ਵਿੰਬਲਡਨ ਦਾ ਟੈਨਿਸ ਤਾਜ ਇਸ ਵਾਰ ਮੁਗੂਰੁਜ਼ਾ ਸਿਰ ਸਜਿਆ

garbine murugza
ਲੰਡਨ, 16 ਜੁਲਾਈ (ਪੋਸਟ ਬਿਊਰੋ)- ਸਪੇਨ ਦੀ ਗਰਬਾਈਨ ਮੁਗੂਰੁਜ਼ਾ ਨੇ ਪੰਜ ਵਾਰੀਆਂ ਦੀ ਸਾਬਕਾ ਚੈਂਪੀਅਨ ਅਮਰੀਕਾ ਦੀ ਵੀਨਸ ਵਿਲੀਅਮਜ਼ ਨੂੰ ਕੱਲ੍ਹ ਇੱਕ ਪਾਸੜ ਮੁਕਾਬਲੇ ‘ਚ 7-5, 6-0 ਨਾਲ ਹਰਾ ਕੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦਾ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਲਿਆ।
ਮੁਗੂਰੁਜ਼ਾ ਨੂੰ ਪਹਿਲੇ ਸੈਟ ਵਿੱਚ ਥੋੜ੍ਹਾ ਸੰਘਰਸ਼ ਕਰਨਾ ਪਿਆ, ਪਰ ਦੂਜੇ ਸੈਟ ਵਿੱਚ ਉਸ ਨੇ 37 ਸਾਲਾ ਵੀਨਸ ਨੂੰ ਪੂਰੀ ਤਰ੍ਹਾਂ ਮਧੋਲ ਕੇ ਰੱਖ ਦਿੱਤਾ। ਮੁਗੁੂਰੁਜ਼ਾ ਦਾ ਇਹ ਦੂਜਾ ਗਰੈਂਡ ਸਲੈਮ ਖਿਤਾਬ ਹੈ। ਇਸ ਤੋਂ ਪਹਿਲਾਂ ਉਸ ਨੇ 2016 ਵਿੱਚ ਫਰੈਂਚ ਓਪਨ ਖਿਤਾਬ ਜਿੱਤਿਆ ਸੀ। ਮੁਗੂਰੁਜ਼ਾ ਨੇ ਸਾਬਕਾ ਨੰਬਰ ਇੱਕ ਖਿਡਾਰਨ ਵੀਨਸ ਨੂੰ ਹਰਾਉਣ ਵਿੱਚ ਇੱਕ ਘੰਟਾ 17 ਮਿੰਟ ਦਾ ਸਮਾਂ ਲਾਇਆ। 14ਵੀਂ ਸੀਡ ਮੁਗੂਰੁਜ਼ਾ ਨੇ ਇਸ ਦੇ ਨਾਲ ਹੀ 10ਵੀਂ ਸੀਡ ਵੀਨਸ ਦਾ ਛੇਵੀਂ ਵਾਰ ਵਿੰਬਲਡਨ ਚੈਂਪੀਅਨ ਬਣਨ ਦਾ ਸੁਫਨਾ ਤੋੜ ਦਿੱਤਾ। ਵੀਨਸ ਅੱਠ ਸਾਲ ਮਗਰੋਂ ਵਿੰਬਲਡਨ ਦਾ ਫਾਈਨਲ ਖੇਡ ਰਹੀ ਸੀ, ਪਰ ਸਪੈਨਿਸ਼ ਖਿਡਾਰਨ ਮੁਗੂਰੁਜ਼ਾ ਦੀ ਸ਼ਾਨਦਾਰ ਖੇਡ ਮੂਹਰੇ ਉਸ ਦੀ ਇੱਕ ਨਾ ਚੱਲੀ।
