ਵਿੰਬਲਡਨ ਟੈਨਿਸ: ਐਂਡੀ ਮਰੇ ਦੀ ਸ਼ਾਨਦਾਰ ਸ਼ੁਰੂਆਤ

wimbaldon

ਲੰਡਨ, 3 ਜੁਲਾਈ  (ਪੋਸਟ ਬਿਊਰੋ)- ਵਿਸ਼ਵ ਦੇ ਨੰਬਰ ਇੱਕ ਖਿਡਾਰੀ ਐਂਡੀ ਮਰੇ ਨੇ ਅੱਜ ਤੂਫ਼ਾਨੀ ਸ਼ੁਰੂਆਤ ਕਰਦਿਆਂ ਸੋਮਵਾਰ ਨੂੰ  ਪਹਿਲੇ ਦਿਨ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਦੂਜੇ ਦੌਰ ’ਚ ਪ੍ਰਵੇਸ਼ ਕਰ ਲਿਆ, ਜਦਕਿ ਆਸਟਰੇਲੀਆ ਦਾ ਨਿਕ ਕਿਰਗਿਓਸ ਪਹਿਲੇ ਹੀ ਦੌਰ ’ਚ ਜ਼ਖ਼ਮੀ ਹੋ ਕੇ ਤੀਜੇ ਗਰੈਂਡ ਸਲੈਮ ਵਿੰਬਲਡਨ ਤੋਂ ਬਾਹਰ ਹੋ ਗਿਆ ਹੈ। ਦੂਜਾ ਦਰਜਾ ਰੋਮਾਨੀਆ ਦੀ ਸਿਮੋਨਾ ਹਾਲੇਪ, ਨੌਵੀਂ ਸੀਡ ਜਪਾਨ ਦੇ ਨਿਸ਼ੀਕੋਰੀ ਅਤੇ ਫਰਾਂਸ ਦੇ ਜੋ ਵਿਲਫਰੇਡ ਸੌਂਗਾ ਨੇ ਸੋਮਵਾਰ ਨੂੰ ਆਪਣੇ ਮੈਚ ਜਿੱਤ ਕੇ ਦੂਜੇ ਦੌਰ ’ਚ ਪ੍ਰਵੇਸ਼ ਕਰ ਲਿਆ ਹੈ।

ਇਸ  ਸਾਲ ਆਪਣੀ ਫੌਰਮ ਤੇ ਫਿਟਨੈਸ ਨਾਲ ਜੂਝ ਰਹੇ ਮਰੇ ਨੇ ਆਪਣੇ ਪਸੰਦੀਦਾ ਕੋਰਟ ’ਤੇ ਵਾਪਸੀ  ਕਰਦਿਆਂ ਆਸਾਨ ਜਿੱਤ ਦਰਜ ਕੀਤੀ। ਉਸ ਨੇ ਕਜ਼ਾਖਸਤਾਨ ਦੇ ਅਲੈਗਜ਼ੈਂਡਰ ਬਬਲਿਕ ਨੂੰ 6-1,  6-4, 6-2 ਨਾਲ ਹਰਾਇਆ। ਮਰੇ ਦਾ ਅਗਲਾ ਮੁਕਾਬਲਾ ਹੁਣ ਜਰਮਨੀ ਦੇ ਖਿਡਾਰੀ ਡਸਟਿਨ ਬ੍ਰਾਊਨ  ਨਾਲ ਹੋਵੇਗਾ। 20ਵਾਂ ਦਰਜਾ ਹਾਸਲ ਕਿਰਗਿਓਸ ਫਰਾਂਸ ਦੇ ਡਬਲਜ਼ ਮਾਹਰ ਪਿਏਰੇ ਹਿਊਜ਼ ਹਰਬਰਟ ਤੋਂ ਪਹਿਲੇ ਦੋ ਸੈੱਟ ਹਾਰ ਚੁੱਕਾ ਸੀ ਅਤੇ ਉਸ ਨੂੰ ਆਪਣੇ ਚੂਲ੍ਹੇ ਦੀ ਸੱਟ ਕਾਰਨ ਮੈਚ ਛੱਡਣ ਲਈ ਮਜਬੂਰ ਹੋਣਾ ਪਿਆ। ਕਿਰਗਿਓਸ ਬੀਤੇ ਸਾਲ ਆਖਰੀ 16 ’ਚ ਪਹੁੰਚਿਆ ਸੀ ਅਤੇ ਚੈਂਪੀਅਨ ਬਰਤਾਨੀਆ ਦੇ ਐਂਡੀ ਮਰੇ ਤੋਂ ਹਾਰ ਗਿਆ ਸੀ। ਦੂਜੀ ਸੀਡ ਹਾਲੇਪ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਨਿਊਜ਼ੀਲੈਂਡ ਦੀ ਮਾਰਿਨਾ ਏਰਾਕੋਵਿਚ ਨੂੰ 6-4, 6-1 ਨਾਲ ਮਾਤ ਦਿੱਤੀ। ਫਰੈਂਚ ਓਪਨ ਦੀ ਫਾਈਨਲਿਸਟ ਹਾਲੇਪ ਨੇ ਮੈਚ ’ਚ ਵਿਰੋਧੀ ਖਿਡਾਰੀ ਦੀ ਸਰਵਿਸ ਪੰਜ ਵਾਰੀ ਤੋੜੀ ਅਤੇ ਇੱਕ ਘੰਟੇ 13 ਮਿੰਟ ’ਚ ਮੈਚ ਨਿਬੇੜ ਦਿੱਤਾ। ਜਪਾਨ ਦੇ ਮੋਹਰੀ ਖਿਡਾਰੀ ਨਿਸ਼ੀਕੋਰੀ ਨੇ ਵੀ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲੇ ਦੌਰ ’ਚ ਇਟਲੀ ਦੇ ਮਾਰਕੋ ਸੇਚਿਨਾਤੋ ਨੂੰ 6-2, 6-2, 6-0 ਨਾਲ ਹਰਾ ਦਿੱਤਾ। ਇਸੇ ਵਿਚਾਲੇ ਦੋ ਵਾਰ ਦੇ ਸੈਮੀ ਫਾਈਨਲਿਸਟ ਫਰਾਂਸ ਦੇ ਜੋ ਵਿਲਫਰੇਡ ਸੌਂਗਾ ਨੇ ਸੌਖੀ ਜਿੱਤ ਨਾਲ ਦੂਜੇ ਦੌਰ ’ਚ ਪ੍ਰਵੇਸ਼ ਕੀਤਾ। ਸੌਂਗਾ ਨੇ ਬਰਤਾਨੀਆ ਦੇ ਵਾਈਲਡ ਕਾਰਡ ਧਾਰਕ ਕੈਮਰੂਨ ਨੋਰੀ ਨੂੰ 6-3, 6-2, 6-2 ਨਾਲ ਮਾਤ ਦਿੱਤੀ। 12ਵੀਂ ਸੀਡ ਸੌਂਗਾ ਪਿਛਲੇ ਸਾਲ ਦੂਜੇ ਦੌਰ ’ਚੋਂ ਬਾਹਰ ਹੋ ਗਈ ਸੀ, ਪਰ ਇਸ ਵਾਰ ਪਹਿਲੇ ਦੌਰ ’ਚ ਉਸ ਨੂੰ ਕਿਸੇ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਸੌਂਗਾ ਨੇ ਇੱਕ ਘੰਟਾ 23 ਮਿੰਟ ’ਚ ਮੈਚ ਖ਼ਤਮ ਕੀਤਾ।