ਵੈਰਾਨਗੀ ਦੀ ਪੈੜਚਾਲ

-ਡਾ ਗੁਰਬਖ਼ਸ਼ ਸਿੰਘ ਭੰਡਾਲ

ਰਸਤੇ ਬੰਦ ਹੋ ਜਾਣ ਤਾਂ ਸਾਹ ਖੁਦਕੁਸ਼ੀਆਂ ਦੇ ਰਾਹ ਤੁੱਰ ਪੈਂਦੇ ਨੇ।

ਅੱਖਾਂ ਦਾ ਖਾਰਾਪਣ ਸਿਰਫ਼ ਬਾਹਰੋਂ ਹੀ ਨਹੀਂ ਖੋਰਦਾ ਸਗੋਂ ਅੰਦਰੋਂ ਵੀ ਬਹੁਤ ਕੁਝ ਖੋਰ ਦਿੰਦਾ ਏ ਜਿਸਦਾ ਪਤਾ ਉਸ ਵਕਤ ਲੱਗਦਾ ਹੈ ਜਦ ਤੁਹਾਡੇ ਪੱਲੇ ਕੁਝ ਨਹੀਂ ਬਚਦਾ।

ਕਈ ਵਾਰ ਅੱਖਾਂ ਦੇ ਕੋਇਆਂ `ਚ ਸੁੱਕੇ ਅੱਥਰੂ ਵੀ ਤੁਹਾਨੂੰ ਧੁਰ ਤੀਕ ਗਾਲ ਦਿੰਦੇ ਨੇ ਅਤੇ ਹੱਡੀਆਂ ਦੀ ਮੁੱਠ ਵੀ ਤੁਹਾਡੀ ਹਵਾਲਗੀ ਤੋਂ ਪੱਲਾ ਝਾੜ ਦਿੰਦੀ ਏ।

ਬਾਹਰਲਾ ਮਾਰੇ ਤਾਂ ਪਤਾ ਲੱਗਾ ਜਾਂਦਾ ਏ। ਤੁਸੀਂ ਬਚਾਅ ਵੀ ਕਰ ਸਕਦੇ ਹੋ। ਜਦ ਆਪਣਾ ਮਾਰਦਾ ਏ ਤਾਂ ਚੁੱਲੀ ਪਾਣੀ ਲਈ ਸਿੱਸਕਦਿਆਂ ਦੇ ਸਾਹ ਵੀ ਨਹੀਂ ਨਿਕਲਦੇ।

ਹਾਊਕਾ ਹਮੇਸ਼ਾ ਹੀ ਵਕਤ ਦੀ ਵੱਖੀ `ਚ ਛੇਕ ਪਾਉਂਦਾ ਏ। ਪਰ ਜਦ ਇਹ ਹਾਊਕਾ ਆਪਣਿਆਂ ਦੇ ਦਿਤੇ ਦਰਦ `ਚੋਂ ਨਿਕਲੇ ਤਾਂ ਜਿ਼ੰਦਗੀ ਬੇਦਾਵਾ ਦੇ ਦਿੰਦੀ ਏ।

ਜਦ ਕਿਸੇ ਨੂੰ ਸਿੱਸਕੀਆਂ ਦੀ ਸੁਗਾਤ ਮਿਲੇ ਅਤੇ ਝੋਲੀ ਵਿਚ ਹਟਕੋਰਿਆਂ ਦਾ ਸੰਧਾਰਾ ਪਾਇਆ ਜਾਵੇ ਤਾਂ ਇਸਦੀ ਦਰਦ-ਭਿੰਨੀ ਹੂਕ ਅੰਬਰ ਵੀ ਚੀਰ ਦਿੰਦੀ ਏ।

ਬਹੁਤ ਔਖਾ ਹੁੰਦਾ ਏ ਤੁੱਰਦਿਆਂ ਪੈਰਾਂ ਵਿਚ ਸੂਲਾਂ ਦਾ ਉਗ ਆਉਣਾ ਅਤੇ ਇਸਦੀ ਪੀੜ ਨੂੰ ਆਪਣੇ ਅੰਤਰੀਵ `ਚ ਰਚਾਉਣਾ।

ਔਖਾ ਹੁੰਦਾ ਪੀੜਾ ਦਾ ਵਣਜ ਕਰਨਾ। ਇਸਦੇ ਨਫ਼ੇ ਤੇ ਨੁਕਸਾਨ ਵਿਚੋਂ ਆਪਣੇ ਆਪ ਨੂੰ ਵਿਸਥਾਰਨਾ ਤੇ ਵਿਸ਼ਾਲਣਾ। ਕੁਝ ਲੋਕ ਹੀ ਵਿਚ ਘਾਟੇ ਦਾ ਸੌਦਾ ਕਰਦੇ ਪਰ ਬਹੁਤਿਆਂ ਦੀ ਆਸ ਮੁਨਾਫ਼ੇ `ਤੇ ਟਿਕੀ ਹੁੰਦੀ।

