ਵਿੱਮੀ ਰਿੱਜ : ਯੁੱਧਾਂ ਦੇ ਸੋਹਲੇ ਅਮਨ ਦਾ ਰਾਹ ਖੋਲਣ

zzzzzzzz-300x11119 ਅਪਰੈਲ 1917 ਦੀ ਸਵੇਰ ਇੱਕ ਅਜਿਹਾ ਮਹਰਲਾ ਸੀ ਜਦੋਂ ਕੈਨੇਡਾ ਨੇ ਇੱਕ ਮੁਲਕ ਵਜੋਂ ਵਿੱਲਖਣ ਮੀਲਪੱਥਰ ਹਾਸਲ ਕੀਤਾ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਕੈਨੇਡੀਅਨ ਫੌਜਾਂ ਦੀਆਂ ਚਾਰ ਡੀਵੀਜ਼ਨਾਂ ਨੇ ਇੱਕਠੇ ਹੋ ਕੇ ਲੜਾਈ ਲੜੀ ਅਤੇ ਜਰਮਨ ਦੀਆਂ ਫੌਜਾਂ ਵਿਰੁੱਧ ਜਿੱਤ ਹਾਸਲ ਕਰਕੇ ਪਹਿਲੀ ਸੰਸਾਰ ਜੰਗ ਦੇ ਖੂਨੀ ਮੁਕਾਮ ਵਿੱਚ ਜਿ਼ਕਰਯੋਗ ਯੋਗਦਾਨ ਪਾਇਆ। ਵਿੱਮੀ ਰਿੱਜ ਦੀ ਲੜਾਈ ਵਿੱਚ ਕੈਨੇਡੀਅਨ ਫੌਜਾਂ ਦਾ ਉਦੇਸ਼ ਜਰਮਨ ਫੌਜਾਂ ਤੋਂ ਉਹ ਥਾਂ ਹਥਿਆਉਣਾ ਸੀ ਜਿੱਥੇ ਉਹ ਉਚਾਈ ਉੱਤੇ ਹੋਣ ਕਾਰਣ ਹਮਲਾਵਰ ਰੁਖ ਅਖਤਿਆਰ ਕਰ ਚੁੱਕੇ ਸਨ। ਇਤਿਹਾਸਕਾਰ ਕੈਨੇਡੀਅਨ ਫੌਜ ਦੀ ਜਿੱਤ ਦਾ ਸਿਹਰਾ ਬਿਹਤਰ ਵਿਉਂਤਬੰਦੀ, ਟੈਕਟੀਕਲ ਪਹੁੰਚ ਅਤੇ ਪੁੱਖਤਾ ਸਿਖਲਾਈ ਵਰਗੇ ਹੁਨਰਾਂ ਨੂੰ ਦੇਂਦੇ ਹਨ। ਇਹ ਪਹਿਲਾ ਮੌਕਾ ਸੀ ਜਿੱਥੇ ਕੈਨੇਡੀਅਨ ਫੌਜਾਂ ਨੂੰ ਇੱਕ ਵੱਖਰੇ ਅਤੇ ਵਿੱਲਖਣ ਸ਼ਕਤੀ ਵਜੋਂ ਮਾਨਤਾ ਹਾਸਲ ਹੋਈ। ਇਸ ਲੜਾਈ ਦੇ ਸੌ ਸਾਲ ਗੁਜ਼ਰ ਜਾਣ ਤੋਂ ਬਾਅਦ ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵਿੱਮੀ ਰਿੱਜ ਲੜਾਈ ਨੂੰ ਸਮ੍ਰਪਿਤ ਸ਼ਤਾਬਦੀ ਸਮਾਗਮਾਂ ਵਿੱਚ ਹਿੱਸਾ ਲੈਣ ਪੁੱਜੇ ਹੋਏ ਹਨ, ਉਸਦੇ ਨਾਲ ਹੀ ਕੈਨੇਡਾ ਦੇ ਬੁੱਧੀਜੀਵੀ ਹਲਕਿਆਂ ਵਿੱਚ ਇਸ ਜੰਗ ਦੀ ਸਾਰਥਕਤਾ ਬਾਰੇ ਬਹਿਸ ਚੱਲ ਰਹੀ ਹੈ।

