ਵੈਰਾਈਜ਼ੋਨ ਦਾ ਕੈਨੇਡੀਅਨ ਮੰਡੀ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ

ਵੈਰਾਈਜੋ਼ਨ ਕਮਿਊਨਿਕੇਸ਼ਨਜ਼ ਇਨਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਕੈਨੇਡਾ ਦੀ ਵਾਇਰਲੈੱਸ ਮਾਰਕਿਟ ਵਿੱਚ ਦਾਖਲ ਹੋਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਇਸ ਨਾਲ ਫੈਡਰਲ ਕੰਜ਼ਰਵੇਟਿਵ ਸਰਕਾਰ ਕੋਲ ਇਸ ਖੇਤਰ ਦੇ ਤਿੰਨ ਵੱਡੇ ਖਿਡਾਰੀਆਂ ਵਿੱਚ ਗੰਭੀਰ ਮੁਕਾਬਲਾ ਕਰਵਾਉਣ ਲਈ ਕੋਈ ਅਹਿਮ ਸਰੋਤ ਨਹੀਂ ਬਚਿਆ ਹੈ। ਵੈਰਾਈਜ਼ੋਨ ਦੇ ਸੀਈਓ ਲਾਵੈਲ ਮੈਕੈਡਮ ਨੇ ਸੋਮਵਾਰ ਨੂੰ ਕੈਨੇਡੀਅਨ ਮਾਰਕਿਟ ਬਾਰੇ ਟਿੱਪਣੀ ਕਰਦਿਆਂ ਆਖਿਆ ਕਿ ਉਹ ਮੁਕਾਬਲੇ ਲਈ ਕੈਨੇਡਾ ਦਾ ਰੁਖ ਨਹੀਂ ਕਰ ਰਹੇ ਹਨ। ਬ੍ਰਿਟੇਨ ਦੀ ਸੈੱਲਫੋਨ ਕੰਪਨੀ ਵੋਡਾਫੋਨ ਦੀ ਮਲਕੀਅਤ ਵਾਲੀ ਵੈਰਾਈਜ਼ੋਨ ਵਾਇਰਲੈੱਸ ਵਿੱਚ 45 ਫੀ ਸਦੀ ਹਿੱਸੇਦਾਰੀ ਪਾਉਣ ਲਈ ਕੰਪਨੀ ਨੇ ਅਮਰੀਕਾ ਨੂੰ 130 ਬਿਲੀਅਨ ਡਾਲਰ ਦੇਣ ਲਈ ਸਹਿਮਤੀ ਪ੍ਰਗਟਾਈ ਹੈ। ਵੈਰਾਈਜੋ਼ਨ ਦੇ ਬੁਲਾਰੇ ਬੌਬ ਵੇਰੇਟੋਨੀ ਅਨੁਸਾਰ ਮੈਕੈਡਮ ਨੇ ਆਖਿਆ ਕਿ ਹਾਲ ਦੀ ਘੜੀ ਸਾਡਾ ਕੈਨੇਡਾ ਦੀ ਵਾਇਰਲੈੱਸ ਮਾਰਕਿਟ ਵਿੱਚ ਦਾਖਲ ਹੋਣ ਦਾ ਕੋਈ ਇਰਾਦਾ ਨਹੀਂ ਹੈ। ਮੈਕੈਡਮ ਨੇ ਇੱਕ ਇੰਟਰਵਿਊ ਵਿੱਚ ਇਹ ਵੀ ਆਖਿਆ ਕਿ ਵੈਰਾਈਜ਼ੋਨ ਦੇ ਕੈਨੇਡਾ ਦਾਖਲ ਹੋ ਕੇ ਮੁਕਾਬਲੇ ਵਿੱਚ ਨਿੱਤਰਨ ਦੀਆਂ ਕਿਆਸਅਰਾਈਆਂ ਕੁੱਝ ਜਿ਼ਆਦਾ ਹੀ ਲਾਈਆਂ ਜਾ ਰਹੀਆਂ ਸਨ। ਵੈਰਾਈਜੋ਼ਨ ਦੇ ਕੈਨੇਡੀਅਨ ਮੰਡੀ ਵਿੱਚ ਦਾਖਲ ਹੋਣ ਦਾ ਮੁੱਦਾ ਸਿਆਸੀ ਮੁੱਦਾ ਜਿ਼ਆਦਾ ਬਣ ਗਿਆ ਸੀ। ਖਪਤਕਾਰਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਫਿਰਾਕ ਵਿੱਚ ਕੰਜ਼ਰਵੇਟਿਵ ਵੱਡੇ ਕਾਰੋਬਾਰੀਆਂ ਦੇ ਖਿਲਾਫ ਖੜ੍ਹੇ ਹੋ ਗਏ। ਕੈਨੇਡੀਅਨ ਵਾਇਰਲੈੱਸ ਕੰਪਨੀਆਂ ਦਾ ਕਹਿਣਾ ਸੀ ਕਿ ਸਰਕਾਰ ਵਿਦੇਸ਼ੀ ਕੰਪਨੀਆਂ ਨੂੰ ਲਾਹਾ ਦੇਣਾ ਚਾਹੁੰਦੀ ਹੈ ਤੇ ਕੈਨੇਡੀਅਨ ਕੰਪਨੀਆਂ ਨੂੰ ਇਸ ਨਾਲ ਨੁਕਸਾਨ ਹੋਵੇਗਾ। ਦੂਜੇ ਪਾਸੇ ਕੰਜ਼ਰਵੇਟਿਵਾਂ ਦਾ ਤਰਕ ਸੀ ਕਿ ਸਪੈਕਟ੍ਰਮ ਦੀ ਬੋਲੀ ਸਮੇਂ ਖਪਤਕਾਰਾਂ ਦੀ ਹੀ ਜਿੱਤ ਹੋਵੇਗੀ ਕਿਉਂਕਿ ਇਸ ਨਾਲ ਨਵੀਆਂ ਕੰਪਨੀਆਂ ਵੀ ਮੁਕਾਬਲੇ ਵਿੱਚ ਉਤਰਨਗੀਆਂ। ਵੈਰਾਇਜ਼ੋਨ ਦੇ ਪਾਸੇ ਹੋਣ ਤੋਂ ਬਾਅਦ ਹੁਣ ਇਹ ਸਪਸ਼ਟ ਨਹੀਂ ਹੋ ਰਿਹਾ ਕਿ ਕੈਨੇਡੀਅਨ ਕੰਪਨੀਆਂ ਦਾ ਮੁਕਾਬਲਾ ਕਿਸ ਨਾਲ ਹੋਵੇਗਾ। ਪਰ ਸਨਅਤ ਮੰਤਰੀ ਜੇਮਜ਼ ਮੂਰ ਦੀ ਤਰਜ਼ਮਾਨ ਨੇ ਉਨ੍ਹਾਂ ਵੱਲੋਂ ਆਖਿਆ ਕਿ ਅਜੇ ਵੀ ਖਪਤਕਾਰ ਹੀ ਸਰਬੋਪਰੀ ਹਨ।