ਵੈਨਜ਼ੁਏਲਾ ਵਿੱਚ ਪ੍ਰਦਰਸ਼ਨਾਂ ਦੌਰਾਨ ਤਿੰਨ ਮੌਤਾਂ

violance venenzuela
ਕਾਰਾਕਾਸ, 20 ਅਪ੍ਰੈਲ (ਪੋਸਟ ਬਿਊਰੋ)- ਦੱਖਣੀ ਅਮਰੀਕੀ ਦੇਸ਼ ਵੈਨਜ਼ੁਏਲਾ ਵਿੱਚ ਰਾਸ਼ਟਰਪਤੀ ਨਿਕੋਲਸ ਮਾਦੁਰੋ ਵਿਰੁੱਧ ਹੋਰ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਦੋ ਵਿਦਿਆਰਥੀਆਂ ਅਤੇ ਇਕ ਸੁਰੱਖਿਆ ਗਾਰਡ ਸਾਰਜੈਂਟ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ।
ਮੌਕੇ ਦੇ ਗਵਾਹਾਂ ਮੁਤਾਬਕ ਰਾਜਧਾਨੀ ਦੇ ਉੱਤਰ-ਪੱਛਮ ਵਿੱਚ ਇਕ ਵਿਦਿਆਰਥੀ ਨੂੰ ਕੁਝ ਬਾਈਕ ਸਵਾਰ ਬੰਦੂਕਧਾਰੀਆਂ ਨੇ ਸਿਰ ਵਿੱਚ ਗੋਲੀ ਮਾਰ ਦਿੱਤੀ। ਉਹ ਫੁੱਟਬਾਲ ਖੇਡਣ ਜਾ ਰਿਹਾ ਸੀ ਤੇ ਪ੍ਰਦਰਸ਼ਨ ਦਾ ਹਿੱਸਾ ਨਹੀਂ ਸੀ। ਮੇਅਰ ਪੇਟਰਿਸੀਆ ਗੁਟੀਰੇਜ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਇਕ ਹੋਰ ਵਿਦਿਆਰਥੀ ਪਾਓਲੋ ਰਾਮੀਰੇਜ ਨੂੰ ਵੀ ਬਾਈਕ ਸਵਾਰ ਬੰਦੂਕਧਾਰੀਆਂ ਨੇ ਗੋਲੀ ਮਾਰ ਦਿੱਤੀ। ਮਨੁੱਖੀ ਅਧਿਕਾਰ ਗਰੁੱਪ ਨਾਲ ਜੁੜੇ ਤਾਰਿਕ ਸਾਹਿਬ ਨੇ ਟਵੀਟ ਕਰ ਕੇ ਦੱਸਿਆ ਕਿ ਹਿੰਸਕ ਹੋਏ ਵਿਰੋਧੀ ਪ੍ਰਦਰਸ਼ਨ ਦੌਰਾਨ ਇਕ ਨੈਸ਼ਨਲ ਗਾਰਡ ਸਾਰਜੈਂਟ ਮਾਰਿਆ ਗਿਆ ਅਤੇ ਇਸ ਘਟਨਾ ਵਿੱਚ ਇਕ ਕਰਨਲ ਵੀ ਜ਼ਖਮੀ ਹੋ ਗਿਆ। ਵਿਰੋਧੀ ਧਿਰ ਦੇ ਸਮਰਥਕਾਂ ਨੇ ਕੱਲ੍ਹ ਕਾਰਾਕਾਸ ਅਤੇ ਹੋਰ ਸ਼ਹਿਰਾਂ ਵਿੱਚ ਕਈ ਮਾਰਚ ਕੱਢੇ ਅਤੇ ਦੇਸ਼ ਵਿੱਚ ਲੋਕਤੰਤਰ ਨੂੰ ਬਰਬਾਦ ਕਰਨ ਅਤੇ ਅਰਥ ਵਿਵਸਥਾ ਵਿੱਚ ਅਰਾਜਕਤਾ ਫੈਲਾਉਣ ਲਈ ਰਾਸ਼ਟਰਪਤੀ ਮਾਦੁਰੋ ਦੀ ਨਿੰਦਾ ਕੀਤੀ। ਵਿਰੋਧ ਦੌਰਾਨ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ਉੱਤੇ ਉਤਰ ਆਏ ਅਤੇ ਨਾਅਰੇਬਾਜ਼ੀ ਕਰਨ ਲੱਗੇ। ਇਸ ਦੇ ਵਿਰੁੱਧ ਮਾਦੁਰੋ ਦੇ ਸਮਰਥਕ ਵੀ ਸੜਕ ਉੱਤੇ ਉਤਰੇ ਅਤੇ ਸਰਕਾਰ ਦੇ ਪੱਖ ਵਿੱਚ ਆਵਾਜ਼ਾਂ ਬੁਲੰਦ ਕੀਤੀਆਂ। ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਦੇਸ਼ ਵਿੱਚ ਨਵੇਂ ਸਿਰੇ ਤੋਂ ਚੋਣਾਂ ਕਰਾਏ ਜਾਣ ਦੀ ਮੰਗ ਕਰ ਰਹੇ ਹਨ।
ਆਰਥਿਕ ਸੰਕਟ ਨਾਲ ਜੂਝ ਰਹੇ ਵੈਨਜ਼ੁਏਲਾ ਦੀ ਸਿਆਸੀ ਅਸਥਿਰਤਾ ਲਗਾਤਾਰ ਵਧ ਰਹੀ ਹੈ। ਵੈਨਜ਼ੁਏਲਾ ਵਿੱਚ ਇਸ ਮਹੀਨੇ ਸ਼ੁਰੂ ਹੋਏ ਪ੍ਰਦਰਸ਼ਨ ਵਿੱਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਰੋਧੀ ਧਿਰ ਇਨ੍ਹਾਂ ਮੌਤਾਂ ਦੇ ਲਈ ਸੁਰੱਖਿਆ ਫੋਰਸ ਅਤੇ ਨੀਮ ਫੌਜੀ ਫੋਰਸ ਉੱਤੇ ਦੋਸ਼ ਲਾ ਰਹੀ ਹੈ। ਬੁੱਧਵਾਰ ਹੋਏ ਇਸ ਪ੍ਰਦਰਸ਼ਨ ਵਿੱਚ 400 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।