ਬੁੱਧੀਜੀਵੀਆਂ ਦੀ ਬਹਿਸ ਦੇ ਕਈ ਪੱਖ ਹੋ ਸਕਦੇ ਹਨ ਲੇਕਿਨ ਕੁੱਝ ਗੱਲਾਂ ਹਨ ਜਿਹਨਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪਹਿਲੀ ਗੱਲ ਇਹ ਕਿ ਵਿੱਮੀ ਰਿੱਜ ਦੀ ਜਿੱਤ ਕੈਨੇਡਾ ਨੂੰ ਇੱਕ ਮੁਲਕ ਵਜੋਂ ਮਾਣ ਅਤੇ ਮਾਨਤਾ ਪ੍ਰਦਾਨ ਕਰਦੀ ਆਈ ਹੈ ਅਤੇ ਕਰਦੀ ਰਹੇਗੀ। ਮੁਲਕਾਂ ਦੇ ਇਤਿਹਾਸ ਵਿੱਚ ਅਜਿਹੇ ਮੁਕਾਮ ਅਹਿਮੀਅਤ ਰੱਖਦੇ ਹੁੰਦੇ ਹਨ ਜਿਹਨਾਂ ਉੱਤੇ ਦੇਸ਼ ਵਾਸੀ ਇੱਕ ਸਮੂਹ ਵਜੋਂ ਫਖ਼ਰ ਕਰ ਸੱਕਣ। ਜਿਵੇਂ ਕਿ ਜੰਗ ਵਿੱਚ ਸਦਾ ਹੀ ਹੁੰਦਾ ਹੈ, ਕੌਮੀ ਫਖ਼ਰ ਦੀ ਇੱਕ ਵੱਡੀ ਕੀਮਤ ਉਤਾਰਨੀ ਪੈਂਦੀ ਹੈ। ਕੈਨੇਡਾ ਨੇ ਇਸ ਤਿੰਨ ਦਿਨਾਂ ਲੜਾਈ ਵਿੱਚ 3598 ਸਪੁੱਤਰ ਸ਼ਹੀਦ ਅਤੇ 7 ਹਜ਼ਾਰ ਤੋਂ ਵੱਧ ਜਖ਼ਮੀ ਕਰਵਾ ਕੇ ਵੱਡੀ ਕੀਮਤ ਉਤਾਰੀ। ਇਹਨਾਂ ਬਹਾਦਰ ਫੌਜੀਆਂ ਦੀ ਯਾਦ ਵਿੱਚ ਅੱਜ ਝੁਲਾਏ ਜਾਂਦੇ ਝੰਡੇ ਬੇਸ਼ੱਕ ਬਹੁਤ ਚਮਕਦਾਰ ਅਤੇ ਸੋਹਣੇ ਹਨ ਲੇਕਿਨ ਜਿਸ ਵੇਲੇ ਇਹ ਲੋਕ ਜੰਗ ਦੇ ਮੈਦਾਨ ਵਿੱਚ ਭਾਗ ਲੈ ਰਹੇ ਸਨ, ਉਸ ਵੇਲੇ ਇਹਨਾਂ ਦੇ ਕੱਪੜੇ ਪਾਟੇ ਹੋਏ ਸਨ, ਭੁੱਖ ਅਤੇ ਬਿਮਾਰੀ ਨਾਲ ਮੰਦੇ ਹਾਲ ਸਨ ਅਤੇ ਇਹ ਕਿਸੇ ਦੇ ਇਸ਼ਾਰੇ ਉੱਤੇ ਬਿਗਾਨੀ ਜੰਗ ਵਿੱਚ ਆਪਣੀ ਜਾਨ ਖੋ ਦੇਣ ਦਾ ਸੰਤਾਪ ਭੋਗਣ ਵਾਲੇ ਜੀਵ ਸਨ। ਜਰਮਨੀ ਦੀਆਂ ਫੌਜਾਂ ਦੇ ਕਿੰਨੇ ਬੰਦੇ ਮਾਰੇ ਗਏ, ਇਸਦਾ ਬਾਰੇ ਹਾਲੇ ਤੱਕ ਕੋਈ ਗਿਣਤੀ ਨਹੀਂ ਹੋ ਸਕੀ ਹੈ ਸਿਵਾਏ ਇਸਦੇ ਕਿ 4000 ਜਰਮਨ ਫੌਜੀ ਜੰਗੀ ਬੰਦੀ ਬਣਾਏ ਗਏ ਸਨ।

ਅੱਜ ਫਰਾਂਸ ਦਾ ਕੈਨੇਡਾ ਦਾ ਮਿੱਤਰ ਹੈ ਅਤੇ ਜਰਮਨੀ ਵੀ ਕੈਨੇਡਾ ਦਾ ਮਿੱਤਰ ਹੈ। ਇਤਿਹਾਸ ਬਦਲ ਜਾਂਦਾ ਹੈ ਲੇਕਿਨ ਅਣਆਈ ਜੰਗ ਵਿੱਚ ਮਨੁੱਖੀ ਜਾਨਾਂ ਦੇ ਚਲੇ ਜਾਣ ਦਾ ਸਿਲਸਲਾ ਖਤਮ ਨਹੀਂ ਹੁੰਦਾ। ਜੰਗ ਦੇ ਸੋਹਲੇ ਗਾਉਣਾ ਚੰਗਾ ਤਾਂ ਹੀ ਹੋ ਸਕਦਾ ਹੈ ਜੇਕਰ ਜੰਗਾਂ ਤੋਂ ਬਾਅਦ ਸਾਡਾ ਸੰਸਾਰ ਪਹਿਲਾਂ ਨਾਲੋਂ ਬਿਹਤਰ ਹੋ ਗਿਆ ਹੋਵੇ। ਪਹਿਲੀ ਵਿਸ਼ਵ ਜੰਗ ਨੇ ਦੂਜੀ ਵਿਸ਼ਵ ਜੰਗ ਲਈ ਰਾਹ ਖੋਲ ਦਿੱਤਾ ਸੀ। ਦੂਜੀ ਵਿਸ਼ਵ ਜੰਗ ਤੋਂ ਬਾਅਦ ਆਰੰਭ ਹੋਈ ਐਟਮੀ/ਨਿਊਕਲੀਅਰ ਹਥਿਆਰਾਂ ਦੀ ਹੋੜ ਤੋਂ ਲੈ ਕੇ ਮੱਧ ਪੂਰਬ ਅਤੇ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਖਾਨਾਜੰਗੀ ਦਾ ਇੱਕ ਨਾ ਮੁੱਕਣ ਵਾਲਾ ਪਹੀਆ ਗਿੜਦਾ ਹੀ ਆ ਰਿਹਾ ਹੈ।

ਵਿੱਮੀ ਰਿੱਜ ਕੋਲ ਵੱਸਦਾ ਫਰਾਂਸ ਦਾ ਕਸਬਾ Givenchy En-Gohelle ਅੱਜ 2000 ਕੁ ਹਜ਼ਾਰ ਲੋਕਾਂ ਦੀ ਬਸਤੀ ਹੈ ਜਿੱਥੇ ਸ਼ਤਾਬਦੀ ਵਰ੍ਹੇ ਕਾਰਣ ਕੈਨੇਡੀਅਨ ਫੌਜੀਆਂ ਦੇ ਸਨਮਾਨ ਵਿੱਚ 500 ਕੈਨੇਡੀਅਨ ਝੰਡੇ ਝੁਲਾਏ ਗਏ ਹਨ। ਇਸ ਕਸਬੇ ਵਿੱਚ ਇੱਕ ਵਿੱਮੀ ਰਿੱਜ ਮੈਮੋਰੀਅਲ ਸਥਲ ਹੈ ਜਿਸਦਾ ਨਾਮ Canada bereft  ‘ਭਾਵ ਕੈਨੇਡਾ ਹੋਇਆ ਸੱਖਣਾ’ ਹੈ। ਜੰਗ ਦੀ ਮਾਰ ਕਾਰਣ ਪੈਦਾ ਹੋਏ ਕੈਨੇਡੀਅਨ ਸੱਖਣੇਪਣ ਨੂੰ ਸਜੀਵ ਕਰਨ ਲਈ ਮੈਮੋਰੀਅਲ ਦੇ ਹਿੱਸੇ ਵਜੋਂ ਇੱਕ ਔਰਤ ਨੂੰ ਵਿਖਾਇਆ ਗਿਆ ਹੈ ਜੋ ਮੂੰਹ ਨੀਵਾਂ ਕਰਕੇ ਤਲਵਾਰ ਨੂੰ ਭੰਨਦੀ ਵਿਖਾਈ ਗਈ ਹੈ ਅਤੇ ਉਦਾਸੀ ਦੇ ਆਲਮ ਵਿੱਚ ਤੋਪ ਦੇ ਮੂੰਹ ਨੂੰ ਜੈਤੂਨ (Olive) ਦੇ ਪੱਤਿਆਂ ਨਾਲ ਢੱਕ ਰਹੀ ਹੈ। ਜੈਤੂਨ ਦਾ ਪੱਤਾ ਅਮਨ ਦੀ ਪ੍ਰਤੀਕ ਜੋ ਹੁੰਦਾ ਹੈ। ਵਿੱਮੀ ਰਿੱਜ ਦੇ ਸ਼ਤਾਬਦੀ ਵਰ੍ਹੇ ਵਿੱਚ ਸਾਨੂੰ ਜਿੱਥੇ ਬਹਾਦਰ ਕੈਨੇਡੀਅਨ ਫੌਜੀਆਂ ਦੇ ਸਨਮਾਨ ਵਿੱਚ ਸਿਰ ਝੁਕਾਉਣਾ ਬਣਦਾ ਹੈ ਉੱਥੇ ਲਾਜ਼ਮੀ ਬਣਦਾ ਹੈ ਕਿ ਅਸੀਂ ਜਾਣੇ ਅਣਜਾਣੇ ਕਿਸੇ ਕਿਸਮ ਦੀ ਜੰਗ ਦੇ ਸਨਮਾਨ ਵਿੱਚ ਸੋਹਲੇ ਨਾ ਗਾਵੀਏ। ਜੰਗ ਕਿਸੇ ਦੀ ਮਿੱਤਰ ਨਹੀਂ ਹੁੰਦੀ ਅਤੇ ਅਮਨ ਦੇ ਪਹਿਰੇਦਾਰਾਂ ਦਾ ਕੋਈ ਦੁਸ਼ਮਣ ਨਹੀਂ ਹੁੰਦਾ।