ਵਿਵਾਦਾਂ ਵਿੱਚ ਘਿਰੀ ਭਾਰਤੀ ਮੂਲ ਦੀ ਬ੍ਰਿਟਿਸ਼ ਮੰਤਰੀ ਵੱਲੋਂ ਅਸਤੀਫਾ


ਲੰਡਨ, 8 ਨਵੰਬਰ, (ਪੋਸਟ ਬਿਊਰੋ)- ਇਸਰਾਈਲ ਦੌਰੇ ਕਾਰਨ ਵਿਵਾਦਾਂ ਵਿੱਚ ਘਿਰੀ ਬ੍ਰਿਟੇਨ ਦੀ ਕੌਮਾਂਤਰੀ ਵਿਕਾਸ ਮੰਤਰੀ ਪ੍ਰੀਤੀ ਪਟੇਲ ਨੇ ਪ੍ਰਧਾਨ ਮੰਤਰੀ ਥਰੇਸਾ ਮੇਅ ਨਾਲ ਮੀਟਿੰਗ ਪਿੱਛੋਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਵਰਨਣ ਯੋਗ ਹੈ ਕਿ ਇਸਰਾਈਲ ਵਿਚ ਛੁੱਟੀਆਂ ਕੱਟਣ ਗਈ ਪ੍ਰੀਤੀ ਪਟੇਲ ਵੱਲੋਂ ਵਿਦੇਸ਼ ਮੰਤਰਾਲੇ ਨੂੰ ਦੱਸੇ ਬਿਨਾਂ ਰਾਜਨੀਤਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਅਤੇ ਪ੍ਰਤੀਨਿਧਾਂ ਨਾਲ ਮੀਟਿੰਗਾਂ ਦੀ ਮੁਆਫ਼ੀ ਮੰਗੇ ਜਾਣ ਦੇ ਬਾਅਦ ਵੀ ਉਨ੍ਹਾਂ ਦਾ ਵਿਰੋਧ ਨਹੀਂ ਰੁਕਿਆ ਤੇ ਪ੍ਰਧਾਨ ਮੰਤਰੀ ਨੇ ਪ੍ਰੀਤੀ ਪਟੇਲ ਨੂੰ ਅਫ਼ਰੀਕਾ ਦੌਰੇ ਤੋਂ ਵਾਪਸ ਬੁਲਾ ਲਿਆ ਸੀ।
ਭਾਰਤੀ ਮੂਲ ਦੀ ਬ੍ਰਿਟਿਸ਼ ਮੰਤਰੀ ਪ੍ਰੀਤੀ ਪਟੇਲ ਇਸ ਵੇਲੇ ਯੂਗੰਡਾ ਦੇ ਸਰਕਾਰੀ ਦੌਰੇ ਉੱਤੇ ਗਈ ਹੋਈ ਸੀ, ਜਿਥੋਂ ਉਸ ਨੂੰ ਵਾਪਸ ਬੁਲਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਟੇਲ ਤੋਂ ਪ੍ਰਧਾਨ ਮੰਤਰੀ ਦਫਤਰ ਨੇ ਵਿਦੇਸ਼ ਮੰਤਰਾਲੇ ਨੂੰ ਦੱਸੇ ਬਿਨਾਂ ਇਸਰਾਈਲ ਵਿੱਚ ਕੀਤੀਆਂ ਗਈਆਂ ਦਰਜਨਾਂ ਮੀਟਿੰਗਾਂ ਦਾ ਵੇਰਵਾ ਮੰਗ ਲਿਆ ਹੈ। ਸੂਤਰਾਂ ਅਨੁਸਾਰ 13 ਦਿਨ ਦੀਆਂ ਪਰਿਵਾਰਕ ਛੁੱਟੀਆਂ ਵਿੱਚ ਮਿਸ ਪਟੇਲ ਨੇ ਇਸਰਾਈਲ ਦੇ ਉੱਚ ਅਧਿਕਾਰੀਆਂ ਨਾਲ 12 ਮੀਟਿੰਗਾਂ ਕੀਤੀਆਂ ਸਨ, ਜਿਸ ਵਿਚ ਇਸਰਾਈਲ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੀਟਿੰਗ ਵੀ ਸ਼ਾਮਿਲ ਹੈ।
ਪ੍ਰਧਾਨ ਮੰਤਰੀ ਥਰੇਸਾ ਮੇਅ ਉਂਜ ਵੀ ਆਪਣੇ ਮੰਤਰੀਆਂ ਉੱਤੇ ਲੱਗ ਰਹੇ ਦਿੱਤੇ ਨਵੇਂ ਦੋਸ਼ਾਂ ਤੋਂ ਪ੍ਰੇਸ਼ਾਨ ਦਿੱਸ ਰਹੀ ਹੈ। ਰੱਖਿਆ ਮੰਤਰੀ ਮਾਈਕਲ ਫਾਲਨ ਪਿਛਲੇ ਦਿਨੀਂ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ ਅਤੇ ਡਿਪਟੀ ਪ੍ਰਧਾਨ ਮੰਤਰੀ ਡੈਮੀਅਨ ਸਰੀਨ ਦੇ ਖ਼ਿਲਾਫ਼ ਵੀ ਜਾਂਚ ਚੱਲ ਰਹੀ ਹੈ।