ਵਿਸ਼ਵਾਸਘਾਤ

-ਰਾਬਰਟ ਕਲੀਮੈਂਟਸ
ਦੋ ਸਾਲ ਪਹਿਲਾਂ ਹੋਏ ਇਸ ਮਹਾਨ ਵਿਆਹ ਦੀ ਪੂਰੇ ਭਾਰਤ ‘ਚ ਚਰਚਾ ਸੀ। ਇਸ ਵਿਆਹ ਨੂੰ ਮਹਾਗਠਜੋੜ ਦਾ ਨਾਂਅ ਦਿੱਤਾ ਗਿਆ ਸੀ। ਅਸਲ ਵਿੱਚ ਇਹ ਵਿਆਹ ਇੰਨਾ ਜ਼ਬਰਦਸਤ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਇਸ ਨਾਲ ਹਿੱਲ ਗਏ ਸਨ। ਅਚਾਨਕ ਪਿਛਲੇ ਦਿਨੀਂ ਨਿਤੀਸ਼ ਕੁਮਾਰ ਇਸ ਜੁਗਲਬੰਦੀ ‘ਚੋਂ ਬਾਹਰ ਨਿਕਲ ਗਏ ਤੇ ਹਰੇਕ ਉਸ ਆਦਮੀ ਦੀਆਂ ਬਾਹਾਂ ਵਿੱਚ ਜਾਣ ਲੱਗੇ, ਜਿਸ ਨੂੰ ਉਨ੍ਹਾਂ ਨੇ ਅਤੀਤ ਵਿੱਚ ਆਪਣੀ ਆਲੋਚਨਾ ਅਤੇ ਵਿਅੰਗ ਦਾ ਨਿਸ਼ਾਨਾ ਬਣਾਇਆ ਸੀ। ਪ੍ਰਧਾਨ ਮੰਤਰੀ ਮੋਦੀ ਵੀ ਅਜਿਹੇ ਲੋਕਾਂ ਵਿੱਚ ਸ਼ਾਮਲ ਸਨ। ਇਸ ਵਿਆਹ ਵਿੱਚ ‘ਨੂੰਹ’ ਵਰਗੀ ਭੂਮਿਕਾ ਨਿਭਾਉਣ ਵਾਲੇ ਲਾਲੂ ਪ੍ਰਸਾਦ ਦੁਹਾਈ ਦਿੰਦੇ ਰਹਿ ਗਏ ਕਿ ‘ਮੇਰੇ ਨਾਲ ਵਿਸ਼ਵਾਸਘਾਤ ਹੋਇਆ ਹੈ।’
ਅਸੀਂ ਸਾਰੇ ਲੋਕ ਵਿਸ਼ਵਾਸਘਾਤ ਨੂੰ ਨਫਰਤ ਕਰਦੇ ਹਾਂ। ਵਿਸ਼ਵਾਸਘਾਤ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਨੂੰ ਤਾਂ ਪੀੜ ਹੁੰਦੀ ਹੀ ਹੈ, ਅਜਿਹਾ ਧੋਖਾ ਕਰਨ ਵਾਲੇ ਲਈ ਵੀ ਜ਼ਿੰਦਗੀ ਕੋਈ ਸੌਖੀ ਨਹੀਂ ਹੁੰਦੀ, ਕਿਉਂਕਿ ਸਾਰੇ ਲੋਕ ਉਸ ਤੋਂ ਨਫਰਤ ਕਰਦੇ ਹਨ, ਪਰ ਮੈਂ ਵਿਸ਼ਵਾਸਘਾਤ ਦੇ ਵਿਸ਼ੇ ‘ਤੇ ਅੱਜ ਬਹੁਤ ਨੇੜਿਓਂ ਨਜ਼ਰ ਮਾਰਨੀ ਚਾਹੁੰਦਾ ਹਾਂ।
ਕੀ ਵਿਸ਼ਵਾਸਘਾਤ ਅਚਾਨਕ ਹੋ ਜਾਂਦਾ ਹੈ? ਕੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਲਾਲੂ ਨੂੰ ਅਲਵਿਦਾ ਕਹਿਣ ‘ਤੇ ਭਾਰਤ ਨੂੰ ਸਦਮਾ ਪੁੱਜਾ ਹੈ? ਕੀ ਸਿਰਫ ਇੱਕ ਹਫਤਾ ਪਹਿਲਾਂ ਲਾਲੂ ਦੇ ਬੇਟੇ ਨੂੰ ਭਿ੍ਰਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ ਸੀ? ਕੀ ਉਦੋਂ ਉਨ੍ਹਾਂ ਦੇ ਉਪ ਮੁੱਖ ਮੰਤਰੀ ਬੇਟੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ? ਕੀ ਉਸ ਨੇ ਇਹ ਸਨਮਾਨ ਜਨਕ ਕਦਮ ਚੁੱਕਿਆ ਸੀ?
