ਵਿਵਾਦਤ ਪੁਲਸ ਅਧਿਕਾਰੀ ਸੁਮੇਧ ਸੈਣੀ ਰਸਮੀ ਵਿਦਾਇਗੀ ਤੋਂ ਬਿਨਾਂ ਸੇਵਾ-ਮੁਕਤ


ਚੰਡੀਗੜ੍ਹ, 1 ਜੁਲਾਈ (ਪੋਸਟ ਬਿਊਰੋ)- ਪਿਛਲੇ ਚੌਤੀ ਸਾਲਾਂ ਵਿੱਚ ਪੰਜਾਬ ਪੁਲਸ ਵਿੱਚ ਹਮੇਸ਼ਾ ਵਿਵਾਦਾਂ ਦਾ ਕੇਂਦਰ ਬਣੇ ਰਹੇ ਡੀ ਜੀ ਪੀ ਪੱਧਰ ਦੇ ਪੁਲਸ ਅਫਸਰ ਸੁਮੇਧ ਸੈਣੀ ਕੱਲ੍ਹ ਸ਼ਨੀਵਾਰ ਨੂੰ ਸੇਵਾ ਮੁਕਤ ਹੋ ਗਏ।
ਵਰਨਣ ਯੋਗ ਹੈ ਕਿ ਇਸ 1982 ਬੈਚ ਦੇ ਆਈ ਪੀ ਐੱਸ ਅਧਿਕਾਰੀ ਨੂੰ ਅਕਾਲੀ-ਭਾਜਪਾ ਸਰਕਾਰ ਨੇ ਰਾਜ ਦੇ ਪੁਲਸ ਮੁਖੀ ਦਾ ਅਹੁਦਾ ਵੀ ਦਿੱਤਾ ਸੀ ਅਤੇ ਬਰਗਾੜੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਗਰੋਂ ਅਕਾਲੀ ਭਾਜਪਾ ਸਰਕਾਰ ਨੂੰ ਹੀ ਸੁਮੇਧ ਸਿੰਘ ਸੈਣੀ ਨੂੰ ਇਸ ਅਹੁਦੇ ਤੋਂ ਹਟਾਉਣਾ ਪਿਆ ਸੀ। ਉਸ ਨੂੰ ਹਟਾ ਕੇ ਅਕਾਲੀ-ਭਾਜਪਾ ਸਰਕਾਰ ਨੇ 25 ਅਕਤੂਬਰ 2015 ਨੂੰ ਇਮਾਨਦਾਰ ਸਮਝੇ ਜਾਂਦੇ 1982 ਬੈਚ ਦੇ ਆਈ ਪੀ ਐੱਸ ਇੱਕ ਹੋਰ ਅਧਿਕਾਰੀ ਸੁਰੇਸ਼ ਅਰੋੜਾ ਨੂੰ ਪੰਜਾਬ ਦੇ ਪੁਲਸ ਮੁਖੀ ਵਜੋਂ ਕਮਾਨ ਸੌਂਪੀ ਸੀ। ਸੁਮੇਧ ਸੈਣੀ 36 ਸਾਲਾਂ ਦੀ ਸੇਵਾ ਨਿਭਾ ਕੇ ਕੱਲ੍ਹ ਕਿਸੇ ਰਸਮੀ ਵਿਦਾਇਗੀ ਤੋਂ ਬਿਨਾਂ ਹੀ ਸੇਵਾਮੁਕਤ ਹੋ ਗਏ।
ਪਿਛਲੇ ਸਾਰੇ ਸਮੇਂ ਦੌਰਾਨ ਸੁਮੇਧ ਸਿੰਘ ਸੈਣੀ ਨਾਲ ਜੁੜਦੇ ਵਿਵਾਦ ਅਤੇ ਘਟਨਾਵਾਂ ਅੱਜ ਤੱਕ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਹ ਗਰਮ ਖਿਆਲੀਆਂ ਦੇ ਵੀ ਨਿਸ਼ਾਨੇ ਉਤੇ ਸਨ ਅਤੇ ਅਗਸਤ 1991 ਵਿੱਚ ਚੰਡੀਗੜ੍ਹ ਦਾ ਐੱਸ ਐੱਸ ਪੀ ਹੁੰਦੇ ਹੋਏ ਉਸ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਵੀ ਹੋਈ ਸੀ। ਇਸ ਬੰਬ ਹਮਲੇ ਵਿੱਚ ਸੈਣੀ ਵਾਲ ਵਾਲ ਬਚ ਗਏ ਸਨ, ਪਰ ਉਨ੍ਹਾਂ ਦੇ ਦੋ ਸੁਰੱਖਿਆ ਗਾਰਡ ਮਾਰੇ ਗਏ ਤੇ ਕਈ ਲੋਕ ਜ਼ਖਮੀ ਹੋਏ ਸਨ। ਸਾਲ 1997 ਵਿੱਚ ਜਦ ਉਹ ਇੱਕ ਨਿੱਜੀ ਦੌਰੇ ‘ਤੇ ਲੰਡਨ ਗਏ ਸਨ ਤਾਂ ਉਦੋਂ ਵੀ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ ਘੜੀ ਗਈ ਸੀ, ਪਰ ਉਥੋਂ ਦੀ ਪੁਲਸ ਨੂੰ ਪਤਾ ਲੱਗ ਗਿਆ ਸੀ ਅਤੇ ਉਦੋਂ ਤੋਂ ਉਨ੍ਹਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਸੀ।
