ਵੈਨਜ਼ੂਏਲਾ ਅਤੇ ਪਨਾਮਾ ਵਿੱਚ ਡਿਪਲੋਮੇਟਿਕ ਖਿੱਚੋਤਾਣ ਵਧ ਗਈ


ਪਨਾਮਾ, 6 ਅਪ੍ਰੈਲ (ਪੋਸਟ ਬਿਊਰੋ)- ਪਨਾਮਾ ਨਾਲ ਵਧਦੇ ਡਿਪਲੋਮੇਟਿਕ ਵਿਵਾਦ ਦੇ ਦੌਰਾਨ ਵੈਨਜ਼ੁਏਲਾ ਵੱਲੋਂ ਪਨਾਮਾ ਦੇ ਸੀਨੀਅਰ ਅਧਿਕਾਰੀਆਂ ਉੱਤੇ ਪਾਬੰਦੀ ਲਾਉਣ ਅਤੇ ਉਡਾਣਾਂ ਰੱਦ ਕਰਨ ਪਿੱਛੋਂ ਪਨਾਮਾ ਨੇ ਵੈਨਜ਼ੁਏਲਾ ਦੇ ਰਾਜਦੂਤ ਨੂੰ ਦੇਸ਼ ਛੱਡ ਕੇ ਜਾਣ ਲਈ ਕਿਹਾ ਅਤੇ ਉੱਥੇ ਨਿਯੁਕਤ ਆਪਣਾ ਰਾਜਦੂਤ ਵਾਪਸ ਬੁਲਾ ਲਿਆ ਹੈ।
ਵਰਨਣ ਯੋਗ ਹੈ ਕਿ ਕੈਨੇਡਾ ਤੇ ਅਮਰੀਕਾ ਨੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਉਨ੍ਹਾਂ ਦੀ ਸਰਕਾਰ ਵਿਰੁੱਧ ਇਹ ਕਹਿੰਦੇ ਹੋਏ ਸਖਤ ਕਦਮ ਉਠਾਏ ਹਨ ਕਿ ਉਹ ਗੈਰ ਲੋਕਤੰਤਰੀ ਤਰੀਕੇ ਨਾਲ ਸੱਤਾ ਉੱਤੇ ਆਪਣੀ ਪਕੜ ਰੱਖਦੇ ਹਨ। ਲਾਤੀਨੀ ਅਮਰੀਕੀ ਦੇਸ਼ਾਂ ਤੇ ਯੂਰਪੀ ਯੂਨੀਅਨ ਨਾਲ ਸ਼ਾਂਤੀ ਦੇ ਮੁੱਦੇ ਉੱਤੇ ਪਨਾਮਾ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ‘ਪਨਾਮਾ ਸਰਕਾਰ ਨੇ ਵੈਨਜ਼ੁਏਲਾ ਤੋਂ ਆਪਣੇ ਰਾਜਦੂਤ ਮਿਗੁਏਲ ਮੇਜਿਆ ਨੂੰ ਵਾਪਸ ਸੱਦਣ ਦਾ ਫੈਸਲਾ ਕਰ ਲਿਆ ਅਤੇ ਵੈਨਜ਼ੁਏਲਾ ਸਰਕਾਰ ਨੂੰ ਪਨਾਮਾ ਤਭਿ ਆਪਣਾ ਰਾਜਦੂਤ ਜੋਰਗ ਦੁਰਾਨ ਸੇਂਟੇਨੋ ਵਾਪਸ ਸੱਦਣ ਨੂੰ ਕਿਹਾ ਹੈ।’
ਵੈਨਜ਼ੁਏਲਾ ਦੀ ਸਰਕਾਰੀ ਖਬਰ ਏਜੰਸੀ ਏ ਵੀ ਐੱਨ ਨੇ ਪਨਾਮਾ ਦੇ ਰਾਸ਼ਟਰਪਤੀ, ਹੋਰ ਅਧਿਕਾਰੀਆਂ, ਪਨਾਮਾ ਦੀ ਮੁੱਖ ਏਅਰਲਾਈਨਜ਼ ਕੰਪਨੀ ਕੋਪਾ ਸਮੇਤ ਪਨਾਮਾ ਦੀਆਂ ਕਈ ਕੰਪਨੀਆਂ ਵਿਰੁੱਧ ਪਾਬੰਦੀਆਂ ਦਾ ਐਲਾਨ ਕੀਤਾ ਸੀ, ਜਿਸ ਮਗਰੋਂ ਪਨਾਮਾ ਦਾ ਇਹ ਸਰਕਾਰੀ ਆਦੇਸ਼ ਆਇਆ ਹੈ।