ਦਰਦ ਦੀ ਵਹਿੰਗੀ ਢੋਂਦਾ ਬਾਪ ਜਦ ਪਾਟੇ ਪਰਨੇ ਨਾਲ ਆਪਣੇ ਹੰਝੂ ਛੁਪਾਉਣ ਦੀ ਕੋਸਿ਼ਸ਼ ਵਿਚ ਰੁੱਝਿਆ ਹੋਵੇ ਤਾਂ ਵਕਤ ਤੇ ਵਖਤ ਝਾਤੀਆਂ ਮਾਰਦੇ ਨੇ ਅਤੇ ਆਖਰ ਨੂੰ ਬਜੁਰਗੀ ਹੱਠ ਸਾਹਵੇਂ ਨਿਮਾਣੇ ਜਹੇ ਹੋ ਕੇ ਇਕ ਪਛਤਾਵੇ ਦਾ ਨਾਮਕਰਣ ਬਣ ਜਾਂਦੇ ਨੇ।

ਟਾਹਣੀ ਦੇ ਪਿੰਡੇ `ਤੇ ਉਗ ਆਏ ਕੰਡੇ, ਫ਼ੁੱਲ/ਕਰੂੰਬਲ ਨੂੰ ਉਗਮਣ ਤੋਂ ਹਮੇਸ਼ਾ ਹੋੜਦੇ ਨੇ। ਪਰ ਜੇ ਕਰੁੰਬਲ ਪੁੰਗਰ ਜਾਵੇ ਤਾਂ ਉਸਦਾ ਪਿੰਡਾ ਕੰਡਿਆਂ ਨਾਲ ਪੁੱੜ ਜਾਂਦਾ ਏ। ਪਰ ਕਲੀ ਦੇ ਮੁੱਖ `ਤੇ ਉਕਰੀ ਸਕੂਨ ਦੀ ਭਾਅ ਉਸਦੀ ਪ੍ਰਾਪਤੀ ਹੁੰਦੀ ਹੈ।

ਪੀੜਾ ਦੇ ਮਾਰਗ `ਤੇ, ਕਦੇ ਕਦਾਈਂ ਦਰਦ ਦੇ ਨਾਲ ਮਰਹਮ ਵੀ ਮਿਲਦੀ। ਕਦੇ ਗਲ ਨਾਲ ਲਾਊਂਦੀ, ਕਦੇ ਸਹਿਲਾਉਂਦੀ ਅਤੇ ਕਦੇ ਰਾਹਾਂ ਵਿਚ ਨੈਣ ਵੀ ਵਿਛਾਉਂਦੀ ਹੈ।

ਆਪਣਿਆਂ ਲਈ ਸਾਰੀ ਉਮਰ ਦਾਅ `ਤੇ ਲਾਉਣ ਵਾਲੇ ਮਾਪਿਆਂ ਦੇ ਪੱਲੇ `ਚ ਜਦ ਇਕ ਝੋਰਾ ਹੀ ਰਹਿ ਜਾਵੇ ਤਾਂ ਉਹ ਆਪਣੀ ਕਮਾਈ ਨੂੰ ਅਕਾਰਥ ਸਮਝਣ ਲੱਗ ਪੈਂਦੇ ਨੇ। ਅਜੇਹੇ ਪਲ੍ਹਾਂ `ਚ ਮੌਤ ਹੀ ਉਹਨਾਂ ਲਈ ਸੰਤੁਸ਼ਟੀ-ਗੋਦ ਬਣ ਜਾਂਦੀ ਏ।

ਸਮਾਜ ਦੀ ਝੋਲੀ ਵਿਚ ਨਿਆਮਤਾਂ ਪਾਉਣ ਵਾਲਿਆਂ ਨੂੰ ਜਦ ਦੁਰਕਾਰ ਦੀ ਬ਼ਖਸਿ਼ਸ਼ ਹੋਵੇ ਤਾਂ ਜਿਉਣ ਦੇ ਅਰਥ ਨਾ-ਮਰਦੀ ਦੀ ਜੂਨ ਹੰਢਾਉਣ ਲਈ ਮਜਬੂਰ ਹੋ ਜਾਂਦੇ।

