ਵੈਟਰਨਜ਼ ਅਫੇਅਰਜ਼ ਮੰਤਰੀ ਦਾ ਐਮਰਜੰਸੀ ਆਪਰੇਸ਼ਨ ਰਿਹਾ ਸਫਲ


ਸਿਹਤ ਵਿੱਚ ਪਾਇਆ ਗਿਆ ਸੁਧਾਰ
ਵੈਟਰਨਜ਼ ਅਫੇਅਰਜ਼ ਮੰਤਰੀ ਸੀਮਸ ਓਰੀਗਨ ਦਾ ਐਮਰਜੰਸੀ ਵਿੱਚ ਕੀਤਾ ਗਿਆ ਆਪਰੇਸ਼ਨ ਸਫਲ ਰਿਹਾ ਤੇ ਹੁਣ ਉਨ੍ਹਾਂ ਦੀ ਹਾਲਤ ਵਿੱਚ ਕਾਫੀ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ। ਇਹ ਜਾਣਕਾਰੀ ਵੀਰਵਾਰ ਨੂੰ ਉਨ੍ਹਾਂ ਦੇ ਆਫਿਸ ਵੱਲੋਂ ਦਿੱਤੀ ਗਈ।
ਓਰੀਗਨ ਦੇ ਆਫਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਤੋਂ ਲਿਬਰਲ ਐਮਪੀ ਦੀ ਤਬੀਅਤ ਹਫਤੇ ਦੀ ਸ਼ੁਰੂਆਤ ਤੋਂ ਹੀ ਠੀਕ ਨਹੀਂ ਸੀ ਲੱਗ ਰਹੀ ਤੇ ਸ਼ੁਰੂ ਵਿੱਚ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਨੂੰ ਫਲੂ ਹੈ। ਪਰ ਜਦੋਂ ਉਨ੍ਹਾਂ ਦੀ ਹਾਲਤ ਵਿਗੜੀ ਤਾਂ ਓਰੀਗਨ ਦੇ ਮੈਡੀਕਲ ਟੈਸਟ ਕਰਵਾਏ ਗਏ ਤੇ ਫਿਰ ਬੁੱਧਵਾਰ ਦੁਪਹਿਰ ਨੂੰ ਉਨ੍ਹਾਂ ਦਾ ਆਪਰੇਸ਼ਨ ਕੀਤਾ ਗਿਆ।
ਓਰੀਗਨ ਦੇ ਆਫਿਸ ਵੱਲੋਂ ਇਹ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਨ੍ਹਾਂ ਦਾ ਕਿਸ ਚੀਜ਼ ਦਾ ਆਪਰੇਸ਼ਨ ਹੋਇਆ ਪਰ ਇਹ ਜ਼ਰੂਰ ਦੱਸਿਆ ਗਿਆ ਕਿ ਮੰਤਰੀ ਦੀ ਹਾਲਤ ਖਤਰੇ ਤੋਂ ਬਾਹਰ ਹੈ ਤੇ ਹੁਣ ਉਹ ਓਟਵਾ ਹਸਪਤਾਲ ਵਿੱਚ ਸਿਹਤਯਾਬੀ ਵੱਲ ਵੱਧ ਰਹੇ ਹਨ। ਡਾਕਟਰਾਂ ਦਾ ਅੰਦਾਜ਼ਾ ਹੈ ਕਿ ਓਰੀਗਨ ਰਿਮੈਂਬਰੈਂਸ ਡੇਅ ਤੱਕ ਤੁਰਨ ਫਿਰਨ ਲੱਗਣਗੇ।
ਓਰੀਗਨ ਨੇ ਵੀਰਵਾਰ ਨੂੰ ਆਪਣੇ ਆਪਰੇਸ਼ਨ ਬਾਰੇ ਟਵੀਟ ਕੀਤਾ। ਜਵਾਬ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਨ੍ਹਾਂ ਨੂੰ ਜਲਦ ਤੰਦਰੁਸਤ ਹੋਣ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।