ਵਿਸ਼ਵ ਫੁੱਟਬਾਲ ਕੱਪ: ਕ੍ਰੋਏਸ਼ੀਆ ਨੇ ਗਰੁੱਪ ਦੇ ਸਾਰੇ ਮੈਚ ਜਿੱਤ ਕੇ ਅਗਲੇ ਪੜਾਅ ਵਿੱਚ ਪੈਰ ਰੱਖਿਆ


* ਡੈਨਮਾਰਕ ਵੀ ਅਗਲੇ ਗੇੜ ਵਿੱਚ, ਆਸਟਰੇਲੀਆ ਦੀ ਆਸ ਟੁੱਟੀ
ਰੋਸਤੋਵ (ਰੂਸ), 26 ਜੂਨ, (ਪੋਸਟ ਬਿਊਰੋ)- ਰੂਸ ਵਿੱਚ ਖੇਡੇ ਜਾ ਰਹੇ 21ਵੇਂ ਫੀਫਾ ਵਿਸ਼ਵ ਕੱਪ ਵਿਚ ਮੰਗਲਵਾਰ ਨੂੰ ਕ੍ਰੋਏਸ਼ੀਆ ਤੇ ਆਈਸਲੈਂਡ ਵਿਚਾਲੇ ਖੇਡੇ ਗਏ ਮੈਚ ਵਿੱਚ ਇਵਾਨ ਪੇਰੇਸਿਕ ਦੇ ਗੋਲ ਨਾਲ ਕ੍ਰੋਏਸ਼ੀਆ ਨੇ ਆਈਸਲੈਂਡ ਨੂੰ 2-1 ਨਾਲ ਹਰਾ ਦਿੱਤਾ। ਰੋਸਤੋਵ ਸ਼ਹਿਰ ਵਿੱਚ ਇਸ ਮੈਚ ਦੇ 90ਵੇਂ ਮਿੰਟ ਵਿਚ ਇਵਾਨ ਨੇ ਗੋਲ ਕਰ ਕੇ ਟੀਮ ਨੂੰ ਜਿੱਤ ਦਿਵਾਈ। ਇਸ ਨਾਲ ਕ੍ਰੋਏਸ਼ੀਆ ਨੇ ਸ਼ਾਨਦਾਰ ਤਰੀਕੇ ਨਾਲ ਆਪਣੇ ਗਰੁੱਪ ਦੌਰ ਦੇ ਸਾਰੇ ਮੁਕਾਬਲੇ ਜਿੱਤ ਕੇ ਅਗਲੇ ਪਿੜ ਵਿੱਚ ਪੈਰ ਰੱਖਿਆ ਅਤੇ ਇਹ ਟੀਮ ਆਪਣੇ ਗਰੁੱਪ-ਡੀ ਵਿਚ ਪਹਿਲੇ ਸਥਾਨ ਉੱਤੇ ਰਹੀ।
ਦੂਸਰੇ ਸ਼ਹਿਰ ਸੋਚੀ ਦੇ ਫਿਸ਼ਟ ਸਟੇਡੀਅਮ ਵਿਚ ਆਸਟਰੇਲੀਆ ਦੇ ਹਜ਼ਾਰਾਂ ਸਮਰਥਕਾਂ ਨੇ ਆਪਣੀ ਟੀਮ ਵਿਸ਼ਵ ਕੱਪ ਦੇ ਨਾਕਆਊਟ ਵਿਚ ਪੁੱਜਣ ਦੀ ਆਸ ਟੁੱਟਦੀ ਦੇਖੀ। ਗਰੁੱਪ-ਸੀ ਦੇ ਇਸ ਅਹਿਮ ਮੁਕਾਬਲੇ ਵਿੱਚ ਨਾਕਆਊਟ ਗੇੜ ਵਿੱਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਪੇਰੂ ਦੀ ਟੀਮ ਨੇ ਆਸਟਰੇਲੀਆ ਨੂੰ 2-0 ਨਾਲ ਹਰਾ ਕੇ ਆਖ਼ਰੀ 16 ਵਿੱਚ ਜਾ ਸਕਣ ਦੀ ਉਸ ਦੀ ਆਸ ਖਤਮ ਕਰ ਦਿੱਤੀ।
ਲੁਜ਼ਨਿਕੀ ਸਟੇਡੀਅਮ ਵਿੱਚ ਹੋਏ ਤੀਸਰੇ ਮੁਕਾਬਲੇ ਵਿੱਚ ਡੈਨਮਾਰਕ ਨੇ ਵਿਸ਼ਵ ਕੱਪ ਦੇ ਗਰੁੱਪ ‘ਸੀ’ ਮੈਚ ਵਿੱਚ ਪਹਿਲਾਂ ਹੀ ਨਾਕਆਊਟ ਵਿੱਚ ਪਹੁੰਚ ਚੁੱਕੇ ਫਰਾਂਸ ਨਾਲ ਡਰਾਅ ਖੇਡ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ। ਫਰਾਂਸ ਅਤੇ ਡੈਨਮਾਰਕ ਵਿਚਾਲੇ ਖੇਡਿਆ ਗਿਆ ਇਹ ਮੈਚ ਇਸ ਵਿਸ਼ਵ ਕੱਪ ਦਾ ਪਹਿਲਾ ਡਰਾਅ ਮੈਚ ਹੈ। ਫਰਾਂਸ ਦੀ ਟੀਮ ਇਸ ਦੇ ਨਾਲ ਆਪਣੇ ਗਰੁੱਪ ਦੇ ਤਿੰਨ ਮੈਚਾਂ ਵਿੱਚ ਦੋ ਜਿੱਤਾਂ ਅਤੇ ਇੱਕ ਡਰਾਅ ਨਾਲ ਸੱਤ ਨੰਬਰ ਲੈ ਕੇ ਚੋਟੀ ਉੱਤੇ ਰਹੀ। ਡੈਨਮਾਰਕ ਨੇ ਤਿੰਨ ਮੈਚਾਂ ਵਿੱਚ ਇੱਕ ਜਿੱਤ ਅਤੇ ਦੋ ਡਰਾਅ ਨਾਲ ਪੰਜ ਨੰਬਰ ਲੈ ਕੇ ਦੂਜੇ ਸਥਾਨ ਲਿਆ ਹੈ।