ਰਾਹਾਂ ਦੀ ਤਾਸੀਰ ਜਦ ਹਾਣ ਦੀ ਨਾ ਰਹੇ ਤਾਂ ਰਾਹਾਂ ਨੂੰ ਆਪਣੇ ਕੱਦ-ਕਾਠ ਅਨੁਸਾਰ ਢਾਲਣਾ ਹੀ ਸਹੀ ਹੁੰਦਾ। ਉਬੜ-ਖੋਬੜ ਰਾਹ ਤੁਹਾਡੇ ਲਈ ਕਸ਼ਟਾਂ ਤੋਂ ਇਲਾਵਾ ਕਈ ਚਣੌਤੀਆਂ ਅਤੇ ਇਹਨਾਂ `ਚੋਂ ਉਭਰਨ ਦਾ ਸਾਹਸ ਵੀ ਲਿਆਉਂਦੇ। ਆਪਣਾ ਰਾਹ ਬਣਾਉਣਾ ਹੀ ਵਿਅਕਤੀਤੱਵ ਦਾ ਸੁਚਾ ਸ਼ਰਫ਼ ਹੁੰਦਾ।

ਸਾਰੀ ਆਰਜਾ ਆਪਣਿਆਂ ਲਈ ਸਹੂਲਤਾਂ ਦੀ ਸਲਤਨੱਤ ਉਸਾਰਨ ਵਾਲੇ ਜਦ ਜੀਵਨ-ਪੌੜੀ ਦੇ ਆਖਰੀ ਡੰਡੇ `ਤੇ ਮੁਥਾਜੀ ਦੀ ਜੂਨ ਹੰਢਾਉਣ ਲਈ ਮਜਬੂਰ ਕਰ ਦਿਤੇ ਜਾਣ, ਆਸਾਂ ਆਤਮ ਹੱਤਿਆ ਕਰ ਲੈਣ, ਉਮੀਦਾਂ ਦੀ ਖਾਕ ਵੀ ਨਾ ਥਿਆਵੇ ਅਤੇ ਆਪਣਿਆਂ ਦੀ ਉਡੀਕ `ਚ ਕੰਧਾਂ `ਤੇ ਮਾਰੀਆਂ ਲੀਕਾਂ ਦਾ ਝਾਉਲਾ ਵੀ ਨਾ ਪਵੇ ਤਾਂ ਸਾਹਾਂ ਦੀ ਤਕਦੀਰ ਆਪਣੀ ਹੋਣੀ `ਤੇ ਰੋਣ ਤੋਂ ਸਿਵਾ ਹੋਰ ਕਰ ਵੀ ਕੀ ਸਕਦੀ ਏ?

ਵੱਡੇ ਮਹਿਲਾਂ ਵਰਗੇ ਘਰਾਂ `ਚ ਪਸਰੀ ਸੁੰਨਤਾ ਭਲਾ ਕਿੰਜ ਭਰੇ ਉਹਨਾਂ ਦਾ ਹੁੰਗਾਰਾ, ਕੌਣ ਸੁਣੇ ਉਹਨਾਂ ਦਾ ਅੰਦਰਲਾ ਸ਼ੂਨਅ ਪਸਾਰਾ ਅਤੇ ਕਿਹੜਾ ਬਣੇ ਢਹਿੰਦੀ ਕਲਾ ਲਈ ਸਹਾਰਾ?

ਲੰਮਾ ਹੁੰਦਾ ਏ ਡਾਂਗ ਤੋਂ ਡੰਗੋਰੀ ਤੀਕ ਦਾ ਸਫ਼ਰ। ਬੜਾ ਮਾਣਮੱਤਾ, ਸਕੂਨਮਈ, ਸੰਤੁਸ਼ਟੀ-ਭਰਪੂਰ, ਸੰਪੂਰਨਤਾ ਦਾ ਪ੍ਰਗਟਾਅ। ਜਦ ਆਪਣੇ ਹੀ ਆਪਣਿਆਂ ਦੀ ਡੰਗੋਰੀ ਬਣਨ ਵਿਚ ਮਾਣ ਮਹਿਸੂਸ ਕਰਨ ਤਾਂ ਬੁਢਾਪੇ ਦੇ ਚਿਹਰੇ `ਤੇ ਨੂਰ ਹੁੰਦਾ। ਪਰ ਆਲੇ-ਦੁਆਲੇ ਬੁੱਝੇ ਚਿਹਰਿਆਂ ਵਾਲੇ ਬਜੁਰਗਾਂ ਦੀ ਭਰਮਾਰ ਜਦ ਕੁਝ ਅਣਕਿਹਾ ਤੁਹਾਡੇ ਮਸਤਕ ਵਿਚ ਧਰਦੀ ਤਾਂ ਮਨ ਮਸੋਸਿਆ ਜਾਂਦਾ।

ਬੜਾ ਮੀਰੀ ਹੁੰਦਾ ਮਾਂ ਲਈ ਪੋਤੜਿਆਂ ਤੋਂ ਬੱਚਿਆਂ ਦੀ ਪ੍ਰਾਪਤੀ ਦਾ ਨਿੱਘ। ਪਰ ਜਦ ਮਾਂ ਦੇ ਪੋਤੜੇ ਮੋਹ ਤੋਂ ਵਿਰਵੇ ਹੋ ਜਾਣ, ਉਹ ਨਿੱਜ ਨੂੰ ਪਹਿਲ ਦੇਣ ਅਤੇ ਬੁੱਢੇ ਮਾਪੇ ਗਾਰਬੇਜਂ ਬੈਗ ਬਣ ਜਾਣ ਤਾਂ ਸਮਝ ਲੈਣਾ ਚਾਹੀਦਾ ਏ ਕਿ ਕੂੜੇ ਦਾ ਢੇਰ ਹੀ ਉਹਨਾਂ ਨੂੰ ਖੁਸ਼ਆਮਦੀਦ ਕਹੇਗਾ।

ਤਿੱੜਕਣ ਅਤੇ ਟੁੱਟਣ ਵਿਚਲਾ ਅੰਤਰ ਹੀ ਤੁਹਾਡੇ ਸਾਹਾਂ ਦੀ ਕਸ਼ੀਦਗੀ ਅਤੇ ਸਮੇਟਣ ਦਾ ਫਰਕ। ਤੁਸੀਂ ਕਿਹੜੇ ਸਾਹ ਦਾ ਮੁੱਖਬੰਦ ਹੋ, ਇਹ ਤੁਹਾਡੇ ਸਾਹਾਂ ਦੀ ਇਬਾਦਤ ਵਿਚ ਹੀ ਲਿਖਿਆ ਹੁੰਦਾ।

ਉਦਾਸੀਨਤਾ ਅਤੇ ਉਪਰਾਮਤਾ ਦੇ ਵਹਿਣ ਵਿਚ ਲੋਕ ਬੜਾ ਕੁਝ ਗਵਾ ਲੈਂਦੇ। ਪਰ ਇਹ ਉਪਰਾਮਤਾ ਗੁਰੁ-ਪੀਰ ਅਤੇ ਮੁਰਸ਼ਦ ਵਾਲੀ ਹੋਵੇ ਤਾਂ ਇਹਨਾਂ `ਚੋ ਚਾਨਣ-ਜੁਗਨੂੰਆਂ ਦੀ ਬਾਰਸ਼ ਹੁੰਦੀ। ਇਕੱਲ `ਚ ਆਪਣੇ ਆਪ ਨਾਲ ਸੰਵਾਦ ਰਚਾਉਣ ਵਾਲੇ ਕੁਝ ਕੁ ਲੋਕ ਹੀ ਹਰ ਪਲ੍ਹ ਦਾ ਸੁੱਚਾ ਸੰਕਲਪ ਹੁੰਦੇ।

ਆਪਣੇ ਹਿੱਸੇ ਦਾ ਨਿੱਘ ਤੇ ਚਾਨਣ, ਬੱਚਿਆਂ ਲਈ ਅਰਪੱਤ ਕਰਨ ਵਾਲੇ ਜਦ ਨੇ੍ਹਰ ਢੋਣ ਲੱਗ ਪੈਣ, ਉਹਨਾਂ ਦੇ ਹੱਡਾਂ ਵਿਚ ਸੀਤ ਰੱਚ ਜਾਵੇ ਅਤੇ ਜੀਵਨ-ਰਾਹਾਂ `ਚ ਕਬਰਾਂ ਵਰਗੀ ਸੁੰਨ ਜੇਹੀ ਕਾਲੀ ਰਾਤ ਉਗ ਆਵੇ ਤਾਂ  ਕਿਸੇ ਨੂੰ ਵੀ ਆਪਣਾ ਕਹਿਣ ਦਾ ਹੱਕ ਗਵਾਚ ਜਾਂਦਾ ਏ।

ਸਮਿਆਂ ਦੀ ਤੰਦੀ `ਤੇ ਫਿਕਰਾਂ ਦੀ ਤੰਦ ਪਾਉਣਾ ਅਤੇ ਚਿੰਤਾ ਨੂੰ ਚਿਤਾ ਬਣਾਉਣ ਦੇ ਰਾਹ ਤੁਰ ਪਏ ਰਾਹੀ ਤੋਂ ਕੀ ਆਸ ਰੱਖੋਗੇ ਕਿ ਉਹ ਕਿਸੇ ਮੰਜ਼ਲ `ਤੇ ਪਹੁੰਚ ਜਾਵੇਗਾ?

