ਵੋਟਾਂ ਦੇ ਦਿਨ ਪ੍ਰੈੱਸ ਕਾਨਫਰੰਸ ਕਰਨ ਦੇ ਕੇਸ ਵਿੱਚ ਚੋਣ ਕਮਿਸ਼ਨ ਵੱਲੋਂ ਕਾਂਗਰਸ ਨੂੰ ਕਲੀਨ ਚਿੱਟ


ਚੰਡੀਗੜ੍ਹ, 1 ਜੂਨ (ਪੋਸਟ ਬਿਊਰੋ)- ਸ਼ਾਹਕੋਟ ਹਲਕੇ ਦੀ ਉੱਪ ਚੋਣ ਦੀਆਂ ਵੋਟਾਂ ਪੈਣ ਦੇ ਦਿਨ ਚੰਡੀਗੜ੍ਹ ਪੰਜਾਬ ਭਵਨ ਵਿੱਚ ਪੰਜਾਬ ਕਾਂਗਰਸ ਦੇ ਪ੍ਰੈੱਸ ਕਾਨਫਰੰਸ ਕਰਨ ਦੇ ਕੇਸ ਵਿੱਚ ਚੋਣ ਕਮਿਸ਼ਨ ਵੱਲੋਂ ਕਾਂਗਰਸ ਪਾਰਟੀ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਇਸ ਬਾਰੇ ਅਕਾਲੀ ਦਲ ਦੇ ਨੇ ਸਿ਼ਕਾਇਤ ਕੀਤੀ ਸੀ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਦੋ ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਭਾਰਤ ਭੂਸ਼ਣ ਆਸ਼ੂ ਨੇ ਪ੍ਰੈੱਸ ਕਾਨਫਰੰਸ ਕਰ ਕੇ ਪੈਟਰੋਲ-ਡੀਜ਼ਲ ਕੀਮਤਾਂ ਵਿੱਚ ਵਾਧੇ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਸੀ। ਵੋਟਿੰਗ ਵਾਲੇ ਦਿਨ ਕੀਤੀ ਇਸ ਪ੍ਰੈਸ ਕਾਨਫਰੰਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਮੰਨਦੇ ਹੋਏ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਤੇ ਸਰਕਾਰੀ ਭਵਨ ਦੀ ਸਿਆਸੀ ਕੰਮ ਲਈ ਦੁਰਵਰਤੋਂ ਦਾ ਦੋਸ਼ ਲਾਇਆ ਸੀ। ਚੋਣ ਕਮਿਸ਼ਨ ਨੇ ਇਸ ਸ਼ਿਕਾਇਤ ਵਾਸਤੇ ਪ੍ਰੈੱਸ ਕਾਨਫਰੰਸ ਦੀ ਵੀਡੀਓ ਫੁਟੇਜ ਮੰਗੀ ਸੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐੱਸ ਕਰੁਣਾ ਰਾਜੂ ਨੇ ਵੀਡੀਓ ਫੁਟੇਜ ਦਾ ਅਧਿਐਨ ਕਰ ਕੇ ਇਸ ਨੂੰ ਰਿਪੋਰਟ ਸਮੇਤ ਅਗਲੀ ਕਾਰਵਾਈ ਲਈ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਸੀ। ਚੋਣ ਕਮਿਸ਼ਨ ਨੇ ਪਾਇਆ ਕਿ ਵੀਡੀਓ ਫੁਟੇਜ ਵਿੱਚ ਸ਼ਾਹਕੋਟ ਚੋਣ ਨਾਲ ਸੰਬੰਧਤ ਕੋਈ ਗੱਲ ਸਾਹਮਣੇ ਨਹੀਂ ਆਈ, ਜਿਸ ਕਰ ਕੇ ਕਾਂਗਰਸ ਪਾਰਟੀ ‘ਤੇ ਕੋਈ ਕਾਰਵਾਈ ਨਹੀਂ ਬਣਦੀ। ਇਸ ਤਰ੍ਹਾਂ ਕਮਿਸ਼ਨ ਨੇ ਸ਼ਿਕਾਇਤ ਦਾ ਨਿਪਟਾਰਾ ਕਰ ਦਿੱਤਾ ਹੈ।