ਵੋਟਿੰਗ ਮਸ਼ੀਨਾਂ ਨਾਲ ਸ਼ਰਾਰਤ ਦੇ ਦੋਸ਼ਾਂ ਵਾਲੇ ਵਿਵਾਦ ਦੀ ਰਾਜ ਸਭਾ ਵਿੱਚ ਗੂੰਜ ਪਈ

Opposition creates ruckus in Rajya Sabhaਨਵੀਂ ਦਿੱਲੀ, 5 ਅਪਰੈਲ, (ਪੋਸਟ ਬਿਊਰੋ)- ਕੇਂਦਰ ਵਿੱਚ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ ਵੀ ਐਮਜ਼) ਨਾਲ ਛੇੜਛਾੜ ਦੇ ਮਸਲੇ ਉਤੇ ਵਿਰੋਧੀ ਧਿਰਾਂ ਵੱਲੋਂ ਕੀਤੇ ਹੰਗਾਮੇ ਕਾਰਨ ਅੱਜ ਰਾਜ ਸਭਾ ਦੀ ਕਾਰਵਾਈ ਕੁਝ ਸਮੇਂ ਲਈ ਰੋਕਣੀ ਪਈ।
ਪਾਰਲੀਮੈਂਟ ਦੇ ਉਪਰਲੇ ਸਦਨ ਰਾਜ ਸਭਾ ਵਿੱਚ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਬਸਪਾ ਦੇ ਮੈਂਬਰਾਂ ਨੇ ਸਰਕਾਰ ਨੂੰ ਬੇਈਮਾਨ ਕਰਾਰ ਦਿੰਦੇ ਹੋਏ ਚੇਅਰਮੈਨ ਦੇ ਆਸਣ ਅੱਗੇ ਜਾ ਕੇ ਨਾਅਰੇ ਲਾਏ, ਜਿਸ ਕਾਰਨ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਸਰਕਾਰ ਨੇ ਸਾਰੇ ਦੋਸ਼ ਰੱਦ ਕਰਦੇ ਹੋਏ ਕਿਹਾ ਕਿ ਜੇ ਕਿਸੇ ਨੂੰ ਸਮੱਸਿਆ ਹੈ ਤਾਂ ਉਹ ਚੋਣ ਕਮਿਸ਼ਨ ਕੋਲ ਜਾ ਸਕਦੇ ਹਨ, ਪਾਰਲੀਮੈਂਟ ਰੋਸ ਪ੍ਰਦਰਸ਼ਨ ਵਾਲਾ ਮੰਚ ਨਹੀਂ ਹੈ।
ਇਸ ਦੌਰਾਨ ਲੋਕ ਸਭਾ ਵਿੱਚ ਕੇਂਦਰੀ ਕਾਨੂੰਨ ਰਾਜ ਮੰਤਰੀ ਪੀ ਪੀ ਚੌਧਰੀ ਨੇ ਦੱਸਿਆ ਕਿ ਹੁਣੇ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਈ ਵੀ ਐਮਜ਼ ਨਾਲ ਛੇੜਛਾੜ, ਚੋਣ ਜ਼ਾਬਤੇ ਦੀ ਉਲੰਘਣਾ ਤੇ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਖਰਚੇ ਫੰਡਾਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਇਹ ਸਦਨ ਵਿੱਚ ਪੇਸ਼ ਕੀਤੀ ਜਾਵੇਗੀ।
ਰਾਜ ਸਭਾ ਵਿੱਚ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੇ ਮੈਂਬਰਾਂ ਨੇ ਇਸ ਮਸਲੇ ਉੱਤੇ ਚਰਚਾ ਲਈ ਸਦਨ ਦੀ ਕਾਰਵਾਈ ਰੋਕਣ ਦੇ ਨਿਯਮ 267 ਹੇਠ ਚਾਰ ਨੋਟਿਸ ਦਿੱਤੇ। ਬਸਪਾ ਦੀ ਮੁਖੀ ਮਾਇਆਵਤੀ ਨੇ ਹਾਕਮ ਧਿਰ ਨੂੰ ਬੇਈਮਾਨ ਦੱਸਦਿਆਂ ਟਿੱਪਣੀ ਕੀਤੀ ਤਾਂ ਸਦਨ ਵਿੱਚ ਹੰਗਾਮਾ ਹੋ ਗਿਆ। ਉਨ੍ਹਾਂ ਕਿਹਾ ਕਿ ਈ ਵੀ ਐਮਜ਼ ਦੀ ਵਰਤੋਂ ਦੇ ਖ਼ਿਲਾਫ਼ ਬਸਪਾ ਨੇ ਅਦਾਲਤ ਵਿੱਚ ਵੀ ਪਹੁੰਚ ਕੀਤੀ ਹੈ। ਪਾਰਲੀਮੈਂਟਰੀ ਮਾਮਲਿਆਂ ਬਾਰੇ ਰਾਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਬਸਪਾ ਦੀ ਮੁਖੀ ਮਾਇਆਵਤੀ ਨੇ ‘ਦੇਸ਼ ਦੇ ਲੋਕਾਂ ਤੇ ਜਮਹੂਰੀਅਤ ਦਾ ਅਪਮਾਨ’ ਕੀਤਾ ਹੈ। ਇਸ ਦੌਰਾਨ ਨਕਵੀ ਅਤੇ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਵਿਚਾਲੇ ਤਿੱਖੀ ਨੋਕ-ਝੋਕ ਹੋਈ। ਨਕਵੀ ਨੇ ਕਿਹਾ ਕਿ 2004 ਅਤੇ 2009 ਦੀਆਂ ਲੋਕ ਸਭਾ ਚੋਣਾਂ ਅਤੇ ਬਿਹਾਰ, ਪੰਜਾਬ ਤੇ ਦਿੱਲੀ ਦੀਆਂ ਅਸੈਂਬਲੀ ਚੋਣਾਂ ਵਿੱਚ ਭਾਜਪਾ ਹਾਰੀ ਹੈ, ਇਹ ਸਭ ਚੋਣਾਂ ਈ ਵੀ ਐਮਜ਼ ਰਾਹੀਂ ਹੋਈਆਂ ਹਨ ਤੇ ਕਾਂਗਰਸ ਨੂੰ ਉਦੋਂ ਕੋਈ ਇਤਰਾਜ਼ ਨਹੀਂ ਸੀ। ਇਸ ਉੱਤੇ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ ਈ ਵੀ ਐਮਜ਼ ਨਾਲ ਛੇੜਛਾੜ ਨਹੀਂ ਕੀਤੀ ਜਾਂਦੀ ਸੀ ਤੇ ਇਸ ਤਰ੍ਹਾਂ ਦੇ ਹੱਥਕੰਡੇ ਕੇਵਲ ਹੁਣ ਵਰਤੇ ਜਾਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਚੋਰ ਸਾਰੇ ਘਰ ਵਿੱਚ ਚੋਰੀ ਨਹੀਂ ਕਰਦਾ, ਕੁਝ ਕੇਵਲ ਥਾਵਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਤਾਂ ਜੋ ਫੜਿਆ ਨਾ ਜਾਵੇ। ਇਸ ਮਾਮਲੇ ਵਿੱਚ ਈ ਵੀ ਐਮਜ਼ ਨਾਲ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਵਿੱਚ ਛੇੜ-ਛਾੜ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਮੱਧ ਪ੍ਰਦੇਸ਼ ਉਪ ਚੋਣਾਂ ਅਤੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬੈਲੇਟ ਪੇਪਰ ਨਾਲ ਕਰਵਾਈਆਂ ਜਾਣ। ਡਿਪਟੀ ਚੇਅਰਮੈਨ ਨੇ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਕਿਹਾ, ‘ਇਹ ਕੇਸ ਚੋਣ ਕਮਿਸ਼ਨ ਕੋਲ ਉਠਾਉਣ ਚਾਹੀਦਾ ਹੈ। ਈ ਵੀ ਐਮਮਜ਼ ਸਹੀ ਕੰਮ ਕਰਦੀਆਂ ਹਨ ਜਾਂ ਨਹੀਂ, ਇਸ ਦੀ ਜਾਂਚ ਚੋਣ ਕਮਿਸ਼ਨ ਕਰੇਗਾ। ਰਾਜ ਸਭਾ ਦਾ ਚੇਅਰਮੈਨ ਕੁਝ ਨਹੀਂ ਕਰ ਸਕਦਾ।’