ਵਿੰਡਰੱਸ਼ ਇਮੀਗ੍ਰੇਸ਼ਨ ਘੁਟਾਲੇ ਦੇ ਬਾਅਦ ਬ੍ਰਿਟੇਨ ਦੀ ਗ੍ਰਹਿ ਮੰਤਰੀ ਵੱਲੋਂ ਅਸਤੀਫ਼ਾ


ਲੰਦਨ, 30 ਅਪਰੈਲ, (ਪੋਸਟ ਬਿਊਰੋ)- ਬ੍ਰਿਟੇਨ ਦੀ ਵਿਦੇਸ਼ ਮੰਤਰੀ ਅੰਬਰ ਰੂਡ ਨੇ ਅੱਜ ਸੋਮਵਾਰ ਨੂੰ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਉਨ੍ਹਾਂ ਨੇ ਬ੍ਰਿਟੇਨ ਵਿੱਚ ਪ੍ਰਵਾਸੀ ਲੋਕਾਂ ਨਾਲ ਗ਼ਲਤ ਵਿਹਾਰ ਦੇ ਦੋਸ਼ਾਂ ਹੇਠ ਵਿਰੋਧੀ ਧਿਰ ਦੇ ਦਬਾਅ ਪਾਏ ਜਾਣ ਪਿੱਛੋਂ ਅਸਤੀਫ਼ਾ ਦਿਤਾ ਹੈ। ਲੰਮੇ ਸਮੇਂ ਤੋਂ ਬ੍ਰਿਟਿਸ਼ ਨਾਗਰਿਕ ਰਹੇ ਲੋਕਾਂ ਨੂੰ ਗ਼ਲਤ ਤਰੀਕੇ ਨਾਲ ਗ਼ੈਰ-ਕਾਨੂੰਨੀ ਪ੍ਰਵਾਸੀ ਬਣਾਏ ਜਾਣ ਦੇ ਮਾਮਲੇ ਦੀ ਚਰਚਾ ਛਿੜਨ ਮਗਰੋਂ ਅੰਬਰ ਰੂਡ ਨੂੰ ਅਹੁਦਾ ਛੱਡਣਾ ਪਿਆ।
ਵਰਨਣ ਯੋਗ ਹੈ ਕਿ ਅੰਬਰ ਰੂਡ ਨੂੰ ਅੱਜ ਹਾਊਸ ਆਫ਼ ਕਾਮਨਜ਼ ਵਿਚ ਇਕ ਬਿਆਨ ਦੇਣਾ ਸੀ। ਇਹ ਕੇਸ ਉਨ੍ਹਾਂ ਕੈਰੇਬੀਆਈ ਪ੍ਰਵਾਸੀਆਂ ਨਾਲ ਜੁੜਿਆ ਸੀ, ਜਿਨ੍ਹਾਂ ਨੂੰ 1940 ਦੇ ਦਹਾਕੇ ਦੇ ‘ਵਿੰਡਰਸ਼ ਜੈਨਰੇਸ਼ਨ’ ਦੀ ਸਕੀਮ ਮੁਤਾਬਕ ਨਵ ਉਸਾਰੀ ਦੇ ਕੰਮਾਂ ਲਈ ਬ੍ਰਿਟੇਨ ਲਿਆਂਦਾ ਗਿਆ ਸੀ। ਇਹ ਲੋਕ ‘ਵਿੰਡਰੱਸ਼’ ਸਮੁੰਦਰੀ ਜਹਾਜ਼ ਰਾਹੀਂ ਲਿਆਂਦੇ ਹੋਣ ਕਾਰਨ ਉਨਾਂ ਨੂੰ ਵਿੰਡਰੱਸ਼ ਗਰੁੱਪ ਕਿਹਾ ਜਾ ਰਿਹਾ ਹੈ। ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਵੱਲੋਂ ਦੇਸ਼ ਨਿਕਾਲਾ ਟੀਚੇ ਮਿਥਣ ਅਤੇ ਇਸ ਬਾਰੇ ਗ੍ਰਹਿ ਮੰਤਰੀ ਨੂੰ ਜਾਣਕਾਰੀ ਹੋਣ ਬਾਰੇ ਅੰਬਰ ਰੂਡ ਦੀ ਨਿੰਦਾ ਹੋ ਰਹੀ ਸੀ। ਪ੍ਰਧਾਨ ਮੰਤਰੀ ਦਫਤਰ ਦੇ ਬੁਲਾਰੇ ਨੇ ਦਸਿਆ, ‘ਪ੍ਰਧਾਨ ਮੰਤਰੀ ਟੈਰੇਸਾ ਮੇਅ ਨੇ ਐਤਵਾਰ ਰਾਤ ਗ੍ਰਹਿ ਮੰਤਰੀ ਦਾ ਅਸਤੀਫਾ ਸਵੀਕਾਰ ਕਰ ਲਿਆ।’ ਅੰਬਰ ਨੇ ਅਸਤੀਫਾ ਦੇਣ ਦੇ ਅਪਣੇ ਫ਼ੈਸਲੇ ਬਾਰੇ ਟੈਲੀਫੋਨ ਉੱਤੇ ਪ੍ਰਧਾਨ ਮੰਤਰੀ ਨੂੰ ਦੱਸਿਆ ਸੀ।
ਬ੍ਰਿਟਿਸ਼ ਅਖ਼ਬਾਰ ‘ਦੀ ਗਾਰਡੀਅਨ’ ਦੀ ਰੀਪੋਰਟ ਪਿੱਛੋਂ ਇਹ ਮੁੱਦਾ ਗਰਮਾ ਗਿਆ ਸੀ। ਰੀਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕਈ ਦਹਾਕੇ ਪਹਿਲਾਂ ਜਿਹੜੇ ਕੈਰੇਬੀਆਈ ਲੋਕ ਬ੍ਰਿਟੇਨ ਵਿੱਚ ਲਿਆ ਕੇ ਵਸਾਏ ਗਏ ਸਨ, ਉਨ੍ਹਾਂ ਦੀਆਂ ਮੈਡੀਕਲ ਸਹੂਲਤਾਂ ਰੋਕ ਦਿਤੀਆਂ ਗਈਆਂ ਹਨ ਅਤੇ ਉਨ੍ਹਾਂ ਦੀ ਸਥਾਈ ਰਿਹਾਇਸ਼ ਦੀੀ ਕਾਗ਼ਜੀ ਕਾਰਵਾਈ ਪੂਰੀ ਨਾ ਹੋਣ ਕਾਰਨ ਇਸ ਦੇਸ਼ ਛੱਡ ਜਾਣ ਲਈ ਧਮਕਾਇਆ ਜਾ ਰਿਹਾ ਹੈ।