ਵਿਵਾਦਾਂ ਵਿੱਚ ਉਲਝੀ ਫਿਲਮ ‘ਬਲੈਕ ਪ੍ਰਿੰਸ’ ਦੇ ਵਿਰੁੱਧ ਦਿੱਲੀ ਹਾਈ ਕੋਰਟ ਵਿੱਚ ਅਰਜ਼ੀ ਦਾਇਰ

the black prince
ਅੰਮ੍ਰਿਤਸਰ, 6 ਅਗਸਤ (ਪੋਸਟ ਬਿਊਰੋ)- ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੱਤਰ ਪਿ੍ਰੰਸ ਦਲੀਪ ਸਿੰਘ ਦੇ ਜੀਵਨ ‘ਤੇ ਬਣਾਈ ਗਈ ਫਿਲਮ ‘ਬਲੈਕ ਪ੍ਰਿੰਸ’ ਕੱਲ੍ਹ ਉਸ ਵੇਲੇ ਹੋਰ ਵਿਵਾਦਾਂ ਵਿੱਚ ਘਿਰ ਗਈ, ਜਦੋਂ ਇਸ ਫਿਲਮ ਦੇ ਖਿਲਾਫ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਸ਼ਿਕਾਇਤ ਕਰਤਾ ਨੇਂ ਦੋਸ਼ ਲਾਇਆ ਗਿਆ ਕਿ ਫਿਲਮ ਵਿੱਚ ਤੱਥਾਂ ਤੇ ਇਤਿਹਾਸ ਨੂੰ ਤੋੜ-ਮਰੋੜ ਕੇ ਮਹਾਰਾਜਾ ਦਲੀਪ ਸਿੰਘ ਨੂੰ ਕਮਜ਼ੋਰ ਕਿਰਦਾਰ ਵਜੋਂ ਪੇਸ਼ ਕੀਤਾ ਗਿਆ ਹੈ। ਇਹ ਫਿਲਮ ਹਾਲ ਹੀ ਵਿੱਚ ਰਿਲੀਜ਼ ਹੋਈ ਹੈ।
ਦਿੱਲੀ ਹਾਈ ਕੋਰਟ ਵਿੱਚ ਇਹ ਪਟੀਸ਼ਨ ਦਮਨਜੀਤ ਸਿੰਘ ਸੰਧਾਵਾਲੀਆ ਵੱਲੋਂ ਆਪਣੇ ਵਕੀਲ ਰਾਕੇਸ਼ ਮੁੰਜਾਲ, ਅਨੂ ਮਹਿਤਾ ਤੇ ਹੋਰਨਾਂ ਰਾਹੀਂ ਦਾਇਰ ਕੀਤੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਦੀ ਵੰਸ਼ ਨਾਲ ਸੰਬੰਧਤ ਹੋਣ ਦਾ ਦਾਅਵਾ ਕਰਦੇ ਦਮਨਜੀਤ ਸਿੰਘ ਨੇ ਆਖਿਆ ਕਿ ਹਾਈ ਕੋਰਟ ਨੇ ਇਹ ਪਟੀਸ਼ਨ ਮਨਜ਼ੂਰ ਕਰ ਕੇ ਫਿਲਮ ਨਿਰਮਾਤਾ ਬ੍ਰਿਲਸਟਿਨ ਐਂਟਰਟੇਨਮੈਂਟ ਪਾਰਟਨਰ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਰਾਹੀਂ ਇਨ੍ਹਾਂ ਨੂੰ ਚਾਰ ਹਫਤਿਆਂ ਵਿੱਚ ਇਨ੍ਹਾਂ ਦੋਸ਼ਾਂ ਸੰਬੰਧੀ ਆਪਣਾ ਪੱਖ ਰੱਖਣ ਨੂੰ ਕਿਹਾ ਗਿਆ ਹੈ। ਪਟੀਸ਼ਨਰ ਨੇ ਦੋਸ਼ ਲਾਇਆ ਕਿ ਫਿਲਮ ਨਿਰਮਾਤਾ ਟੀਮ ਵੱਲੋਂ ਵਿਸ਼ਵਾਸ ਘਾਤ ਕੀਤਾ ਗਿਆ ਹੈ, ਫਿਲਮ ਵਿੱਚ ਇਤਿਹਾਸਕ ਤੱਥ ਤੋੜ ਮਰੋੜ ਕੇ ਪੇਸ਼ ਕੀਤੇ ਗਏ ਹਨ ਤੇ ਮਹਾਰਾਜਾ ਦਲੀਪ ਸਿੰਘ ਨੂੰ ਕਮਜ਼ੋਰ ਇਨਸਾਨ ਦਿਖਾਇਆ ਗਿਆ ਹੈ। ਦਮਨਦੀਪ ਸਿੰਘ ਨੇ ਆਖਿਆ ਕਿ ਫਿਲਮ ਦੀ ਟੀਮ ਉਨ੍ਹਾਂ ਨਾਲ ਦਸੰਬਰ 2014 ਤੋਂ ਜੁੜੀ ਹੋਈ ਹੈ। ਇਸ ਦੌਰਾਨ ਉਨ੍ਹਾਂ ਨੇ ਮਹਾਰਾਜਾ ਦਲੀਪ ਸਿੰਘ ਦੇ ਪਰਵਾਰ ਅਤੇ ਜੀਵਨ ਸੰਬੰਧੀ ਕਈ ਵਿਸ਼ੇਸ਼ ਜਾਣਕਾਰੀਆਂ ਟੀਮ ਨੂੰ ਦਿੱਤੀਆਂ ਹਨ, ਪਰ ਫਿਲਮ ਵਿੱਚ ਇਨ੍ਹਾਂ ਤੱਥਾਂ ਨੂੰ ਇਤਿਹਾਸਕ ਪੱਖੋਂ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜੀਜੂਦੀਨ ਨੇ ਦਲੀਪ ਸਿੰਘ ‘ਤੇ ਹਮਲਾ ਨਹੀਂ ਕੀਤਾ ਸੀ ਅਤੇ ਨਾ ਉਹ ਪੈਰਿਸ ਵਿੱਚ ਉਸ ਮਿਲਣ ਗਏ ਸਨ। ਠਾਕੁਰ ਸਿੰਘ ਸੰਧਾਵਾਲੀਆ, ਜਿਨ੍ਹਾਂ ਨੂੰ ਮਹਾਰਾਜਾ ਦਲੀਪ ਸਿੰਘ ਨੇ ਬ੍ਰਿਟੇਨ ਦੇ ਖਿਲਾਫ ਮੁਹਿੰਮ ਦਾ ਆਗੂ ਤੇ ਮੁੱਖ ਮੰਤਰੀ ਨਿਯੁਕਤ ਕੀਤਾ ਸੀ, ਦਾ ਕਿਰਦਾਰ ਵੀ ਗਲਤ ਦਿਖਾਇਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਫਿਲਮ ਵਿੱਚ ਤੱਥ ਗਲਤ ਅਤੇ ਤੋੜ-ਮਰੋੜ ਕੇ ਪੇਸ਼ ਕਰਨ ਨਾਲ ਪਰਵਾਰ ਦੀ ਸਾਖ ਨੂੰ ਢਾਹ ਲੱਗੀ ਹੈ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।