ਫਿਰ ਅਜਿਹੀ ਸਥਿਤੀ ਵਿੱਚ ਨਿਤੀਸ਼ ਕੁਮਾਰ ਸਾਹਮਣੇ ਕੋਈ ਹੋਰ ਬਦਲ ਸੀ? ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਅਸਲ ਵਿੱਚ ਲਾਲੂ ਨੇ ਭਾਜਪਾ ਕੋਲ ਆਪਣੇ ਸੰਦੇਸ਼ ਵਾਹਕ ਭੇਜ ਕੇ ਸਮਰਥਨ ਲੈਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਉਹ ਨਿਤੀਸ਼ ਕੁਮਾਰ ਤੋਂ ਪਿੱਛਾ ਛੁਡਾ ਕੇ ਭਾਜਪਾ ਨਾਲ ਹੱਥ ਮਿਲਾ ਕੇ ਸੱਤਾ ਵਿੱਚ ਆ ਜਾਣ ਤੇ ਲੱਗਦੇ ਹੱਥ ਦੋਸ਼ਾਂ ਤੋਂ ਬਰੀ ਵੀ ਹੋ ਜਾਣ। ਇਸ ਪੂਰੀ ਸਾਜ਼ਿਸ਼ ਤੇ ਭਿ੍ਰਸ਼ਟਾਚਾਰ ਕਾਰਨ ਅਸੀਂ ਨਿਤੀਸ਼ ਨੂੰ ਦੋਸ਼ ਦੇ ਸਕਦੇ ਹਾਂ? ਨਹੀਂ, ਬਿਲਕੁਲ ਨਹੀਂ।
ਅਜਿਹੇ ਕਈ ਵਿਸ਼ਵਾਸਘਾਤ ਹੁੰਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕਈ ਹਫਤਿਆਂ, ਮਹੀਨਿਆਂ ਜਾਂ ਵਰ੍ਹਿਆਂ ਦੇ ਟਕਰਾਅ ਦੀ ਹੱਦ ਹੁੰਦੇ ਹਨ। ਪਤੀ-ਪਤਨੀ ਆਪਸ ਵਿੱਚ ਲੜਦੇ, ਬਹਿਸਦੇ ਰਹਿੰਦੇ ਹਨ। ਜਦੋਂ ਅਚਾਨਕ ਦੋਵਾਂ ‘ਚੋਂ ਇੱਕ ਨੂੰ ਬਾਹਰ ਨਿਕਲਣ ਦਾ ਰਾਹ ਦਿਖਾਈ ਦੇਣ ਲੱਗਦਾ ਹੈ ਤਾਂ ਉਹ ਉਸ ਰਾਹ ‘ਤੇ ਅੱਗੇ ਵਧਣਾ ਸ਼ੁਰੂ ਕਰ ਦਿੰਦਾ ਹੈ। ਉਦੋਂ ਫਿਰ ਦੁਨੀਆ ਪਤੀ ਜਾਂ ਪਤਨੀ ਨੂੰ ਵਿਸ਼ਵਾਸਘਾਤੀ ਦਾ ਨਾਂਅ ਦਿੰਦੀ ਹੈ।
ਅਜਿਹਾ ਕਹਿ ਕੇ ਮੈਂ ਕਿਸੇ ਵੀ ਤਰ੍ਹਾਂ ਵਿਸ਼ਵਾਸਘਾਤ ਦਾ ਗੁਣਗਾਨ ਨਹੀਂ ਕਰ ਰਿਹਾ, ਮੈਂ ਸਿਰਫ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਵਿਸ਼ਵਾਸਘਾਤ ਦੀਆਂ ਕਈ ਸਥਿਤੀਆਂ ਵਾਪਰਨ ਤੋਂ ਟਾਲੀਆਂ ਜਾ ਸਕਦੀਆਂ ਹਨ, ਜੇ ਅਸੀਂ ਸਾਹਮਣੇ ਨਜ਼ਰ ਆ ਰਹੇ ਸੰਕੇਤਾਂ ਨੂੰ ਸਮਾਂ ਰਹਿੰਦਿਆਂ ਪੜ੍ਹਨ ਦੀ ਖੇਚਲ ਕਰੀਏ।
