ਵਿਸ਼ੇਸ਼ ਪੀ ਐੱਮ ਐੱਲ ਏ ਅਦਾਲਤ ਨੇ ਮਾਲਿਆ 27 ਅਗਸਤ ਨੂੰ ਤਲਬ ਕਰ ਲਿਆ


ਮੁੰਬਈ, 1 ਜੁਲਾਈ (ਪੋਸਟ ਬਿਊਰੋ)- ਇਥੋਂ ਦੀ ਵਿਸ਼ੇਸ਼ ਪੀ ਐੱਮ ਐੱਲ ਏ (ਮਨੀ ਲਾਂਡਰਿੰਗ ਰੋਕੂ ਐਕਟ) ਅਦਾਲਤ ਨੇ 9000 ਕਰੋੜ ਰੁਪਏ ਤੋਂ ਵੱਧ ਦਾ ਗਬਨ ਕਰ ਕੇ ਵਿਦੇਸ਼ ਭੱਜ ਗਏ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ 27 ਅਗਸਤ ਨੂੰ ਆਪਣੇ ਅੱਗੇ ਪੇਸ਼ ਹੋਣ ਲਈ ਤਲਬ ਕਰ ਲਿਆ ਹੈ।
ਵਿਸ਼ੇਸ਼ ਜੱਜ ਐੱਮ ਐੱਸ ਆਜ਼ਮੀ ਦੀ ਅਦਾਲਤ ਨੇ ਇਹ ਨੋਟਿਸ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਉਸ ਦੇ ਖਿਲਾਫ ‘ਭਗੌੜੇ ਆਰਥਿਕ ਅਪਰਾਧੀ ਆਰਡੀਨੈਂਸ’ ਹੇਠ ਕਾਰਵਾਈ ਕਰਨ ਲਈ ਦਿੱਤੀ ਦਰਖਾਸਤ ਤਹਿਤ ਜਾਰੀ ਕੀਤਾ ਹੈ। ਈ ਡੀ ਨੇ ਪਿਛਲੇ ਦਿਨੀਂ ਇਸ ਕੇਸ ਵਿੱਚ ਮਾਲਿਆ ਖਿਲਾਫ ਦੂਜੀ ਚਾਰਜਸ਼ੀਟ ਦਾਖਲ ਕੀਤੀ ਤੇ 22 ਜੂਨ ਨੂੰ ਇਸ ਸੰਬੰਧੀ ਆਰਥਿਕ ਅਪਰਾਧੀ ਆਰਡੀਨੈਂਸ ਦੀ ਕਾਰਵਾਈ ਲਈ ਅਰਜ਼ੀ ਦਿੱਤੀ ਸੀ। ਇਹ ਪਹਿਲੀ ਵਾਰ ਹੈ ਕਿ ਹਾਲ ਹੀ ਵਿੱਚ ਜਾਰੀ ਕੀਤੇ ਆਰਥਿਕ ਅਪਰਾਧ ਆਰਡੀਨੈਂਸ ਹੇਠ ਕਿਸੇ ਦੋਸ਼ੀ ਖਿਲਾਫ ਕਾਰਵਾਈ ਵਿੱਢੀ ਗਈ ਹੈ।
ਵਰਨਣ ਯੋਗ ਹੈ ਕਿ ਦੇਸ਼ ਵਿੱਚ ਹਾਲ ਹੀ ਵਿੱਚ ਹੋਏ ਅਰਬਾਂ ਰੁਪਿਆਂ ਦੇ ਬੈਂਕ ਘਪਲਿਆਂ ਦੇ ਕਾਰਨ ਸਰਕਾਰ ਨੇ ਇਹ ਆਰਡੀਨੈਂਸ ਲਿਆਂਦਾ ਸੀ। ਇਸ ਦੇ ਨਾਲ ਈ ਡੀ ਨੇ ਮਾਲਿਆ ਦੇ ਕਰੀਬ 12500 ਕਰੋੜ ਰੁਪਏ ਦੇ ਅਸਾਸੇ ਜ਼ਬਤ ਕਰਨ ਦੀ ਮੰਗ ਕੀਤੀ ਹੈ। ਜੇ ਮਾਲਿਆ ਅਦਾਲਤ ਅੱਗੇ ਪੇਸ਼ ਨਹੀਂ ਹੁੰਦਾ ਤਾਂ ਉਸ ਨੂੰ ਆਰਥਿਕ ਭਗੌੜਾ ਐਲਾਨੇ ਜਾਣ ਤੋਂ ਇਲਾਵਾ ਉਸ ਨਾਲ ਜੁੜੇ ਹੋਏ ਅਸਾਸੇ ਜ਼ਬਤ ਕੀਤੇ ਜਾ ਸਕਦੇ ਹਨ।