ਵਿਸ਼ਵ ਕੱਪ ਫੁੱਟਬਾਲ: ਇੰਗਲੈਂਡ ਨੂੰ ਹਰਾ ਕੇ ਕ੍ਰੋਏਸ਼ੀਆ ਨੇ ਫਾਈਨਲ ਵੱਲ ਕਦਮ ਵਧਾਇਆ


ਮਾਸਕੋ, 11 ਜੁਲਾਈ, (ਪੋਸਟ ਬਿਊਰੋ)- ਰੂਸ ਵਿੱਚ ਚੱਲ ਰਹੇ ਵਿਸ਼ਵ ਫੁੱਟਬਾਲ ਕੱਪ ਵਿੱਚ ਅੱਜ ਬੁੱਧਵਾਰ ਨੂੰ ਖੇਡੇ ਗਏ ਦੂਸਰੇ ਸੈਮੀਫਾਈਨਲ ਮੈਚ ਵਿੱਚ ਕ੍ਰੋਏਸ਼ੀਆ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਣ ਦੀ ਸਫਲਤਾ ਹਾਸਲ ਕੀਤੀ।
ਅੱਜ ਦੇ ਮੈਚ ਵਿੱਚ ਕ੍ਰੋਏਸ਼ੀਆ ਦੇ ਮੰਜੁਕਿਚ ਨੇ 109ਵੇਂ ਮਿੰਟ ਵਿੱਚ ਵਾਧੂ ਸਮੇਂ ਦੌਰਾਨ ਫੈਸਲਾਕੁੰਨ ਗੋਲ ਕੀਤਾ। ਉਸ ਦਾ ਵਿਸ਼ਵ ਕੱਪ ਵਿੱਚ ਇਹ ਦੂਸਰਾ ਗੋਲ ਹੈ। ਇਸ ਤੋਂ ਪਹਿਲਾਂ ਇੰਗਲੈਂਡ ਲਈ ਕਿਰੇਨ ਟ੍ਰਿੱਪੀਅਰ ਨੇ ਫ੍ਰੀ ਕਿੱਕ ਉੱਤੇ ਗੋਲ ਕਰ ਕੇ 1-0 ਦੀ ਬੜ੍ਹਤ ਬਣਾਈ, ਪਰ ਕ੍ਰੋਏਸ਼ੀਆ ਦੇ ਈਵਾਨ ਪੇਰੀਸਿੱਚ ਨੇ 68ਵੇਂ ਮਿੰਟ ਵਿੱਚ ਗੋਲ ਕਰ ਕੇ ਮੈਚ ਨੂੰ ਬਰਾਬਰ ਕਰ ਲਿਆ। ਮੈਚ ਦਾ ਫੈਸਲਾ ਕਰਨ ਲਈ ਮਿਲੇ ਵਾਧੂ ਸਮੇਂ ਵਿੱਚ ਕ੍ਰੋਏਸ਼ੀਆ ਦੀ ਜਿੱਤ ਹੋ ਗਈ। ਪੇਰੀਸਿੱਚ ਲਗਾਤਾਰ 2 ਵਿਸ਼ਵ ਕੱਪ ਵਿੱਚ 2-2 ਗੋਲ ਕਰਨ ਵਾਲਾ ਪਹਿਲਾ ਕ੍ਰੋਏਸ਼ੀਅਨ ਖਿਡਾਰੀ ਹੈ। ਇਸ ਵਿਸ਼ਵ ਕੱਪ ਦੇ ਦੌਰਾਨ ਕ੍ਰੋਏਸ਼ੀਆ ਨੇ ਲਗਾਤਾਰ ਤੀਸਰਾ ਮੈਚ ਐਕਸਟ੍ਰਾ ਟਾਈਮ ਵਿੱਚ ਜਿੱਤਿਆ ਹੈ। ਇਸ ਤੋਂ ਪਹਿਲਾਂ ਉਸ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਡੈੱਨਮਾਰਕ ਅਤੇ ਕੁਆਰਟਰ ਫਾਈਨਲ ਵਿੱਚ ਮੇਜ਼ਬਾਨ ਰੂਸ ਨੂੰ ਏਦਾਂ ਹੀ ਹਰਾਇਆ ਸੀ।