਂ ਵੋਟਾਂ ਪੁਆਏ ਜਾਣ ਦੀ ਮੰਗ ਕੀਤੀ। ਇਸ ਦੀ ਸ਼ਿਕਾਇਤ ਲਈ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਦੀ ਅਗਵਾਈ ਵਿੱਚ ਪਾਰਟੀ ਦੇ ਇੱਕ ਵਫਦ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ। ਮੁਲਾਕਾਤ ਪਿੱਛੋਂ ਪੱਤਰਕਾਰਾਂ ਨੂੰ ਦਿਗਵਿਜੇ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਕੋਲੋਂ ਪੂਰੇ ਮਾਮਲੇ ਦੀ ਜਾਂਚ ਕਰਾਉਣ ਅਤੇ ਬੈਲਟ ਪੇਪਰਾਂ ਰਾਹੀਂ ਵੋਟਾਂ ਪੁਆਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਸ਼ੁਰੂ ਤੋਂ ਮਸ਼ੀਨਾਂ ਉੱਤੇ ਭਰੋਸਾ ਨਹੀਂ ਸੀ। ਜਦੋਂ ਸਾਰੀ ਦੁਨੀਆ ਵਿੱਚ ਬੈਲਟ ਪੇਪਰਾਂ ਰਾਹੀਂ ਵੋਟਾਂ ਪੈ ਰਹੀਆਂ ਹਨ ਤਾਂ ਸਾਨੂੰ ਇਸ ਪ੍ਰਣਾਲੀ ਨੂੰ ‘ਅਪਣਾਉਣ ਚ ਕਿਉਂ ਇਤਰਾਜ਼ ਕਰਨਾ ਚਾਹੀਦਾ ਹੈ?