ਵਿਰੋਧੀ ਧਿਰਾਂ ਵੱਲੋਂ ਬਰੈਂਪਟਨ ਦੇ ਐਮਪੀ ਦੀ ਐਥਿਕਸ ਕਮਿਸ਼ਨਰ ਤੋਂ ਜਾਂਚ ਕਰਾਉਣ ਦੀ ਮੰਗ


ਓਟਵਾ, 2 ਅਪਰੈਲ (ਪੋਸਟ ਬਿਊਰੋ) : ਦੋਵਾਂ ਵਿਰੋਧੀ ਧਿਰਾਂ ਵੱਲੋਂ ਫੈਡਰਲ ਐਥਿਕਸ ਕਮਿਸ਼ਨਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਨ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਸਾਲ ਦੇ ਸ਼ੁਰੂ ਵਿੱਚ ਕੀਤੇ ਗਏ ਭਾਰਤ ਦੌਰੇ ਦੌਰਾਨ ਬਰੈਂਪਟਨ ਤੋਂ ਲਿਬਰਲ ਐਮਪੀ ਵੱਲੋਂ ਆਪਣੇ ਕਾਰੋਬਾਰੀ ਸਾਥੀਆਂ ਦੀ ਮਦਦ ਲਈ ਪਾਰਲੀਮਾਨੀ ਨਿਯਮਾਂ ਦੀ ਉਲੰਘਣਾ ਕੀਤੀ ਗਈ ਜਾਂ ਨਹੀਂ।
ਵੀਰਵਾਰ ਨੂੰ ਕੌਨਫਲਿਕਟ ਆਫ ਇੰਟਰਸਟ ਐਂਡ ਐਥਿਕਸ ਕਮਿਸ਼ਨਰ ਮਾਰੀਓ ਡਿਓਨ ਨੂੰ ਭੇਜੀ ਇੱਕ ਚਿੱਠੀ ਵਿੱਚ ਕੰਜ਼ਰਵੇਟਿਵ ਐਮਪੀ ਸਟੇਫਨੀ ਕੁਸੀ ਨੇ ਇਹ ਤਰਕ ਦਿੱਤਾ ਕਿ ਰਾਜ ਗਰੇਵਾਲ ਨੇ ਉਦੋਂ ਹਾਊਸ ਆਫ ਕਾਮਨਜ਼ ਦੇ ਐਥਿਕਸ ਕੋਡ ਦੇ ਦੋ ਸੈਕਸ਼ਨਜ਼ ਤੋੜੇ ਜਦੋਂ ਉਸ ਨੇ ਬਰੈਂਪਟਨ ਕੰਸਟ੍ਰਕਸ਼ਨ ਐਗਜ਼ੈਕਟਿਵ ਯੂਸਫ ਯੈਨੀਲਮੇਜ਼ ਨੂੰ ਦੌਰੇ ਦੌਰਾਨ ਕੈਨੇਡੀਅਨ ਵਫਦ ਦੇ ਨਾਲ ਈਵੈਂਟਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਯੈਨੀਲਮੇਜ਼ ਦੇ ਫੇਸਬੁੱਕ ਪੇਜ ਉੱਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਵਿੱਚ ਉਸ ਨੂੰ ਰਾਜ ਗਰੇਵਾਲ, ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਟਰੂਡੋ ਦੀ ਚੀਫ ਆਫ ਸਟਾਫ ਕੇਟੀ ਟੈੱਲਫੋਰਡ, ਇਨੋਵੇਸ਼ਨ, ਸਾਇੰਸ ਐਂਡ ਇਕਨਾਮਿਕ ਡਿਵੈਲਪਮੈਂਟ ਮੰਤਰੀ ਨਵਦੀਪ ਬੈਂਸ, ਇਨਫਰਾਸਟ੍ਰਕਚਰ ਮੰਤਰੀ ਅਮਰਜੀਤ ਸੋਹੀ ਤੇ ਹੋਰ ਉੱਚ ਅਧਿਕਾਰੀਆਂ ਨਾਲ ਵੇਖਿਆ ਜਾ ਸਕਦਾ ਹੈ। ਅਪਰੈਲ 2017 ਤੋਂ ਬਰੈਂਪਟਨ ਈਸਟ ਤੋਂ ਫਰਸਟ ਟਰਮ ਐਮਪੀ ਰਾਜ ਗਰੇਵਾਲ ਯੇਨੀਲਮੇਜ਼ ਦੀ ਕੰਪਨੀ ਜੇਮੀ ਇੰਕਾਰਪੋਰੇਸ਼ਨ ਲਈ ਕੰਮ ਕਰਦੇ ਹਨ। ਪਿਛਲੇ ਹਫਤੇ ਯੇਨੀਲਮੇਜ਼ ਨੇ ਦੱਸਿਆ ਸੀ ਕਿ ਗਰੇਵਾਲ ਜੋ ਕਿ ਸਾਬਕਾ ਬੇਅ ਸਟਰੀਟ ਲਾਯਰ ਹਨ, ਉਨ੍ਹਾਂ ਦੇ ਪ੍ਰਾਈਵੇਟ ਮਸਲਿਆਂ ਲਈ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਉਂਦੇ ਹਨ ਤੇ ਇਸ ਵਿੱਚ ਫੈਡਰਲ ਸਰਕਾਰ ਸ਼ਾਮਲ ਨਹੀਂ ਹੈ।
ਡਿਓਨ ਨੂੰ ਲਿਖੀ ਚਿੱਠੀ ਵਿੱਚ ਕੁਸੀ ਨੇ ਆਖਿਆ ਕਿ ਇਸ ਤਰ੍ਹਾਂ ਦੀ ਪਹੁੰਚ ਨਾਲ ਯੇਨੀਲਮੇਜ਼ ਨੂੰ ਕੈਨੇਡੀਅਨ ਸਰਕਾਰ ਦੀਆਂ ਕਈ ਅਹਿਮ ਹਸਤੀਆਂ ਨਾਲ ਆਪਣੇ ਕਾਰੋਬਾਰੀ ਆਪਰੇਸ਼ਨਜ਼, ਇਰਾਦੇ ਤੇ ਆਸਾਂ ਸਾਂਝੀਆਂ ਕਰਨ ਦਾ ਮੌਕਾ ਮਿਲ ਗਿਆ। ਇਸ ਤੋਂ ਸਪਸ਼ਟ ਹੈ ਕਿ ਰਾਜ ਗਰੇਵਾਲ ਵੱਲੋਂ ਕੋਡ ਦੀ ਧਾਰਾ 8 ਤੇ 9 ਦੀ ਉਲੰਘਣਾ ਕੀਤੀ ਗਈ। ਇਸ ਉੱਤੇ ਗਰੇਵਾਲ ਨੇ ਮੀਡੀਆ ਨੂੰ ਭੇਜੀ ਈਮੇਲ ਰਾਹੀਂ ਆਖਿਆ ਕਿ ਬਰੈਂਪਟਨ ਈਸਟ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਬਹੁਤ ਹੀ ਮਾਣ ਵਾਲੀ ਗੱਲ ਹੈ ਤੇ ਉਨ੍ਹਾਂ ਐਮਪੀ ਵਜੋਂ ਆਪਣੇ ਆਫਿਸ ਦੇ ਵਸੀਲਿਆਂ ਨੂੰ ਕਦੇ ਵੀ ਜੇਮੀ ਲਈ ਕੰਮ ਕਰਨ ਵਾਸਤੇ ਨਹੀਂ ਵਰਤਿਆ।