ਵਿਸ਼ਵ ਫੁੱਟਬਾਲ ਕੱਪ: ਸਵਿੱਸ ਟੀਮ ਨੂੰ ਹਰਾ ਕੇ ਸਵੀਡਨ 24 ਸਾਲ ਪਿੱਛੋਂ ਆਖ਼ਰੀ ਅੱਠਾਂ ਵਿੱਚ


* ਇੰਗਲੈਂਡ ਨੇ ਕੋਲੰਬੀਆ ਨੂੰ 4-3 ਨਾਲ ਹਰਾਇਆ
ਸੇਂਟ ਪੀਟਰਸਬਰਗ, 3 ਜੁਲਾਈ, (ਪੋਸਟ ਬਿਊਰੋ)- ਸਵੀਡਨ ਨੇ ਆਪਣੇ ਖਿਡਾਰੀ ਐਮਿਲ ਫੋਰਸਬਰਗ ਦੇ ਇੱਕੋ-ਇੱਕ ਗੋਲ ਦੀ ਮਦਦ ਨਾਲ ਸਵਿਟਜ਼ਰਲੈਂਡ ਨੂੰ 1-0 ਨਾਲ ਹਰਾ ਕੇ 24 ਸਾਲ ਪਿੱਛੋਂ ਫੀਫਾ ਵਿਸ਼ਵ ਕੱਪ ਦੇ ਆਖਰੀ ਅੱਠਾਂ ਵਿੱਚ ਥਾਂ ਬਣਾਈ ਹੈ। ਸੇਂਟ ਪੀਟਰਸਬਰਗ ਸਟੇਡੀਅਮ ਵਿੱਚ ਖੇਡਿਆ ਗਿਆ ਇਹ ਮੁਕਾਬਲਾ ਬੜਾ ਅਕੇਵੇਂ ਭਰਿਆ ਰਿਹਾ ਅਤੇ ਕੋਈ ਵੀ ਟੀਮ ਉਮੀਦ ਮੁਤਾਬਕ ਫੁਟਬਾਲ ਦਾ ਪ੍ਰਦਰਸ਼ਨ ਨਹੀਂ ਕਰ ਸਕੀ।
ਸਵਿਟਜ਼ਰਲੈਂਡ ਦੇ ਮਾਈਕਲ ਲਾਂਗ ਨੂੰ ਇੰਜੁਰੀ ਟਾਈਮ ਵਿੱਚ ਮਾਰਟਿਨ ਓਲਸਨ ਨੂੰ ਧੱਕਾ ਦੇਣ ਦੇ ਕਾਰਨ ਲਾਲ ਕਾਰਡ ਵੇਖਣਾ ਪਿਆ। ਰੈਫਰੀ ਦਾਮਿਰ ਸਕੋਮਿਨਾ ਨੇ ਪੈਨਲਟੀ ਦਾ ਫ਼ੈਸਲਾ ਵੀਡੀਓ ਰੀਵਿਊ ਉੱਤੇ ਛੱਡਿਆ, ਪਰ ਪੈਨਲਟੀ ਖੇਤਰ ਦੇ ਬਾਹਰ ਧੱਕਾ ਦੇਣ ਕਾਰਨ ਸਵੀਡਨ ਦੇ ਖਿਡਾਰੀਆਂ ਦੀ ਮੰਗ ਰੱਦ ਹੋ ਗਈ। ਸਵੀਡਨ ਲਈ ਇਕਲੌਤਾ ਗੋਲ ਦੂਜੇ ਹਾਫ਼ ਵਿੱਚ ਫੋਰਸਬਰਗ ਨੇ ਕੀਤਾ। ਸਵੀਡਨ 1994 ਮਗਰੋਂ ਪਹਿਲੀ ਵਾਰ ਵਿਸ਼ਵ ਕੱਪ ਦੇ ਆਖ਼ਰੀ ਅੱਠਾਂ ਵਿੱਚ ਪਹੁੰਚਿਆ ਹੈ। ਉਸ ਦੇ ਡਿਫੈਂਡਰ ਮਾਈਕਲ ਲਸਟਿਗ ਨੂੰ ਪੀਲਾ ਕਾਰਡ ਮਿਲਿਆ, ਜਿਸ ਕਾਰਨ ਉਹ ਸਮਾਰਾ ਵਿੱਚ ਸ਼ਨਿਚਰਵਾਰ ਨੂੰ ਕੁਆਰਟਰ ਫਾਈਨਲ ਨਹੀਂ ਖੇਡ ਸਕੇਗਾ।
ਰੂਸ ਦੇ ਇੱਕ ਹੋਰ ਸ਼ਹਿਰ ਰੋਪਿਨੋ ਵਿੱਚ ਖੇਡੇ ਗਏ ਫੀਫਾ ਵਿਸ਼ਵ ਕੱਪ ਦੇ ਇੱਕ ਮੈਚ ਵਿੱਚ ਮੰਗਲਵਾਰ ਨੂੰ ਆਖਰੀ ਨਾਕਆਊਟ ਮੁਕਾਬਲਾ ਇੰਗਲੈਂਡ ਤੇ ਕੋਲੰਬੀਆ ਵਿਚਾਲੇ ਹੋਇਆ। ਦੋਵੇਂ ਟੀਮਾਂ ਪਹਿਲੇ ਹਾਫ ਵਿੱਚ ਕੋਈ ਗੋਲ ਨਹੀਂ ਕਰ ਸਕੀਆਂ। ਦੂਸਰੇ ਅੱਧ ਦੌਰਾਨ ਇੰਗਲੈਂਡ ਟੀਮ ਵਲੋਂ ਪੇਨਾਲਟੀ ਮਿਲਣ ਉੱਤੇ ਕਪਤਾਨ ਹੈਰੀ ਕੇਨੀ ਨੇ 57ਵੇਂ ਮਿੰਟ ਵਿੱਚ ਗੋਲ ਕਰ ਕੇ ਟੀਮ ਨੂੰ 1-0 ਦੀ ਬੜਤ ਦਿਵਾ ਦਿੱਤੀ। ਸਮਾਂ ਪੂਰਾ ਹੋਣ ਤੱਕ ਲੱਗਦਾ ਸੀ ਕਿ ਇੰਗਲੈਂਡ ਟੀਮ ਇਸ ਮੈਚ ਦੀ ਜੇਤੂ ਹੋ ਜਾਵੇਗੀ, ਪਰ ਇੰਜੁਰੀ ਟਾਈਮ ਵਿੱਚ ਕੋਲੰਬੀਆ ਟੀਮ ਦੇ ਜੈਰੀ ਮਿੰਨਾ ਨੇ ਗੋਲ ਕਰ ਕੇ 1-1 ਨਾਲ ਬਰਾਬਰੀ ਕਰ ਦਿੱਤੀ। ਦੋਵੇਂ ਟੀਮਾਂ ਨੂੰ ਵਾਧੂ 15-15 ਮਿੰਟਾਂ ਸਮਾਂ ਦਿੱਤਾ ਗਿਆ, ਪਰ ਕੋਈ ਟੀਮ ਗੋਲ ਨਾ ਕਰ ਸਕੀ ਤਾਂ ਪੇਨਲਈ ਉੱਤੇ ਗੱਲ ਜਾ ਟਿਕੀ, ਜਿਸ ਵਿੱਚ ਇੰਗਲੈਂਡ ਟੀਮ 4-3 ਨਾਲ ਜੇਤੂ ਰਹੀ।