ਸੁਮੇਧ ਸਿੰਘ ਸੈਣੀ ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਪਸੰਦੀਦਾ ਅਫਸਰਾਂ ਵਿੱਚੋਂ ਇੱਕ ਸਨ, ਪਰ ਕੈਪਟਨ ਅਮਰਿੰਦਰ ਸਿੰਘ ਜਦੋਂ ਪੰਜਾਬ ਦੇ ਪਿਛਲੇ ਵਾਰ ਮੁੱਖ ਮੰਤਰੀ ਬਣੇ ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੁਖੀ ਰਵੀ ਸਿੱਧੂ ਕੇਸ ਅਤੇ ਸਿਟੀ ਸੈਂਟਰ ਘੁਟਾਲੇ ਦਾ ਰੌਲਾ ਪਿਆ ਤਾਂ ਕੈਪਟਨ ਨਾਲ ਸੁਮੇਧ ਸਿੰਘ ਸੈਣੀ ਦੇ ਸੰਬੰਧ ਵਿਗੜ ਗਏ ਸਨ। ਉਸ ਤੋਂ ਪਹਿਲਾਂ ਐੱਸ ਐੱਸ ਪੀ ਹੁੰਦਿਆਂ ਸੁਮੇਧ ਸਿੰਘ ਸੈਣੀ ਉੱਤੇ ਇੱਕ ਫੌਜੀ ਕਰਨਲ ਦੀ ਕੁੱਟਮਾਰ ਦਾ ਦੋਸ਼ ਲੱਗਾ ਸੀ, ਜਿਸ ਨਾਲ ਫੌਜ ਤੇ ਪੁਲਸ ਦਾ ਕਾਫੀ ਵਿਵਾਦ ਛਿੜਿਆ ਸੀ। ਲੁਧਿਆਣਾ ਦੇ ਇੱਕ ਉਦਯੋਗਪਤੀ ਦੇ ਕਤਲ ਕੇਸ ਵਾਸਤੇ ਵੀ ਉਹ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਸਨ। ਤਾਜ਼ਾ ਹਾਲਾਤ ਵਿੱਚ ਪੰਜਾਬ ਪੁਲਸ ਵਿੱਚ ਐਕਸਟੈਂਸ਼ਨ ਨਾ ਮਿਲਦੀ ਵੇਖ ਕੇ ਸੁਮੇਧ ਸੈਣੀ ਨੇ ਜੰਮੂ-ਕਸ਼ਮੀਰ ਵਿੱਚ ਪੁਲਸ ਮੁਖੀ ਦਾ ਅਹੁਦਾ ਲੈਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਸਨ। ਪਤਾ ਲੱਗਾ ਹੈ ਕਿ ਜੰਮੂ ਕਸ਼ਮੀਰ ਦੇ ਗਵਰਨਰ ਨੇ ਇਸ ਬਾਰੇ ਪ੍ਰਵਾਨਗੀ ਲਈ ਪੰਜਾਬ ਸਰਕਾਰ ਨੂੰ ਪੱਤਰ ਭੇਜਿਆ ਸੀ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਨ ਓ ਸੀ (ਨੋ ਆਬਜੈਕਸ਼ਨ) ਹੀ ਨਹੀਂ ਦਿੱਤਾ ਸੀ। ਕੁੱਲ ਮਿਲਾ ਕੇ ਸੁਮੇਧ ਸਿੰਘ ਸੈਣੀ ਆਪਣੀ ਸਰਵਿਸ ਦੌਰਾਨ ਵਿਵਾਦਾਂ ਵਿੱਚ ਘਿਰੇ ਰਹੇ ਹਨ। ਸੇਵਾ ਮੁਕਤੀ ਦੇ ਵਕਤ ਉਹ ਪੰਜਾਬ ਪੁਲਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਸੇਵਾਵਾਂ ਦੇ ਰਹੇ ਸਨ।