ਜਿਸ ਪਤਨੀ ਨਾਲ ਆਪਣੇ ਘਰ ਵਿੱਚ ਨੌਕਰਾਣੀ ਵਰਗਾ ਸਲੂਕ ਹੁੰਦਾ ਹੋਵੇ, ਜੇ ਉਹ ਕਿਸੇ ਅਜਿਹੇ ਆਦਮੀ ਦੀਆਂ ਬਾਹਾਂ ਵਿੱਚ ਜਾਂਦੀ ਹੈ, ਜਿਹੜਾ ਉਸ ਨੂੰ ਮਾਣ-ਸਨਮਾਨ ਦਿੰਦਾ ਹੋਵੇ ਤਾਂ ਕੀ ਤੁਸੀਂ ਉਸ ਔਰਤ ਨੂੰ ਦੋਸ਼ੀ ਮੰਨੋਗੇ? ਜੇ ਇੱਕ ਪਤਨੀ ਆਪਣੇ ਆਪ ਵਿੱਚ ਇੰਨੀ ਰੁੱਝੀ ਰਹਿੰਦੀ ਹੈ ਕਿ ਉਹ ਪਤੀ ਦੇ ਕਿਸੇ ਦੁੱਖ-ਦਰਦ ਨੂੰ ਸੁਣਨ ਲਈ ਸਮਾਂ ਹੀ ਨਹੀਂ ਕੱਢਦੀ, ਉਸ ਦੀ ਕਿਸੇ ਸਮੱਸਿਆ ਨੂੰ ਨਹੀਂ ਸਮਝਦੀ ਅਤੇ ਅਚਾਨਕ ਇੱਕ ਦਿਨ ਉਸ ਦਾ ਪਤੀ ਆਪਣੀ ਸੈਕਟਰੀ ਨਾਲ ਘਰੋਂ ਭੱਜ ਜਾਂਦਾ ਹੈ ਤਾਂ ਕੀ ਤੁਸੀਂ ਅਜਿਹੇ ਪਤੀ ‘ਤੇ ਦੋਸ਼ ਮੜ੍ਹੋਗੇ?
ਵਿਸ਼ਵਾਸਘਾਤ ਟਾਲੇ ਜਾ ਸਕਦੇ ਹਨ। ਲਾਲੂ ਨੂੰ ਚਾਹੀਦਾ ਸੀ ਕਿ ਆਪਣੇ ਬੇਟੇ ਨੂੰ ਅਸਤੀਫਾ ਦੇਣ ਲਈ ਕਹਿੰਦੇ, ਪਰ ਉਨ੍ਹਾਂ ਨੇ ਸਮਾਂ ਰਹਿੰਦਿਆਂ ਇਹ ਨਹੀਂ ਕੀਤਾ ਤੇ ਹੁਣ ਰੋ-ਰੋ ਕੇ ਦੁਹਾਈ ਦੇ ਰਹੇ ਹਨ ਕਿ ‘‘ਮੇਰੇ ਨਾਲ ਵਿਸ਼ਵਾਸਘਾਤ ਹੋਇਆ ਹੈ।” ਕੀ ਸੱਚਮੁੱਚ ਲਾਲੂ ਨਾਲ ਵਿਸ਼ਵਾਸਘਾਤ ਹੋਇਆ ਹੈ? ਨਹੀਂ, ਬਿਲਕੁਲ ਨਹੀਂ। ਉਂਜ ਹਰੇਕ ਵਿਸ਼ਵਾਸਘਾਤ ਬਾਰੇ ਅਜਿਹਾ ਨਹੀਂ ਕਿਹਾ ਜਾ ਸਕਦਾ, ਪਰ ਜਦੋਂ ਵੀ ਤੁਹਾਨੂੰ ਕੁਝ ਸੰਕੇਤਾਂ ਦਾ ਅਹਿਸਾਸ ਹੋਣ ਲੱਗੇ ਤਾਂ ਆਪਣੇ ਸੰਬੰਧਾਂ ਦੀ ਸਮੀਖਿਆ ਕਰਨ ਵਿੱਚ ਦੇਰ ਨਾ ਕਰੋ, ਨਹੀਂ ਤਾਂ ਤੁਹਾਡੀ ਵੀ ਉਹੀ ਹਾਲਤ ਹੋਵੇਗੀ, ਜੋ ਅੱਜ ਲਾਲੂ ਦੀ ਹੈ, ਜਿਹੜੇ ਨਿਤੀਸ਼ ਨੂੰ ਮੋਦੀ ਨਾਲ ਜਸ਼ਨ ਮਨਾਉਂਦਾ ਦੇਖ ਰਹੇ ਹਨ।
ਵਿਸ਼ਵਾਸਘਾਤ ਦਾ ਬਦਲਾ ਲੈਣ ਦਾ ਸਭ ਤੋਂ ਚੰਗਾ ਤਰੀਕਾ ਇਹੋ ਹੈ ਕਿ ਇਸ ਦੇ ਵਾਪਰਨ ਤੋਂ ਪਹਿਲਾਂ ਹੀ ਇਸ ਦਾ ਰਾਹ ਕੱਟ ਦਿੱਤਾ ਜਾਵੇ। ਕਾਸ਼, ਲਾਲੂ ਨੂੰ ਇਹ ਅਹਿਸਾਸ ਹੋ ਗਿਆ ਹੁੰਦਾ…।