ਵਿਰੋਧੀ ਧਿਰ ਵੱਲੋਂ ਟਰੂਡੋ ਨੂੰ ਐਥਿਕਸ ਕਮੇਟੀ ਸਾਹਮਣੇ ਪੇਸ਼ ਹੋਣ ਦੇ ਲਿਆਂਦੇ ਮਤੇ ਨੂੰ ਲਿਬਰਲਾਂ ਨੇ ਦਿੱਤੀ ਭਾਂਜ


ਓਟਵਾ, 9 ਜਨਵਰੀ (ਪੋਸਟ ਬਿਊਰੋ) : ਹਾਊਸ ਆਫ ਕਾਮਨਜ਼ ਐਥਿਕਸ ਕਮੇਟੀ ਦੇ ਲਿਬਰਲ ਐਮਪੀਜ਼ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਐਥਿਕਸ ਕਮੇਟੀ ਸਾਹਮਣੇ ਪੇਸ਼ ਹੋਣ ਲਈ ਲਿਆਂਦੇ ਮਤੇ ਨੂੰ ਭਾਂਜ ਦੇ ਦਿੱਤੀ।
ਹਾਰ ਦਾ ਮੂੰਹ ਵੇਖਣ ਤੋਂ ਬਾਅਦ ਵੀ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਤੋਂ ਆਪਣੇ ਸਵਾਲਾਂ ਦੇ ਜਵਾਬ ਮੰਗਣੇ ਬੰਦ ਨਹੀਂ ਕਰਨਗੇ। ਜਿ਼ਕਰਯੋਗ ਹੈ ਕਿ ਮੰਗਲਵਾਰ ਦੁਪਹਿਰ ਨੂੰ ਐਮਪੀਜ਼ ਨੇ ਓਟਵਾ ਵਿੱਚ ਇੱਕ ਵਿਸੇ਼ਸ਼ ਮੀਟਿੰਗ ਕਰਕੇ ਕੰਜ਼ਰਵੇਟਿਵਾਂ ਵੱਲੋਂ ਕਾਨਫਲਿਕਟ ਆਫ ਇੰਟਰਸਟ ਤੇ ਪ੍ਰਧਾਨ ਮੰਤਰੀ ਵੱਲੋਂ ਪਰਿਵਾਰ ਸਮੇਤ 2016 ਵਿੱਚ ਬਹਾਮਾਸ ਵਿਖੇ ਆਗਾ ਖਾਨ ਦੇ ਨਿਜੀ ਟਾਪੂ ਉੱਤੇ ਮਨਾਈਆਂ ਛੁੱਟੀਆਂ ਸਬੰਧੀ ਐਥਿਕਸ ਕਮਿਸ਼ਨਰ ਦੀ ਰਿਪੋਰਟ ਉੱਤੇ ਚਰਚਾ ਕਰਨ ਲਈ ਟਰੂਡੋ ਨੂੰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ।
ਇਹ ਮੀਟਿੰਗ ਕੰਜ਼ਰਵੇਟਿਵ ਐਥਿਕਸ ਕ੍ਰਿਟਿਕ ਪੀਟਰ ਕੈਂਟ ਦੀ ਬੇਨਤੀ ਉੱਤੇ ਰੱਖੀ ਗਈ ਸੀ। ਪਰ ਦੋਵਾਂ ਪਾਸਿਆਂ ਤੋਂ ਐਮਪੀਜ਼ ਵੱਲੋਂ ਇਹ ਵਿਚਾਰ ਵਟਾਂਦਰਾ ਕੀਤੇ ਜਾਣ ਕਿ ਪ੍ਰਧਾਨ ਮੰਤਰੀ ਨੂੰ ਕਮੇਟੀ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ ਜਾਂ ਨਹੀਂ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਮੀਟਿੰਗ ਵਿੱਚ ਸ਼ਾਮਲ ਕੀਤੇ ਜਾਣ ਸਬੰਧੀ ਵੋਟ ਪੁਆਏ ਗਏ ਪਰ ਕਮੇਟੀ ਵਿੱਚ ਸ਼ਾਮਲ ਛੇ ਲਿਬਰਲ ਐਮਪੀਜ਼ ਵੱਲੋਂ ਇਸ ਮਤੇ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ।
ਲਿਬਰਲਾਂ ਨੇ ਇਹ ਤਰਕ ਦਿੱਤਾ ਕਿ ਟਰੂਡੋ ਪਹਿਲਾਂ ਹੀ ਇਸ ਮਾਮਲੇ ਵਿੱਚ ਆਪਣੀ ਪੂਰੀ ਜਿ਼ੰਮੇਵਾਰੀ ਕਬੂਲ ਚੁੱਕੇ ਹਨ ਤੇ ਹੁਣ ਉਨ੍ਹਾਂ ਤੋਂ ਹੋਰ ਸਵਾਲ ਕਰਨ ਦੀ ਕੋਈ ਲੋੜ ਨਹੀਂ। ਲਿਬਰਲਾਂ ਨੇ ਇਹ ਵੀ ਆਖਿਆ ਕਿ ਬਾਕੀ ਜੇ ਕਿਸੇ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਵਿਰੋਧੀ ਧਿਰ ਨੂੰ ਚਾਹੀਦੇ ਹਨ ਤਾਂ ਉਨ੍ਹਾਂ ਨੂੰ ਟਾਊਨ ਹਾਲ ਟੂਰ ਦੌਰਾਨ ਜਾਂ ਪਾਰਲੀਆਮੈਂਟ ਦੀ ਕਾਰਵਾਈ ਸ਼ੁਰੂ ਹੋਣ ਉੱਤੇ ਪੁੱਛਣੇ ਚਾਹੀਦੇ ਹਨ। ਪਰ ਐਨਡੀਪੀ ਐਮਪੀ ਨਥਾਨ ਕੁਲਨ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਟਾਊਨ ਹਾਲਜ਼ ਤੇ ਪ੍ਰਸ਼ਨ ਕਾਲ ਦੌਰਾਨ ਸਵਾਲ ਪੁੱਛਦੇ ਰਹੇ ਹਾਂ ਪਰ ਸਾਨੂੰ ਕੋਈ ਜਵਾਬ ਨਹੀਂ ਮਿਲ ਰਿਹਾ।