ਕਦੇ ਪੱਛਮ `ਚ ਪਸਤ ਹੋ ਰਹੇ ਦੂਰਜ ਨੂੰ ਵਾਚਣਾ! ਕਿੰਨੀ ਮਟਕ ਨਾਲ ਹੌਲੀ ਹੌਲੀ ਸੂਰਜ ਡੁੱਬਦਾ ਅਤੇ ਧਰਤੀ `ਤੇ ਰਾਤ ਦਾ ਪਹਿਰਾ ਹੋ ਜਾਂਦਾ। ਫਿ਼ਜ਼ਾ ਦੇ ਪਿੰਡੇ `ਤੇ ਲਾਲੀ ਦੀ ਪਰਤ ਚੜਾ ਕੇ ਅਸਤ ਹੋਣ ਦੀ ਆਪਣੀ ਹੀ ਲੋਰ ਹੁੰਦੀ।

ਬਿਰਖ ਵੀ ਆਪਣੀਆਂ ਦਾਤਾਂ ਵੰਂਡਦਾ, ਆਪਣੇ ਅਖੀਰੀ ਪਲ੍ਹ ਵਿਚ ਜੜ੍ਹਾਂ ਤੋਂ ਉਖੜਨ ਲੱਗਿਆਂ ਦੇਰ ਨਹੀਂ ਲਾਉਂਦਾ ਅਤੇ ਆਪਣੀਆਂ ਮਾਣਮੱਤੀਆਂ ਪ੍ਰਾਪਤੀਆਂ ਨੂੰ ਸਿਜਦਾ ਕਰਦਾ, ਅਣਦੱਸੇ ਰਾਹਾਂ ਵੰਨੀਂ ਤੁੱਰ ਜਾਂਦਾ ਏ।

ਚਿੰਤਾ ਨੂੰ ਚਿੰਤਨ, ਫਿ਼ਕਰ ਨੂੰ ਫਕੀਰੀ,  ਦਰਦ ਨੂੰ ਦਰਿਆ-ਦਿਲੀ, ਅਤੇ ਪੀੜਾ ਨੂੰ ਪ੍ਰਭੂ-ਰੰਗ ਸਮਝ ਕੇ ਹੀ ਤਰਸ ਦੇ ਪਾਤਰ ਹੋਣ ਤੋਂ ਬਚਿਆ ਜਾ ਸਕਦਾ ਏ। ਯਾਦ ਰੱਖਣਾ! ਤਰਸ ਦੇ ਪਾਤਰ ਹੋ ਕੇ ਜਿਊਣਾ ਮਰਨ ਤੋਂ ਵੀ ਕਸ਼ਟਮਈ ਹੁੰਦਾ ਏ।

ਬੋਲਾਂ ਵਿਚ ਜਿਊਣ-ਅੰਦਾਜ਼, ਹਰਫ਼ਾਂ ਵਿਚ ਉਗਮਦਾ ਸੂਰਜ, ਸੋਚ `ਚ ਤੇ੍ਰਲ-ਤੁਪਕਿਆਂ ਦਾ ਵਿਸਮਾਦ ਅਤੇ ਕਾਤਰ ਨੂੰ ਅਕਾਸ਼-ਗੰਗਾ ਸਮਝ, ਜੀਵਨ ਨੂੰ ਨਿਵੇਕਲਾ ਬਿਰਤਾਂਤ ਦੇਣ ਵਾਲੇ ਲੋਕ ਹੀ ਮਾਨਵਤਾ ਦਾ ਸੁੱਚਾ ਵਰਗੀਕਰਨ ਹੁੰਦੇ।

ਕਦੇ ਅਜੇਹੇ ਵਰਗੀਕਰਨ `ਚ ਸ਼ਾਮਲ ਹੋਣ ਦੀ ਚਾਹਨਾ ਮਨ `ਚ ਪੈਦਾ ਕਰਨਾ, ਤੁਹਾਡੀ ਰੂਹ ਵਿਚ ਵੈਰਾਨਗੀ ਦੀ ਪੈੜਚਾਲ ਸੁਣਨੋਂ ਬੰਦ ਹੋ ਜਾਵੇਗੀ।

ਆਮੀਨ……………

ਫੋਨ # 647-702-5445