ਤੰਬਾਕੂ ਦੀ ਸਮਗਲਿੰਗ ਨਾਲ ਪੱਲਰ ਰਿਹਾ ਹੈ ਸੰਗਠਿਤ ਜੁਰਮ

ਸਰਕਾਰ ਨੂੰ ਲੱਗ ਰਿਹਾ ਹੈ ਕਰੋੜਾਂ ਦਾ ਚੂਨਾ
ਓਟਵਾ, 2 ਅਪਰੈਲ (ਪੋਸਟ ਬਿਊਰੋ) : ਫਰਸਟ ਨੇਸ਼ਨਜ਼ ਟੈਰੇਟਰੀਜ਼ ਉੱਤੇ ਕੁੱਝ ਘੰਟੇ ਬਿਤਾ ਕੇ ਹੀ ਇਹ ਪਤਾ ਲੱਗ ਜਾਂਦਾ ਹੈ ਕਿ ਗੈਰ ਮੂਲਵਾਸੀ ਲੋਕ ਕਿਸ ਤਰ੍ਹਾਂ ਟੈਕਸ ਫਰੀ ਸਿਗਰਟਾਂ ਖਰੀਦਦੇ ਹਨ।
ਫਰਸਟ ਨੇਸ਼ਨਜ਼ ਦੇ ਕੋਲ ਸੰਧੀ ਤਹਿਤ ਇਹ ਅਧਿਕਾਰ ਹਨ ਕਿ ਉਹ ਰਿਜ਼ਰਵਜ਼ ਉੱਤੇ ਟੈਕਸ ਫਰੀ ਸਿਗਰਟਾਂ ਤਿਆਰ ਕਰ ਤੇ ਵੇਚ ਸਕਦੇ ਹਨ। ਕਾਹਨਾਵੇਕ ਗ੍ਰਾਂਡ ਚੀਫ ਜੋਸਫ ਨੌਰਟਨ ਦਾ ਕਹਿਣਾ ਹੈ ਕਿ ਅਸੀਂ ਜੋ ਕਰ ਰਹ ਹਾਂ ਉਹ ਮੁਜਰਮਾਨਾ ਨਹੀਂ ਹੈ। ਇਹ ਸੱਭ ਕਰਨਾ ਸਾਡਾ ਅਧਿਕਾਰ ਹੈ। ਕੈਨੇਡੀਅਨ ਕਾਨੂੰਨ ਤਹਿਤ ਜੇ ਤੁਹਾਡੇ ਕੋਲ ਮੂਲਵਾਸੀ ਵਿਅਕਤੀ ਦਾ ਦਰਜਾ ਨਹੀਂ ਹੈ ਤਾਂ ਟੈਕਸ ਫਰੀ ਸਿਗਰਟ ਖਰੀਦਣਾ ਤੁਹਾਡੇ ਲਈ ਗੈਰਕਾਨੂੰਨੀ ਹੈ।
ਇਨ੍ਹਾਂ ਸਿਗਰਟਾਂ ਉੱਤੇ ਪ੍ਰੋਵਿੰਸ਼ੀਅਲ ਤੇ ਫੈਡਰਲ ਟੈਕਸ ਲਾਏ ਜਾਂਦੇ ਹਨ ਜੋ ਕਿ ਅਕਸਰ ਉਤਪਾਦ ਦੇ ਹਿਸਾਬ ਨਾਲ 70 ਫੀ ਸਦੀ ਬਣਦੇ ਹਨ। ਜਿੱਥੋਂ ਤੱਕ ਓਨਟਾਰੀਓ ਦੇ ਕੁੱਝ ਹਿੱਸਿਆਂ ਵਿੱਚ ਰਹਿਣ ਵਾਲੇ ਸਮੋਕਰਜ਼ ਦੀ ਗੱਲ ਕੀਤੀ ਜਾਵੇ ਤਾਂ 40 ਫੀ ਸਦੀ ਸਸਤੀਆਂ ਸਿਗਰਟਾਂ ਦਾ ਮੋਹ ਨਹੀਂ ਛੱਡ ਸਕਦੇ। ਪੂਰੇ ਟੈਕਸ ਵਾਲੀਆਂ 200 ਸਿਗਰਟਾਂ ਦੇ ਡੱਬੇ ਦੀ ਕੀਮਤ ਕੈਨੇਡਾ ਵਿੱਚ ਬਹੁਤੀਆਂ ਥਾਂਵਾਂ ਉੱਤੇ 100 ਡਾਲਰ ਜਾਂ ਇਸ ਤੋਂ ਵੀ ਵੱਧ ਹੈ। ਪਰ ਰਿਜ਼ਰਵ ਉੱਤੇ ਇਸ ਤਰ੍ਹਾਂ ਦੇ ਡੱਬੇ ਟੈਕਸ ਫਰੀ ਹੋਣ ਕਾਰਨ 15 ਡਾਲਰ ਤੱਕ ਮਿਲ ਜਾਂਦੇ ਹਨ।
ਪੁਲਿਸ ਦਾ ਕਹਿਣਾ ਹੈ ਕਿ ਵਰਜਿਤ ਸਿਗਰਟਾਂ ਅਜਿਹੀ ਗੈਰ ਕਾਨੂੰਨੀ ਇੰਡਸਟਰੀ ਨੂੰ ਪਾਲ ਰਹੀਆਂ ਹਨ ਜਿਹੜੀ ਗੈਰਸੰਗਠਿਤ ਕ੍ਰਾਈਮ ਗਰੁੱਪਜ਼ ਵੱਲੋਂ ਚਲਾਈ ਜਾ ਰਹੀ ਹੈ। ਇਸ ਦਾ ਖਮਿਆਜਾ ਟੈਕਸਦਾਤਾਵਾਂ ਨੂੰ ਕਈ ਬਿਲੀਅਨ ਡਾਲਰ ਵਿੱਚ ਭੁਗਤਣਾ ਪੈਂਦਾ ਹੈ। ਓਪੀਪੀ ਦੇ ਆਰਗੇਨਾਈਜ਼ਡ ਕ੍ਰਾਈਮ ਐਨਫੋਰਸਮੈਂਟ ਬਿਊਰੋ ਦੇ ਮੁਖੀ ਚੀਫ ਸੁਪਰਡੈਂਟ ਜੌਹਨ ਸੁਲੀਵਾਨ ਦਾ ਕਹਿਣਾ ਹੈ ਕਿ ਤੰਬਾਕੂ ਦੇ ਮਾਮਲੇ ਵਿੱਚ ਹੀ ਵੇਖਿਆ ਜਾਵੇ ਤਾਂ ਇਸ ਨਾਲ ਹਰ ਸਾਲ ਇੱਕਲੇ ਓਨਟਾਰੀਓ ਵਿੱਚ ਹੀ ਬਿਲੀਅਨ ਡਾਲਰ ਦੀ ਟੈਕਸ ਚੋਰੀ ਹੁੰਦੀ ਹੈ ਤੇ ਹਰ ਸਾਲ ਕੈਨੇਡਾ ਵਿੱਚ ਦੋ ਤੋਂ ਤਿੰਨ ਬਿਲੀਅਨ ਡਾਲਰ ਟੈਕਸ ਚੋਰੀ ਹੋ ਰਹੀ ਹੈ।
2016 ਵਿੱਚ ਸੁਰੇਤੇ ਡੂ ਕਿਊਬਿਕ ਦੀ ਅਗਵਾਈ ਵਿੱਚ ਕੀਤੀ ਗਈ ਜਾਂਚ ਤੋਂ ਇਹ ਸਾਹਮਣੇ ਆਇਆ ਸੀ ਕਿ ਵਰਜਿਤ ਤੰਬਾਕੂ ਦੇ ਸਬੰਧ ਵਿੱਚ ਸੰਗਠਿਤ ਜੁਰਮ ਕਿਸ ਹੱਦ ਤੱਕ ਵੱਧ ਚੁੱਕਿਆ ਹੈ। ਪ੍ਰੋਜੈਕਟ ਮਿਗੇਲ ਤਹਿਤ ਢਾਈ ਸਾਲ ਤੱਕ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਕਿ ਕਿਸੇ ਤਰ੍ਹਾਂ ਕੱਚਾ ਤੰਬਾਕੂ ਅਮਰੀਕਾ ਵਿੱਚ ਖਰੀਦਿਆ ਜਾਂਦਾ ਹੈ, ਫਿਰ ਸਮਗਲ ਕਰਕੇ ਕੈਨੇਡਾ ਦੇ ਤਿੰਨ ਵੱਖੋ ਵੱਖਰੀਆਂ ਬਾਰਡਰ ਕਰਾਸਿੰਗਜ਼ ਰਾਹੀਂ ਲਿਆਂਦਾ ਜਾਂਦਾ ਹੈ ਤੇ ਓਨਟਾਰੀਓ ਤੇ ਕਿਊਬਿਕ ਵਿੱਚ ਸਥਿਤ ਫਰਸਟ ਨੇਸ਼ਨਜ਼ ਰਿਜ਼ਰਵਜ਼ ਦੇ ਸਿਗਰਟ ਮੈਨੂਫੈਕਚਰਿੰਗ ਪਲਾਂਟਸ ਉੱਤੇ ਇਸ ਤੋਂ ਸਿਗਰਟਾਂ ਤਿਆਰ ਕਰਕੇ ਵੇਚੀਆਂ ਜਾਂਦੀਆਂ ਹਨ। ਲੈਫਟੀਨੈਟ ਪੈਟ੍ਰਿਕ ਕੌਨਡਨ ਨੇ ਦੱਸਿਆ ਕਿ ਜਾਂਚ ਵਿੱਚ ਪਾਇਆ ਗਿਆ ਕਿ 158 ਟਰੱਕ ਭਰ ਕੇ ਕੱਚੇ ਤੰਬਾਕੂ ਦੇ ਕੈਨੇਡਾ ਵਿੱਚ ਸਮਗਲ ਕੀਤੇ ਗਏ। ਇਨ੍ਹਾਂ ਤੋਂ ਸੰਗਠਿਤ ਜੁਰਮ ਵਿੱਚ ਲਿਪਤ ਲੋਕਾਂ ਨੂੰ ਮਣਾ ਮੂੰਹੀ ਮੁਨਾਫਾ ਹੋਇਆ।
ਅਮਰੀਕਾ ਵਿੱਚ ਤੰਬਾਕੂ ਦਾ ਪੂਰਾ ਟਰੱਕ 80,000 ਡਾਲਰ ਦਾ ਮਿਲ ਜਾਂਦਾ ਹੈ ਤੇ ਜੇ ਤੁਸੀਂ ਉਸ ਨੂੰ ਕੈਨੇਡਾ ਵਿੱਚ ਸਮਗਲ ਕਰਨ ਵਿੱਚ ਕਾਮਯਾਬ ਹੋ ਜਾਂਦੇ ਹੋਂ ਤਾਂ ਤੁਸੀਂ ਇਸ ਨੂੰ 300,000 ਡਾਲਰ ਦਾ ਵੇਚ ਸਕਦੇ ਹੋਂ। ਇਹ ਇੱਕ ਟਰੱਕ ਦੀ ਕਮਾਈ ਹੈ। ਉਨ੍ਹਾਂ ਆਖਿਆ ਕਿ ਸਬੂਤਾਂ ਤੋਂ ਸਾਹਮਣੇ ਆਇਆ ਹੈ ਕਿ ਉਹ ਇਸ ਰਾਹੀਂ 30 ਮਿਲੀਅਨ ਦਾ ਮੁਨਾਫਾ ਦੋ ਸਾਲ ਵਿੱਚ ਕਮਾ ਚੁੱਕੇ ਹਨ।