ਵੇਰਕਾ ਮਿਲਕ ਪਲਾਂਟ ਨੇੜੇ ਹਾਈਵੇ ਉੱਤੇ ਸਾਨ੍ਹ ਨਾਲ ਮੋਟਰ ਸਾਈਕਲ ਵੱਜਾ, ਦੋ ਚਚੇਰੇ ਭਰਾਵਾਂ ਦੀ ਮੌਤ


ਜਲੰਧਰ, 14 ਨਵੰਬਰ (ਪੋਸਟ ਬਿਊਰੋ)- ਵੇਰਕਾ ਮਿਲਕ ਪਲਾਂਟ ਨੇੜੇ ਹਾਈਵੇ ‘ਤੇ ਮੋਟਰ ਸਾਈਕਲ ਸਵਾਰ ਚਚੇਰੇ ਭਰਾ ਸਾਨ੍ਹ ਨਾਲ ਟਕਰਾ ਗਏ। ਅੰਮ੍ਰਿਤਸਰ ਹਾਈਵੇ ‘ਤੇ ਹੋਈ ਘਟਨਾ ਵਿੱਚ ਦੋਵੇਂ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਮੋਟਰ ਸਾਈਕਲ ਸਵਾਰ ਹਰਸਿਮਰਨ ਦੇ ਪਿਤਾ ਤਜਿੰਦਰ ਪੰਜਾਬ ਪੁਲਸ ਵਿੱਚ ਸਬ ਇੰਸਪੈਕਟਰ ਅਤੇ ਚਚੇਰੇ ਭਰਾ ਸਾਹਿਲ ਦੇ ਪਿਤਾ ਰੁਪਿੰਦਰ ਕਮਿਸ਼ਨਰੇਟ ਪੁਲਸ ਵਿੱਚ ਏ ਐੱਸ ਆਈ ਸਨ।
ਨੇੜਲੇ ਪਿੰਡ ਬਿਧੀਪੁਰ ਵਾਸੀ ਚਚੇਰੇ ਭਰਾ ਹਰਸਿਮਰਨ ਅਤੇ ਸਾਹਿਲ ਦੋਵੇਂ ਆਪਣੇ ਮਾਮੇ ਦੇ ਬੇਟੇ ਨੂੰ ਮਿਲਣ ਲਈ ਵੇਰਕਾ ਮਿਲਕ ਪਲਾਂਟ ਨੇੜੇ ਗਏ ਸਨ। ਦੇਰ ਸ਼ਾਮ ਦੋਵੇਂ ਵਾਪਸ ਬਿਧੀਪੁਰ ਵੱਲ ਜਾ ਰਹੇ ਸਨ ਕਿ ਅਚਾਨਕ ਸੜਕ ਵਿਚਾਲੇ ਸਾਨ੍ਹ ਆ ਗਿਆ ਤੇ ਉਹ ਸਾਨ੍ਹ ਵਿੱਚ ਜਾ ਵੱਜੇ। ਟੱਕਰ ਨਾਲ ਦੋਵੇਂ ਭਰਾ ਕਾਫੀ ਦੂਰ ਜਾ ਕੇ ਡਿੱਗੇ ਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਹਾਦਸੇ ‘ਚ ਸਾਨ੍ਹ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਹਾਈਵੇ ‘ਤੇ ਟਰੈਫਿਕ ਜਾਮ ਹੋ ਗਿਆ। ਲੋਕਾਂ ਨੇ ਤੁਰੰਤ ਐਂਬੂਲੈਂਸ ਨੂੰ ਬੁਲਾ ਕੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ। ਦੱਸਿਆ ਗਿਆ ਹੈ ਕਿ ਹਰਸਿਮਰਨ ਦੀ ਮੌਕੇ ‘ਤੇ ਮੌਤ ਹੋ ਗਈ, ਜਦ ਕਿ ਸਾਹਿਲ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਥਾਣਾ ਨੰਬਰ ਇੱਕ ਦੇ ਇੰਸਪੈਕਟਰ ਰਸ਼ਮਿੰਦਰ ਸਿੰਘ ਸਿੱਧੂ, ਏ ਐਸ ਆਈ ਗੁਰਦੇਵ ਸਿੰਘ ਮੌਕੇ ‘ਤੇ ਪਹੁੰਚੇ। ਮਿਲੀ ਜਾਣਕਾਰੀ ਮੁਤਾਬਕ ਸਾਹਿਲ ਦੇ ਪਿਤਾ ਏ ਐਸ ਆਈ ਰੁਪਿੰਦਰ ਥਾਣਾ ਨੰਬਰ ਛੇ ਵਿਖੇ ਬਤੌਰ ਮੁਨਸ਼ੀ ਸੇਵਾਵਾਂ ਦੇ ਰਹੇ ਹਨ, ਜਦ ਕਿ ਹਰਸਿਮਰਨ ਦੇ ਪਿਤਾ ਤਜਿੰਦਰ ਪੀ ਏ ਪੀ ਵਿਖੇ ਸਬ ਇੰਸਪੈਕਟਰ ਹਨ। ਇੰਸਪੈਕਟਰ ਰਸ਼ਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਘਟਨਾ ਸੰਬੰਧੀ ਕਾਰਵਾਈ ਕਰ ਕੇ ਸਵੇਰੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪਤਾ ਲੱਗਾ ਹੈ ਕਿ ਹਰਸਿਮਰਨ ਦੀ ਬੀਤੇ ਦਿਨ ਮੰਗਣੀ ਹੋਈ ਸੀ। ਭਰਾ ਦੇ ਰਿਸ਼ਤੇ ਲਈ ਭੈਣ ਕੈਨੇਡਾ ਤੋਂ ਆਈ ਸੀ।