ਵਿਵਾਦਤ ਬੀ ਐਸ ਐਫ ਜਵਾਨ ਦੀ ਪਤਨੀ ਨੇ ਅਦਾਲਤ ਕੋਲ ਤਸੱਲੀ ਪ੍ਰਗਟ ਕੀਤੀ

bsf jawaan
ਨਵੀਂ ਦਿੱਲੀ, 16 ਫਰਵਰੀ (ਪੋਸਟ ਬਿਊਰੋ)- ਬੀ ਐਸ ਐਫ ਦੇ ਜਵਾਨ ਤੇਜ ਬਹਾਦਰ ਯਾਦਵ, ਜਿਸ ਨੇ ਸਰਹੱਦ ‘ਤੇ ਜਵਾਨਾਂ ਨੂੰ ਮਿਲਣ ਵਾਲੇ ਖਾਣੇ ਦੀ ਗੁਣਵੱਤਾ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਕੇ ਹੰਗਾਮਾ ਮਚਾ ਦਿੱਤਾ ਸੀ, ਦੀ ਪਤਨੀ ਨੇ ਅਦਾਲਤ ਦੇ ਹੁਕਮ ਉੱਤੇ ਉਸ ਨਾਲ ਮੁਲਾਕਾਤ ਕਰ ਲਈ ਹੈ।
ਯਾਦਵ ਦੀ ਪਤਨੀ ਸ਼ਰਮੀਲਾ ਦੇਵੀ ਨੇ ਮੁਲਾਕਾਤ ਪਿੱਛੋਂ ਕੱਲ੍ਹ ਦਿੱਲੀ ਹਾਈ ਕੋਰਟ ਨੂੰ ਆਪਣੇ ਵਕੀਲ ਦੇ ਰਾਹੀਂ ਦੱਸਿਆ ਕਿ ਉਹ ਆਪਣੇ ਪਤੀ ਦਾ ਹਾਲਚਾਲ ਜਾਣਨ ਪਿੱਛੋਂ ਸੰਤੁਸ਼ਟ ਹੈ। ਜਸਟਿਸ ਜੀ ਐਸ ਸਿਸਤਾਨੀ ਤੇ ਜਸਟਿਸ ਵਿਨੋਦ ਗੋਇਲ ਦੀ ਬੈਂਚ ਨੂੰ ਪਤੀ ਪਤਨੀ ਦੀ ਮੁਲਾਕਾਤ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਬੈਂਚ ਨੇ ਸਰਕਾਰ ਨੂੰ ਨਿਰਦੇਸ਼ ਦਿੱਤਾ ਸੀ ਕਿ ਪਤੀ ਪਤਨੀ ਨੂੰ ਉਸ ਕੈਂਪ ਵਿੱਚ ਮੁਲਾਕਾਤ ਕਰਨ ਤੇ ਦੋ ਦਿਨ ਇਕੱਠੇ ਰਹਿਣ ਦੀ ਇਜ਼ਾਜਤ ਦਿੱਤੀ ਜਾਵੇ, ਜਿਥੇ ਇਸ ਸਮੇਂ ਜਵਾਨ ਤਾਇਨਾਤ ਹੈ। ਸ਼ਰਮੀਲਾ ਦੇਵੀ ਨੇ ਪਤੀ ਨੂੰ ਮਿਲ ਕੇ ਆਉਣ ਪਿੱਛੋਂ ਅਦਾਲਤ ਨੂੰ ਆਪਣੇ ਵਕੀਲ ਰਾਹੀਂ ਦੱਸਿਆ ਹੈ ਕਿ ਹੁਣ ਉਹ ਆਪਣੇ ਵੱਲੋਂ ਦਾਇਰ ਉਸ ਪਟੀਸ਼ਨ ‘ਤੇ ਕਾਰਵਾਈ ਕਰਨ ਲਈ ਦਬਾਅ ਨਹੀਂ ਪਾਉਣਾ ਚਾਹੁੰਦੀ, ਜਿਸ ‘ਚ ਉਸ ਨੇ ਆਪਣੇ ਪਤੀ ਨੂੰ ਲੱਭਣ ਲਈ ਅਦਾਲਤ ਨੂੰ ਗੁਹਾਰ ਲਗਾਈ ਸੀ।