ਵਿਰੋਧ ਕਰਦੇ ‘ਆਪ’ ਪਾਰਟੀ ਵਿਧਾਇਕ ਗ੍ਰਿਫਤਾਰ, ਕਿਸਾਨਾਂ ਦਾ ਰੋਸ ਮੁਜ਼ਾਹਰਾ ਹੁੰਦਾ ਰਿਹਾ


ਮਾਨਸਾ, 7 ਜਨਵਰੀ, (ਪੋਸਟ ਬਿਊਰੋ)- ਪੰਜਾਬ ਦੇ ਛੋਟੇ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਦਾ ਸਮਾਗਮ ਕਰਨ ਆਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਏਸੇ ਸ਼ਹਿਰ ਦੇ ਦੂਸਰੇ ਹਿੱਸੇ ਵਿੱਚ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕਰਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਤੇ ਵਿਧਾਇਕਾਂ ਅਮਨ ਅਰੋੜਾ, ਨਾਜਰ ਸਿੰਘ ਮਾਨਸ਼ਾਹੀਆ, ਪ੍ਰਿੰਸੀਪਲ ਬੁੱਧ ਰਾਮ, ਪਿਰਮਲ ਸਿੰਘ ਤੇ ਜਗਦੇਵ ਸਿੰਘ ਕਮਾਲੂ ਆਦਿ ਨੂੰ ਪੁਲੀਸ ਨੇ ਅੱਜ ਗ੍ਰਿਫਤਾਰ ਕਰ ਲਿਆ ਅਤੇ ਦੋ ਘੰਟੇ ਬਾਅਦ ਰਿਹਾਅ ਕਰ ਦਿੱਤਾ।
ਪੁਲਸ ਦੀ ਇਸ ਕਾਰਵਾਈ ਤੋਂ ਪਹਿਲਾਂ ਸਥਾਨਕ ਅਰਵਿੰਦ ਨਗਰ ਵਿੱਚ ਸਵੇਰ ਸਮੇਂ ਕੈਪਟਨ ਅਮਰਿੰਦਰ ਸਿੰਘ ਨੂੰ ਕਾਲੀਆਂ ਝੰਡੀਆਂ ਦਿਖਾਉਣ ਲਈ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ‘ਆਪ’ ਪਾਰਟੀ ਦੇ ਵਿਧਾਇਕ ਅਤੇ ਵਰਕਰ ਇਕੱਠੇ ਹੋਏ ਸਨ, ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਕਿਸਾਨ ਕਰਜ਼ਾ ਮੁਆਫੀ ਦਾ ਸਮਾਗਮ ਇੱਕ ਡਰਾਮਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦਾ ਕਰਜ਼ਾ ਮੁਆਫ ਕੀਤਾ ਹੈ, ਉਨ੍ਹਾਂ ਵਿਚੋਂ ਜ਼ਿਆਦਾ ਕਿਸਾਨ ਕਾਂਗਰਸ ਪੱਖੀ ਹਨ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫੀ ਦੀ ਸੂਚੀ ਵਿੱਚ ਕਿਸਾਨਾਂ ਨਾਲ ਮਜ਼ਾਕ ਕਰਦਿਆਂ ਕਈ ਕਿਸਾਨਾਂ ਦੀ 3 ਰੁਪਏ, 7 ਰੁਪਏ, 10 ਰੁਪਏ ਅਤੇ 1000 ਰੁਪਏ ਮੁਆਫੀ ਕੀਤੀ ਗਈ ਹੈ। ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਝੂਠ ਬੋਲ ਕੇ ਲੋਕਾਂ ਨੂੰ ਮੂਰਖ ਬਨਾਉਣ ਦਾ ਯਤਨ ਕਰ ਰਹੇ ਹਨ। ਇਸ ਤੋਂ ਇਲਾਵਾ ਹੋਰ ਆਪ ਪਾਰਟੀ ਵਿਧਾਇਕਾਂ ਨੇ ਵੀ ਇਸ ਦਾ ਵਿਰੋਧ ਕੀਤਾ, ਜਿਸ ਦੇ ਬਾਅਦ ਇਨ੍ਹਾਂ ਆਗੂਆਂ ਅਤੇ ਵਰਕਰਾਂ ਨੇ ਅਨਾਜ ਮੰਡੀ ਵਿੱਚ ਸੂਬਾ ਪੱਧਰੀ ਸਰਕਾਰੀ ਸਮਾਗਮ ਵੱਲ ਜਾਣ ਦੀ ਕੋਸ਼ਿਸ ਕੀਤੀ ਤਾਂ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਤੇ ਬੱਸਾਂ ਵਿੱਚ ਬਿਠਾ ਕੇ ਜੋਗਾ ਥਾਣੇ ਭੇਜ ਦਿੱਤਾ, ਜਿੱਥੋਂ ਬਾਅਦ ਦੁਪਹਿਰ ਛੱਡ ਦਿੱਤਾ ਗਿਆ।
ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਮਾਨਸਾ ਸ਼ਹਿਰ ਵਿੱਚ ਇੱਕ ਰੋਸ ਮੁਜ਼ਾਹਰਾ ਕਰ ਕੇ ਪੰਜਾਬ ਸਰਕਾਰ ਵੱਲੋਂ ਕੋਆਪਰੇਟਿਵ ਸੁਸਾਇਟੀਆਂ ਦੀ ਕਰਜ਼ਾ ਮੁਆਫ਼ੀ ਸਕੀਮ ਤੋਂ ਬਾਹਰ ਧੱਕੇ ਗਏ ਕਿਸਾਨਾਂ ਬਾਰੇ ਆਵਾਜ਼ ਚੁੱਕੀ ਗਈ। ਮਾਨਸਾ ਦੇ ਮਾਲ ਗੋਦਾਮ ਨੇੜੇ ਇੱਕਠੇ ਹੋਣ ਮਗਰੋਂ ਕਿਸਾਨਾਂ ਨੇ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਵੱਲ ਜਾਣ ਦੀ ਕੋਸ਼ਿਸ਼ ਕੀਤੀ, ਪਰ ਪੁਲੀਸ ਨੇ ਰੋਕ ਲਿਆ। ਇਸ ਤੋਂ ਬਾਅਦ ਇਸ ਰੋਸ ਮੁਜ਼ਾਹਰੇ ਨੂੰ ਰੈਲੀ ਵਿੱਚ ਬਦਲ ਦਿੱਤਾ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਲਾਰੇ ਲਾਉਣ ਵਾਲਾ ਮੁੱਖ ਮੰਤਰੀ ਸਾਬਤ ਹੋਇਆ ਹੈ ਅਤੇ ਸਮੁੱਚਾ ਕਰਜ਼ਾ ਮੁਆਫ਼ੀ ਤੋਂ ਮੱਕਰ ਕੇ ਉਸ ਨੇ ਕਰਜ਼ਾ ਮੁਆਫ਼ੀ ਸਕੀਮ ਨੂੰ ਕੋਆਪਰੇਟਿਵ ਸੋਸਾਈਟੀਆਂ ਤੱਕ ਸੀਮਿਤ ਕਰ ਦਿੱਤਾ ਤੇ ਇਸ ਵਿਚੋਂ ਵੀ ਕਿਸਾਨਾਂ ਦੇ ਵੱਡੇ ਹਿੱਸੇ ਨੂੰ ਛੱਡ ਦਿੱਤਾ ਹੈ। ਉਨ੍ਹਾ ਦੋਸ਼ ਲਾਇਆ ਕਿ ਸਰਕਾਰੀ ਪੈਮਾਨੇ ਮੁਤਾਬਕ ਹੱਕਦਾਰ ਬਣਦੇ 1,42,000 ਕਿਸਾਨਾਂ ਵਿੱਚੋ ਅੱਜ ਸਰਕਾਰੀ ਸਮਾਗਮ ਵਿੱਚ ਪੰਜ ਜ਼ਿਲ੍ਹਿਆਂ ਦੇ ਸਿਰਫ 47000 ਨੂੰ ਸੂਚੀ ਵਿੱਚ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਕੁੱਲ ਰਾਹਤ ਰਾਸ਼ੀ 167 ਕਰੋੜ ਮੁਤਾਬਿਕ ਔਸਤ ਰਾਹਤ 35500 ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ 67 ਪ੍ਰਤੀਸ਼ਤ ਹੱਕਦਾਰ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਤੋਂ ਵਾਂਝੇ ਰੱਖਿਆ ਅਤੇ ਬਹੁਤੇ ਥਾਈਂ ਸਰਕਾਰ ਦੇ ਚਹੇਤੇ ਧਨਾਢ ਕਿਸਾਨਾਂ ਨੂੰ ਦੋ-ਦੋ ਲੱਖ ਦੇ ਗੱਫੇ ਦੇ ਦਿੱਤੇ ਹਨ।