ਵੇਅਰਹਾਊਸ ਗੋਦਾਮਾਂ ਵਿੱਚ ਪੰਜ ਚੌਕੀਦਾਰਾਂ ਨੂੰ ਬੰਨ੍ਹ ਕੇ ਲੱਖਾਂ ਦਾ ਡਾਕਾ


ਜਗਰਾਓਂ, 12 ਫਰਵਰੀ (ਪੋਸਟ ਬਿਊਰੋ)- ਏਥੋਂ ਨੇੜਲੇ ਵੇਅਰਹਾਊਸ ਦੇ ਗੋਦਾਮਾਂ ‘ਚੋਂ ਲੱਖਾਂ ਰੁਪਏ ਦੀ ਕੀਮਤ ਦੀਆਂ 17000 ਬੋਰੀਆਂ ਚੌਲ ਚੋਰੀ ਕੀਤੇ ਜਾਣ ਦੀ ਖਬਰ ਹੈ। ਇਹ ਵਾਰਦਾਤ ਜੀ ਟੀ ਰੋਡ ਵਾਲੇ ਗੋਦਾਮਾਂ ਵਿੱਚ ਦਰਜਨਾਂ ਦੀ ਗਿਣਤੀ ਵਿੱਚ ਆਏ ਲੁਟੇਰਿਆਂ ਵੱਲੋਂ ਉਥੇ ਮੌਜੂਦ ਪੰਜ ਚੌਕੀਦਾਰਾਂ ਨੂੰ ਬੰਨ੍ਹ ਕੇ ਕੀਤੀ ਗਈ। ਥਾਣਾ ਸਦਰ ਜਗਰਾਓਂ ਵਿਖੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਚੋਰੀ ਹੋਏ ਚੌਲਾਂ ਦੀ ਕੀਮਤ 20 ਲੱਖ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਢਾਈ ਘੰਟਿਆਂ ਵਿੱਚ ਐਨੀ ਵੱਡੀ ਚੋਰੀ, ਜਿਸ ਵਿੱਚ ਸੈਂਕੜੇ ਟਰੱਕਾਂ ‘ਚ ਚਾਵਲ ਲੱਦੇ ਗਏ, ਚੋਰਾਂ ਵੱਲੋਂ ਨਾਲ ਲਿਆਂਦੀ ਤਜਰਬੇਕਾਰ ਲੇਬਰ ਦਾ ਕੰਮ ਹੈ। ਵੇਅਰਹਾਊਸ ਮੈਨੇਜਰ ਬਲਬੀਰ ਸਿੰਘ ਨੇ 1700 ਬੋਰੀਆਂ ਚੌਲ ਚੋਰੀ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।
ਇਸ ਸੰਬੰਧ ਵਿੱਚ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਗੋਦਾਮ ਇੰਚਾਰਜ ਕਰਨੈਲ ਸਿੰਘ ਨੇ ਦੱਸਿਆ ਕਿ ਜੀ ਟੀ ਰੋਡ ਉੱਤੇ ਜਗਰਾਓਂ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਕੁੱਲ 18 ਗੋਦਾਮ ਹਨ, ਜਿਨ੍ਹਾਂ ਵਿੱਚੋਂ 110 ਨੰਬਰ ਗੋਦਾਮ ਵਿੱਚ ਹੋਈ, ਜਿੱਥੇ ਪੰਜ ਸਕਿਓਰਿਟੀ ਗਾਰਡ ਹਨ। ਗੋਦਾਮਾਂ ਦੇ ਬਾਹਰ ਅਤੇ ਅੰਦਰ ਦੋ ਸੀ ਸੀ ਟੀ ਵੀ ਕੈਮਰੇ ਲੱਗੇ ਹੋਏ ਹਨ, ਜਿਨ੍ਹਾਂ ਨੂੰ ਲੁਟੇਰਿਆਂ ਨੇ ਆਉਂਦੇ ਸਾਰ ਤੋੜ ਦਿੱਤਾ ਅਤੇ ਇਸ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਲੈਸ ਕਰੀਬ ਚਾਰ ਦਰਜਨ ਲੁਟੇਰੇ ਰਾਤ ਪੌਣੇ ਬਾਰਾਂ ਵਜੇ ਦੇ ਲਗਭਗ ਗੋਦਾਮਾਂ ‘ਚ ਦਾਖਲ ਹੋਏ। ਉਥੇ ਮੌਜੂਦ ਪੰਜ ਚੌਕੀਦਾਰਾਂ ਨੂੰ ਉਨ੍ਹਾਂ ਦੇ ਹੀ ਕੰਬਲਾਂ, ਕੱਪੜਿਆਂ ਅਤੇ ਰੱਸੀਆਂ ਨਾਲ ਬੰਨ੍ਹਣ ਤੋਂ ਬਾਅਦ ਨਾਲ ਲਿਆਂਦੇ ਟਰੱਕਾਂ ‘ਚ ਗੋਦਾਮਾਂ ‘ਚੋਂ ਚੌਲ ਲੱਦਣੇ ਸ਼ੁਰੂ ਕੀਤੇ। ਕਰੀਬ ਢਾਈ ਵਜੇ ਇਹ ਲੁਟੇਰੇ ਲੱਖਾਂ ਰੁਪਏ ਦੇ ਚੌਲਾਂ ਲੈ ਕੇ ਫਰਾਰ ਹੋਣ ਵਿੱਚ ਸਫਲ ਹੋ ਗਏ।
ਗੋਦਾਮਾਂ ਅਤੇ ਲੇਬਰ ਦੇ ਕੰਮ ਨਾਲ ਜੁੜੇ ਜਾਣਕਾਰਾਂ ਦਾ ਕਹਿਣਾ ਹੈ ਕਿ ਜੇ ਚੋਰੀ ਲਈ ਵੱਡੇ ਟਰੱਕ ਵੀ ਵਰਤੇ ਹੋਣ ਤਾਂ 1700 ਬੋਰੀਆਂ ਚੌਲ ਤਦੇ ਭਰੇ ਗਏ ਹੋਣਗੇ, ਜੇ ਦੋਸ਼ੀਆਂ ਨੂੰ ਟਰੱਕਾਂ ‘ਚ ਧਾਂਕਾਂ ਲਾ ਕੇ ਬੋਰੀਆਂ ਲਾਉਣ ਦਾ ਤਜਰਬਾ ਹੋਵੇਗਾ। ਇਸੇ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਚਾਰ ਦਰਜਨ ਦੇ ਕਰੀਬ ਇਨ੍ਹਾਂ ਦੋਸ਼ੀਆਂ ਵਿੱਚ ਘੱਟੋ-ਘੱਟ 25 ਤੋਂ 30 ਵਿਅਕਤੀ ਪੱਕੀ ਲੇਬਰ ਵਾਲੇ ਹੋਣਗੇ। ਲੁਟੇਰਿਆਂ ਦੇ ਜਾਣ ਤੋਂ ਬਾਅਦ ਬੰਨ੍ਹੇ ਹੋਏ ਚੌਕੀਦਾਰਾਂ ‘ਚੋਂ ਇੱਕ ਜਣਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਖੋਲ੍ਹਣ ਵਿੱਚ ਸਫਲ ਹੋ ਕੇ ਨੇੜਲੇ ਸ਼ੈਲਰ ‘ਚ ਪਹੁੰਚਿਆ ਤੇ ਸਾਰੀ ਜਾਣਕਾਰੀ ਦੇ ਕੇ ਉਨ੍ਹਾਂ ਦੀ ਮਦਦ ਨਾਲ ਪੁਲਸ ਨੂੰ ਸੂਚਨਾ ਦਿੱਤੀ। ਕੇਸ ਦੇ ਜਾਂਚ ਅਫਸਰ ਏ ਐੱਸ ਆਈ ਪਰਵਿੰਦਰ ਸਿੰਘ ਦੇ ਮੁਤਾਬਕ ਇਸ ਘਟਨਾ ਵਿੱਚ ਪੰਜਾਹ ਬੰਦੇ ਸ਼ਾਮਲ ਹੋ ਸਕਦੇ ਹਨ, ਹਾਲ ਦੀ ਘੜੀ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।