ਵਿਸ਼ਵ ਬੈਂਕ ਨੇ ਭਾਰਤ ਦੀ ਵਿਕਾਸ ਦਰ ਘਟਣ ਦੀ ਭਵਿੱਖਬਾਣੀ ਕੀਤੀ

world bank
ਵਾਸ਼ਿੰਗਟਨ, 12 ਅਕਤੂਬਰ (ਪੋਸਟ ਬਿਊਰੋ)- ਵਿਸ਼ਵ ਬੈਂਕ ਨੇ ਭਵਿੱਖਬਾਣੀ ਕੀਤੀ ਹੈ ਕਿ ਨੋਟਬੰਦੀ ਅਤੇ ਜੀ ਐਸ ਟੀ ਨਾਲ ਭਾਰਤ ਦੀ ਕੁੱਲ ਘਰੇਲੂ ਉਤਪਾਦਨ (ਜੀ ਡੀ ਪੀ) ਦਰ 2017 ਵਿੱਚ ਘਟ ਕੇ 7.0 ਫੀਸਦੀ ਰਹਿ ਸਕਦੀ ਹੈ, ਇਹ 2015 ਵਿੱਚ 8.6 ਫੀਸਦੀ ਨਿਕਲੀ ਸੀ। ਵਿਸ਼ਵ ਬੈਂਕ ਨੇ ਚਿਤਾਵਨੀ ਦਿੱਤੀ ਹੈ ਕਿ ਅੰਦਰੂਨੀ ਅੜਿੱਕਿਆਂ ਨਾਲ ਪ੍ਰਾਈਵੇਟ ਨਿਵੇਸ਼ ਮੱਠਾ ਰਹਿਣ ਨਾਲ ਦੇਸ਼ ਦੇ ਸੰਭਾਵੀ ਵਿਕਾਸ ਉਤੇ ਅਸਰ ਪੈ ਸਕਦਾ ਹੈ।
ਵਰਨਣ ਯੋਗ ਹੈ ਕਿ ਕੱਲ੍ਹ ਕੌਮਾਂਤਰੀ ਕਰੰਸੀ ਫੰਡ ਨੇ ਵੀ 2017 ਵਿੱਚ ਭਾਰਤ ਦੀ ਵਿਕਾਸ ਦਰ 6.7 ਰਹਿਣ ਦੀ ਭਵਿੱਖਬਾਣੀ ਕੀਤੀ ਸੀ, ਜੋ ਉਸ ਦੇ ਪਿਛਲੇ ਦੋ ਅਨੁਮਾਨਾਂ ਤੋਂ 0.5 ਫੀਸਦੀ ਘੱਟ ਹੈ। ਵਿਸ਼ਵ ਬੈਂਕ ਨੇ ਆਪਣੀ ਛਿਮਾਹੀ ‘ਸਾਊਥ ਏਸ਼ੀਆ ਇਕਨਾਮਿਕ ਫੋਕਸ’ ਰਿਪੋਰਟ ਵਿੱਚ ਕਿਹਾ ਹੈ ਕਿ 1000 ਤੇ 500 ਦੇ ਪੁਰਾਣੇ ਨੋਟ ਵਾਪਸ ਲੈਣ ਕਾਰਨ ਨਾਲ ਖੜੇ ਹੋਏ ਅੜਿੱਕਿਆਂ ਅਤੇ ਜੀ ਐਸ ਟੀ ਕਾਰਨ ਪੈਦਾ ਹੋਈ ਬੇਯਕੀਨੀ ਕਾਰਨ ਭਾਰਤੀ ਆਰਥਿਕਤਾ ਦੀ ਰਫਤਾਰ ਅਸਰ ਅੰਦਾਜ਼ ਹੋਈ ਹੈ। ਉਸ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ 2015 ਵਿੱਚ 8.6 ਫੀਸਦੀ ਰਹੀ ਵਿਕਾਸ ਦਰ ਹੁਣ 2017 ਵਿੱਚ 7.0 ਫੀਸਦੀ ਹੋਣ ਦੀ ਸੰਭਾਵਨਾ ਹੈ। ਪ੍ਰਾਈਵੇਟ ਨਿਵੇਸ਼ ਨਾਲ ਸੰਤੁਲਿਤ ਜਨਤਕ ਖਰਚ ਵਾਲੀਆਂ ਚੰਗੀਆਂ ਨੀਤੀਆਂ ਨਾਲ 2018 ਵਿੱਚ ਵਿਕਾਸ ਦਰ 7.3 ਫੀਸਦੀ ਹੋ ਸਕਦੀ ਹੈ।