37 ਸਾਲਾ ਵੀਨਸ ਨੂੰ ਉਸ ਦੇ ਸੈਮੀ ਫਾਈਨਲ ਤੱਕ ਦੇ ਜ਼ਬਰਦਸਤ ਪ੍ਰਦਰਸ਼ਨ ਤੇ ਕਈ ਨੌਜਵਾਨ ਖਿਡਾਰੀਆਂ ਨੂੰ ਹਰਾਉਣ ਕਾਰਨ ਉਸ ਨੂੰ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਜੇ ਵੀਨਸ ਇਹ ਖਿਤਾਬ ਜਿੱਤ ਲੈਂਦੀ ਤਾਂ ਉਹ ਸਭ ਤੋਂ ਵੱਡੀ ਉਮਰ ਦੀ ਵਿੰਬਲਡਨ ਚੈਂਪੀਅਨ ਬਣ ਜਾਂਦੀ, ਪਰ ਮੁਗੂਰੁਜ਼ਾ ਨੇ ਉਸ ਨੂੰ ਮੌਕਾ ਨਹੀਂ ਦਿੱਤਾ। ਵੀਨਸ ਇਸ ਸਾਲ ਦੇ ਸ਼ੁਰੂ ਵਿੱਚ ਆਪਣੀ ਛੋਟੀ ਭੈਣ ਸੇਰੇਨਾ ਵਿਲੀਅਮਜ਼ ਤੋਂ ਹਾਰ ਕੇ ਉਪ ਜੇਤੂ ਰਹੀ ਸੀ ਅਤੇ ਵਿੰਬਲਡਨ ਵਿੱਚ ਵੀ ਉਸ ਨੂੰ ਉਪ ਜੇਤੂ ਰਹਿ ਕੇ ਸਬਰ ਕਰਨਾ ਪਿਆ। ਮੁਗੂਰੁਜ਼ਾ ਸਾਲ 2015 ਦੇ ਵਿੰਬਲਡਨ ਦੇ ਫਾਈਨਲ ਵਿੱਚ ਸੇਰੇਨਾ ਤੋਂ ਹਾਰੀ ਸੀ, ਪਰ ਉਸ ਹਾਰ ਦਾ ਬਦਲਾ ਉਸ ਨੇ ਵੀਨਸ ਨੂੰ ਹਰਾ ਕੇ ਲੈ ਲਿਆ ਹੈ।
ਮੁਗੂਰੁਜ਼ਾ ਇਸ ਜਿੱਤ ਦੇ ਨਾਲ ਹੀ ਜੇਤੂ ਟਰਾਫੀ ਚੁੱਕਣ ਵਾਲੀ ਸਪੇਨ ਦੀ ਦੂਜੀ ਖਿਡਾਰਨ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਪ੍ਰਾਪਤੀ ਕੌਂਚਿਤ ਮਾਰਟੀਨੇਜ ਨੇ ਹਾਸਲ ਕੀਤੀ ਸੀ, ਜਿਸ ਨੇ 1994 ਵਿੱਚ ਮਾਰਟੀਨਾ ਨਵਰਾਤੀਲੋਵਾ ਨੂੰ ਹਰਾਇਆ ਸੀ। ਮਾਰਟੀਨੇਚ ਇਸ ਟੂਰਨਾਮੈਂਟ ਦੌਰਾਨ ਮੁਗੂਰੁਜ਼ਾ ਨੂੰ ਕੋਚਿੰਗ ਦੇ ਰਹੀ ਸੀ। ਦਿਲਚਸਪ ਤੱਥ ਇਹ ਵੀ ਹੈ ਕਿ ਜਦੋਂ ਮਾਰਟੀਨੇਜ ਨੇ ਨਵਰਾਤੀਲੋਵਾ ਨੂੰ ਹਰਾਇਆ ਸੀ ਤਾਂ ਨਵਰਾਤੀਲੋਵਾ ਦੀ ਉਮਰ 37 ਸਾਲ ਸੀ ਤੇ ਹੁਣ ਜਦੋਂ ਮੁਗੂਰੁਜ਼ਾ ਨੇ ਵੀਨਸ ਨੂੰ ਹਰਾਇਆ ਹੈ ਤਾਂ ਵੀਨਸ ਦੀ ਉਮਰ ਵੀ 37 ਸਾਲ ਹੈ।