ਵਿਸ਼ਵ ਫੁੱਟਬਾਲ ਕੱਪ: ਨੇਮਾਰ ਦੀ ਜਾਦੂਮਈ ਖੇਡ ਨਾਲ ਬ੍ਰਾਜ਼ੀਲ ਆਖ਼ਰੀ ਅੱਠਾਂ ਵਿੱਚ ਪੁੱਜਾ


* ਬੈਲਜੀਅਮ ਨੇ ਜਾਪਾਨ ਨੂੰ 3-2 ਨਾਲ ਹਰਾਇਆ
ਸਮਾਰਾ (ਰੂਸ), 2 ਜੁਲਾਈ, (ਪੋਸਟ ਬਿਊਰੋ)- ਵਿਸ਼ਵ ਫੁੱਟਬਲ ਕੱਪ ਦੇ ਲੀਗ ਗੇੜ ਦੇ ਦੌਰਾਨ ਲੈਅ ਹਾਸਲ ਕਰਨ ਲਈ ਜੂਝਦੇ ਰਹੇ ਨੇਮਾਰ ਅਤੇ ਬ੍ਰਾਜ਼ੀਲ ਨੇ ਅੱਜ ਮੈਕਸੀਕੋ ਦੇ ਖ਼ਿਲਾਫ਼ ਅਸਲੀ ਰੰਗ ਵਿਖਾਇਆ ਅਤੇ ਪੰਜ ਵਾਰ ਦੀ ਚੈਂਪੀਅਨ ਟੀਮ ਨੇ 2-0 ਗੋਲਾਂ ਨਾਲ ਜਿੱਤ ਕੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ।
ਅੱਜ ਜਦੋਂ ਨੇਮਾਰ ਦੇ ਪੈਰਾਂ ਦਾ ਜਾਦੂ ਚੱਲਣ ਲੱਗਾ ਤਾਂ ਸਾਬਕਾ ਚੈਂਪੀਅਨ ਜਰਮਨੀ ਨੂੰ ਹਰਾ ਕੇ ਸੁਰਖ਼ੀਆ ਖੱਟਣ ਵਾਲੀ ਮੈਕਸੀਕੋ ਟੀਮ ਦੇ ਕੋਲ ਉਸ ਦਾ ਕੋਈ ਤੋੜ ਨਹੀਂ ਸੀ। ਨੇਮਾਰ ਨੇ 51ਵੇਂ ਮਿੰਟ ਵਿੱਚ ਪਹਿਲਾ ਗੋਲ ਦਾਗ਼ਿਆ, ਜਦ ਕਿ ਰਾਬਰਟੋ ਫਰਮਿੰਗੋ ਨੇ 88ਵੇਂ ਮਿੰਟ ਵਿੱਚ ਬ੍ਰਾਜ਼ੀਲ ਦੀ ਲੀਡ ਦੁੱਗਣੀ ਕਰ ਦਿੱਤੀ। ਬ੍ਰਾਜ਼ੀਲ ਨੇ ਲਗਾਤਾਰ ਸਤਵੀਂ ਵਾਰ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਹੈ, ਮੈਕਸੀਕੋ ਲਗਾਤਾਰ ਸੱਤਵੀਂ ਵਾਰ ਆਖ਼ਰੀ 16 ਤੋਂ ਅੱਗੇ ਨਹੀਂ ਵਧ ਸਕਿਆ।
ਪਹਿਲੇ ਹਾਫ਼ ਦੇ ਆਖ਼ਰੀ 20 ਮਿੰਟਾਂ ਵਿੱਚ ਬ੍ਰਾਜ਼ੀਲ ਭਾਰੂ ਰਿਹਾ ਅਤੇ ਦੂਜੇ ਹਾਫ਼ ਵਿੱਚ ਹਮਲਾਵਰ ਰੁਖ ਕਾਇਮ ਰੱਖਿਆ। ਵਿਲੀਅਨ ਨੇ ਮੈਕਸੀਕੋ ਦੇ ਗੋਲ ਬੌਕਸ ਦੇ ਮੂਹਰੇ ਪਾਸ ਦਿੱਤਾ, ਜਿਸ ਤੋਂ ਗੈਬਰੀਅਲ ਜੀਸਸ ਖੁੰਝ ਗਿਆ, ਪਰ ਨੇਮਾਰ ਨੇ ਫੁਟਬਾਲ ਨੂੰ ਗੋਲ ਵਿੱਚ ਭੇਜਣ ਵਿੱਚ ਗ਼ਲਤੀ ਨਹੀਂ ਕੀਤੀ। ਨੇਮਾਰ ਨੇ ਇਸ ਪਿੱਛੋਂ ਦੂਜਾ ਗੋਲ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਉਹ ਗੋਲ ਬੌਕਸ ਵੱਲ ਅੱਗੇ ਵਧਿਆ ਅਤੇ ਸ਼ਾਟ ਮਾਰਿਆ, ਜਿਸ ਨੂੰ ਗੋਲਕੀਪਰ ਓਚੋਆ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਫਰਮਿੰਗੋ ਤਿਆਰ ਸੀ, ਉਸ ਨੇ ਇਸ ਨੂੰ ਗੋਲ ਵਿੱਚ ਬਦਲ ਦਿੱਤਾ।
ਇਸ ਦੌਰਾਨ ਰੂਸ ਦੇ ਦੂਸਰੇ ਸ਼ਹਿਰ ਰੋਸਤੋਵ ਵਿਚ ਹੋਏ ਮੁਕਾਬਲੇ ਵਿਚ ਬੈਲਜੀਅਮ ਨੇ ਇੰਜਰੀ ਟਾਈਮ ਵਿਚ ਚਾਡਲੀ ਦੇ ਕੀਤੇ ਗੋਲ ਨਾਲ ਜਾਪਾਨ ਨੂੰ ਨਾਕਆਊਟ ਮੈਚ ਵਿਚ 3-2 ਨਾਲ ਹਰਾ ਕੇ ਆਖਰੀ-8 ਵਿਚ ਥਾਂ ਬਣਾ ਲਈ। ਜਾਪਾਨ ਨੇ ਜੇਨਕੀ ਹਾਰਾਗੁਚੀ ਦੇ ਹਾਫ ਟਾਈਮ ਤੋਂ ਬਾਅਦ 48ਵੇਂ ਮਿੰਟ ਵਿਚ ਕੀਤੇ ਗੋਲ ਨਾਲ 1-0 ਦੀ ਬੜ੍ਹਤ ਬਣਾਈ ਸੀ। ਹਾਰਾਗੁਚੀ ਤੋਂ ਪਿੱਛੋਂ ਤਾਕਾਸ਼ੀ ਇਨੂਈ ਨੇ 52ਵੇਂ ਮਿੰਟ ਵਿਚ ਦੂਜਾ ਗੋਲ ਕੀਤਾ। ਬੈਲਜੀਅਮ ਲਈ ਪਹਿਲਾ ਗੋਲ ਜਨ ਵਰਟੇਗਨ ਨੇ 69ਵੇਂ ਮਿੰਟ ਵਿਚ ਗੋਲ ਕੀਤਾ, ਦੂਜਾ ਗੋਲ ਫੇਲੈਨੀ ਨੇ ਤੇ ਤੀਜਾ ਗੋਲ ਚਾਡਲੀ ਨੇ ਕਰ ਦਿੱਤਾ।